ਗੰਜਿਆਂ ਨੂੰ ਕੰਘੀਆਂ ਤੇ ਅੰਨ੍ਹਿਆਂ ਨੂੰ ਚਸ਼ਮੇ!

ਸਾਹਿਤ ਪੰਜਾਬ

ਗੰਜਿਆਂ ਨੂੰ ਕੰਘੀਆਂ ਤੇ ਅੰਨ੍ਹਿਆਂ ਨੂੰ ਚਸ਼ਮੇ!

ਪਿਆਰ, ਜੰਗ ਤੇ ਸਿਆਸਤ ਵਿੱਚ ਕੋਈ ਕਿਸੇ ਦਾ ਪੱਕਾ ਦੁਸ਼ਮਣ ਨਹੀਂ ਹੁੰਦਾ। ਹੁਣ ਧਰਮ ਵੀ ਇਸ ਵਿੱਚ ਸ਼ਾਮਲ ਹੋ ਗਿਆ ਹੈ। ਸੰਪਰਦਾਇਕਤਾ ਨੇ ਧਰਮ ਨੂੰ ਜੰਗ ਦਾ ਮੈਦਾਨ ਬਣਾ ਦਿੱਤਾ ਹੈ। ਧਾਰਮਿਕ ਸੰਸਥਾਵਾਂ ਉੱਤੇ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਕਬਜ਼ਾ ਹੋ ਗਿਆ ਹੈ ਅਤੇ ਲੋਕਾਂ ਦੀ ਅੰਨ੍ਹੀ ਸ਼ਰਧਾ ਉਹਨਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ।
ਧਰਮ ਦੇ ਨਾਂ ’ਤੇ ਤੁਸੀਂ ਕੋਈ ਵੀ ਪਖੰਡ ਕਰ ਸਕਦੇ ਹੋ, ਤੁਸੀਂ ਮੁਨਾਫ਼ੇ ਵਿੱਚ ਰਹੋਗੇ। ਜਦੋਂ ਧਰਮ ਮੁਨਾਫ਼ੇ ਦਾ ਧੰਦਾ ਬਣ ਜਾਵੇ ਤਾਂ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਉਹ ਧਾਰਮਿਕ ਸਥਾਨਾਂ ਉੱਤੇ ਆਪਣੀ ਖੂਨ-ਪਸੀਨੇ ਦੀ ਕਮਾਈ ਕਿਉਂ ਲੁਟਾ ਰਹੇ ਹਨ।
ਸੱਚ ਇਹ ਹੈ ਕਿ ਮਨੁੱਖ ਨੇ ਬੀਜਿਆ ਹੀ ਵੱਢਣਾ ਹੁੰਦਾ ਹੈ। ਜੰਮਣਾ, ਜਿਉਣਾ ਤੇ ਮਰਨਾ ਇਹ ਜੀਵਨ ਦੀ ਤਿਕੋਣੀ ਹੈ। ਜਿਉਣਾ ਸਾਡੇ ਹੱਥ ਵੱਸ ਹੈ। ਬਾਕੀ ਕੁਝ ਨਹੀਂ।
ਸਮਾਜ ਵਿੱਚ ਆਰਥਿਕ, ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਕਾਣੀ ਵੰਡ ਨੇ ਮਨੁੱਖ ਨੂੰ ਮਨੁੱਖ ਨਾਲੋਂ ਦੂਰ ਕਰ ਦਿੱਤਾ ਹੈ। ਜੁਗਾਂ-ਜੁਗਾਂ ਤੋਂ ਬੜੇ ਦਾਨਿਸ਼ਵਰ ਲੋਕ ਆਏ। ਉਹਨਾਂ ਨੇ ਲੋਕਾਈ ਨੂੰ ਜਾਗ੍ਰਿਤ ਕਰਨ ਲਈ ਹਰ ਯਤਨ ਕੀਤਾ, ਪਰ ਲੋਕ ਨਹੀਂ ਸਮਝੇ। ਉਹ ਧਰਮ, ਨਸਲ, ਜਾਤਾਂ ਤੇ ਫ਼ਿਰਕਿਆਂ ਵਿੱਚ ਵੰਡੇ ਗਏ।
1947 ਦਾ ਉਜਾੜਾ ਰਾਜਨੀਤਿਕ ਸੀ। ਆਮ ਲੋਕਾਂ ਨੇ ਦੇਸ਼ ਵੰਡ ਦੀ ਮੰਗ ਨਹੀਂ ਕੀਤੀ ਸੀ। ਵੰਡ ਦਾ ਫ਼ੈਸਲਾ ਸਿਆਸੀ ਆਗੂਆਂ ਅਤੇ ਬਰਤਾਨਵੀ ਹਕੂਮਤ ਦੀਆਂ ਰਾਜਨੀਤਿਕ ਪ੍ਰਕਿਰਿਆਵਾਂ ਰਾਹੀਂ ਹੋਇਆ। ਲੋਕ ਉਜੜੇ—ਤੇ ਉਜੜਦੇ ਹੀ ਰਹੇ। ਦਿੱਲੀ ਤੋਂ ਪਰੇ ਬੈਠੇ ਹਾਕਮਾਂ ਲਈ ਲੋਕਾਂ ਦੇ ਉਜਾੜੇ ਦਾ ਦਰਦ ਅਕਸਰ ਅੰਕੜਿਆਂ ਤੋਂ ਵੱਧ ਨਹੀਂ ਬਣ ਸਕਿਆ। ਵੰਡ ਨੂੰ ਆਜ਼ਾਦੀ ਕਿਹਾ ਗਿਆ, ਪਰ ਲੱਖਾਂ ਲੋਕਾਂ ਦੀਆਂ ਯਾਦਾਂ ਵਿੱਚ ਉਹ ਵੰਡ ਅੱਜ ਵੀ ਇੱਕ ਡੂੰਘਾ ਜ਼ਖ਼ਮ ਹੈ।
ਹੁਣ ਫੇਰ ਦੋਹਾਂ ਪਾਸਿਆਂ ਦੇ ਹਾਕਮਾਂ ਦੀ ਨੂਰਾ-ਕੁਸ਼ਤੀ ਚੱਲਦੀ ਰਹਿੰਦੀ ਹੈ। ਦੋਵੇਂ ਪਾਸਿਆਂ ਦੇ ਪੰਜਾਬ ਦੇ ਲੋਕਾਂ ਦੇ ਸਾਹ ਸੂਤੇ ਰਹਿੰਦੇ ਹਨ। ਹੁਣ ਇਸ ਨੂਰਾ-ਕੁਸ਼ਤੀ ਦਾ ਸੱਚ ਸਾਹਮਣੇ ਆਉਣ ਲੱਗਾ ਹੈ। ਕੋਈ ਨਵਾਂ ਸ਼ੋਸ਼ਾ ਛੱਡਿਆ ਜਾਵੇਗਾ ਤੇ ਪਿਛਲਾ ਭੁਲਾ ਦਿੱਤਾ ਜਾਵੇਗਾ। ਕਿਉਂਕਿ ਅਸੀਂ ਬੜੇ ਭੁਲੱਕੜ ਤੇ ਭੁਮੱਕੜ ਹਾਂ।
ਪੰਜਾਬ ਦੇ ਭੁਮੱਕੜਾਂ ਨੂੰ ਨਜ਼ਰਅੰਦਾਜ਼ ਕਰਕੇ ਦਿੱਲੀ ਤੇ ਯੂਪੀ ਦੇ ਹਾਕਮ ਬਣਾ ਦਿੱਤੇ ਜਾਂਦੇ ਹਨ। ਉਧਰ ਪੰਜਾਬ ਵਿਰੋਧੀ ਤਾਕਤਾਂ ਨੇ ਧਰਮ ਦੀ ਮਿਜ਼ਾਇਲ ਚਲਾ ਦਿੱਤੀ ਹੈ। ਤਖ਼ਤਾਂ ਨੂੰ ਆਪਸ ਵਿੱਚ ਲੜਾ ਦਿੱਤਾ ਗਿਆ ਹੈ। ਹੁਣ ਦੋਵੇਂ ਪਾਸਿਓਂ ਸ਼ਬਦਾਂ ਦੀਆਂ ਮਿਜ਼ਾਇਲਾਂ ਦਾਗੀਆਂ ਜਾ ਰਹੀਆਂ ਹਨ।
ਆਮ ਲੋਕਾਂ ਦੇ ਮਸਲਿਆਂ ਨੂੰ ਪੈਰਾਂ ਹੇਠ ਰੌਂਦਿਆ ਜਾ ਰਿਹਾ ਹੈ। ਆਮ ਲੋਕਾਂ ਨੂੰ ਰੋਟੀ ਦਾ ਫ਼ਿਕਰ ਲੱਗਿਆ ਹੋਇਆ ਹੈ ਤੇ ਇਹਨਾਂ ਵਿਹਲੜਾਂ ਨੂੰ ਇੱਕ-ਦੂਜੇ ਨਾਲ ਲੜਨ ਦਾ ਮੌਕਾ ਮਿਲਿਆ ਹੋਇਆ ਹੈ।
ਦੁਨੀਆਂ ਦੇ ਇਤਿਹਾਸ ਵਿੱਚ ਧਰਮ ਦੇ ਨਾਂ ’ਤੇ ਹੋਈ ਹਿੰਸਾ ਨੇ ਮਨੁੱਖਤਾ ਨੂੰ ਬੇਹੱਦ ਨੁਕਸਾਨ ਪਹੁੰਚਾਇਆ ਹੈ। ਧਰਮ ਮਨੁੱਖ ਦੇ ਅੰਦਰ ਦੀ ਆਸਥਾ ਦਾ ਮਾਮਲਾ ਹੈ, ਪਰ ਧਾਰਮਿਕ ਸੰਪਰਦਾਇਕਤਾ ਨੇ ਇਸ ਨੂੰ ਜੰਗ ਦਾ ਮੈਦਾਨ ਬਣਾ ਦਿੱਤਾ ਹੈ।
ਹੁਣ ਫੇਰ ਉਹੀ ਮਸੰਦ ਧਰਮ ਉੱਤੇ ਕਬਜ਼ਾ ਕਰਕੇ ਬਹਿ ਗਏ ਹਨ, ਜਿਨ੍ਹਾਂ ਮਸੰਦਾਂ ਵਿਰੁੱਧ ਗੁਰੂ ਗੋਬਿੰਦ ਸਿੰਘ ਜੀ ਨੇ ਸਖ਼ਤ ਕਾਰਵਾਈ ਕੀਤੀ ਸੀ। ਇਤਿਹਾਸ ਸਾਨੂੰ ਇਹੀ ਸਬਕ ਦਿੰਦਾ ਹੈ ਕਿ ਧਰਮ ਦੇ ਨਾਂ ’ਤੇ ਲੋਕਾਂ ਦੀ ਸ਼ਰਧਾ ਨੂੰ ਆਪਣੀ ਸੱਤਾ ਦਾ ਸਾਧਨ ਬਣਾਉਣ ਵਾਲਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਪੰਜਾਬ ਨੂੰ ਉਜਾੜਨ ਲਈ ਹਰ ਪਾਸੇ ਤੋਂ ਦਬਾਅ ਹਨ। ਇਹਨਾਂ ਹਾਲਾਤਾਂ ਦੇ ਟਾਕਰੇ ਲਈ ਲੜ ਰਹੀਆਂ ਜਥੇਬੰਦੀਆਂ ਵੀ ਆਪੋ-ਆਪਣੀ ਹਉਮੈ ਨੂੰ ਵੱਡਾ ਕਰਨ ਲਈ ਆਪਣੇ ਵਰਕਰਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਜਦੋਂ ਦੁਸ਼ਮਣ ਇੱਕ ਹੈ, ਮੰਗਾਂ ਸਾਂਝੀਆਂ ਹਨ, ਫਿਰ ਮੋਰਚੇ ਵੱਖੋ-ਵੱਖ ਕਿਉਂ?
ਜਿਵੇਂ ਬਾਬੇ ਬਕਾਲੇ ਬਾਈ ਮੰਜੀਆਂ ਲਗਾ ਕੇ ਮਹੰਤ ਤੇ ਮਸੰਦ ਗੁਰੂ ਬਣ ਕੇ ਬਹਿ ਗਏ ਸਨ, ਅੱਜ ਪੰਜਾਬ ਦੇ ਲੋਕਾਂ ਦੀ ਲੜਾਈ ਲੜਨ ਦਾ ਦਾਅਵਾ ਕਰਨ ਵਾਲੀਆਂ ਕੁਝ ਜਥੇਬੰਦੀਆਂ ਦੀ ਹਾਲਤ ਵੀ ਕੁਝ ਅਜਿਹੀ ਹੀ ਨਜ਼ਰ ਆਉਂਦੀ ਹੈ।
ਦੂਜੇ ਪਾਸੇ ਪੰਜਾਬ ਨੂੰ ਆਰਥਿਕ ਤੇ ਸਮਾਜਿਕ ਤੌਰ ’ਤੇ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਸਰਗਰਮ ਹਨ। ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਉਜਾੜੇ ਨਾਲ ਕਿੰਨਾ ਸਰੋਕਾਰ ਹੈ—ਇਹ ਸਵਾਲ ਲੋਕਾਂ ਨੂੰ ਪੁੱਛਣਾ ਪਵੇਗਾ।
ਪੰਜਾਬ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀਆਂ ਵਿੱਚੋਂ ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਹੀ ਅੰਦਰੂਨੀ ਸੰਕਟਾਂ ਵਿੱਚ ਉਲਝੀ ਹੋਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ, ਜਥੇਦਾਰਾਂ ਦੀ ਭੂਮਿਕਾ ਅਤੇ ਸਿੱਖ ਸੰਸਥਾਵਾਂ ਦੀ ਸਾਖ—ਇਹ ਸਾਰੇ ਗੰਭੀਰ ਸਵਾਲ ਹਨ। ਇੱਕ-ਦੂਜੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਚਿੱਕੜ ਸੁੱਟਿਆ ਜਾ ਰਿਹਾ ਹੈ।
ਪਰ ਪੰਜਾਬ ਦੀਆਂ ਹੱਕੀ ਮੰਗਾਂ ਉੱਤੇ ਕਿਸੇ ਵੀ ਸਿਆਸੀ ਪਾਰਟੀ ਦਾ ਧਿਆਨ ਕਿੰਨਾ ਹੈ?
ਪੰਜਾਬ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰਨ ਵਾਲੀਆਂ ਨੀਤੀਆਂ ਉੱਤੇ ਗੰਭੀਰ ਬਹਿਸ ਦੀ ਲੋੜ ਹੈ। ਮੰਡੀਆਂ ਵਿੱਚ ਕਿਸਾਨ, ਰੁਜ਼ਗਾਰ ਲਈ ਸੜਕਾਂ ਉੱਤੇ ਨੌਜਵਾਨ, ਹੱਕਾਂ ਲਈ ਮੁਲਾਜ਼ਮ—ਹਰ ਵਰਗ ਆਪਣੀ ਲੜਾਈ ਲੜ ਰਿਹਾ ਹੈ।
ਕਦੇ ਦਲਿਤ ਭਾਈਚਾਰੇ ਨੂੰ ਜੱਟਾਂ ਦੇ ਵਿਰੁੱਧ ਖੜ੍ਹਾ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਜਦੋਂ ਇਹ ਸਫ਼ਲ ਨਹੀਂ ਹੁੰਦੀ ਤਾਂ ‘ਭਈਏ ਤੇ ਪੰਜਾਬੀ’ ਦਾ ਮੁੱਦਾ ਉਭਾਰ ਦਿੱਤਾ ਜਾਂਦਾ ਹੈ। ਲੋਕਾਂ ਨੂੰ ਇੱਕ-ਦੂਜੇ ਦੇ ਵਿਰੁੱਧ ਖੜ੍ਹਾ ਕਰਨਾ ਸਭ ਤੋਂ ਪੁਰਾਣੀ ਸਿਆਸੀ ਚਾਲ ਹੈ।
ਪੰਜਾਬ ਦੀ ਸਿਹਤ, ਸਿੱਖਿਆ, ਰੁਜ਼ਗਾਰ, ਵਿਦੇਸ਼ਾਂ ਵੱਲ ਜਾ ਰਹੀ ਬੌਧਿਕ ਸ਼ਕਤੀ ਤੇ ਸਰਮਾਇਆ ਅਤੇ ਦਿਨੋਂ-ਦਿਨ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਵੱਲ ਕਿਸੇ ਦਾ ਧਿਆਨ ਨਹੀਂ।
ਕਿਸਾਨ, ਮਜ਼ਦੂਰ, ਮੁਲਾਜ਼ਮ, ਸਮਾਜ ਸੇਵੀ ਸੰਸਥਾਵਾਂ ਤੇ ਹੋਰ ਜਥੇਬੰਦੀਆਂ ਆਪੋ-ਆਪਣਾ ਡੋਰੂ ਵਜਾ ਰਹੀਆਂ ਹਨ। ਲੇਖਕ ਤੇ ਬੁੱਧੀਜੀਵੀ ਲਾਣਾ ਪੁਰਸਕਾਰਾਂ ਦੀ ਭਾਲ ਵਿੱਚ ਨਿਕਲਿਆ ਹੋਇਆ ਹੈ। ਪੰਜਾਬ ਦੀਆਂ ਅਗਾਂਹਵਧੂ ਸੋਚ ਵਾਲੀਆਂ ਜਥੇਬੰਦੀਆਂ ਨੂੰ ਜ਼ਰੂਰ ਸੋਚਣਾ ਪਵੇਗਾ ਕਿ ਲੜਾਈ ਕਿਵੇਂ ਲੜਨੀ ਹੈ।
ਪਿੰਡ ਪੰਜਾਬੀਆਂ ਤੋਂ ਬਿਨਾਂ ਖਾਲੀ ਹੋ ਰਹੇ ਹਨ। ਪੰਜਾਬੀ ਕੌਮ ਕਿਧਰ ਨੂੰ ਜਾ ਰਹੀ ਹੈ? ਪੰਜਾਬ ਕਿਸ ਦਿਸ਼ਾ ਵੱਲ ਵੱਧ ਰਿਹਾ ਹੈ?
ਦੋਸਤੋ, ਇਸ ਸਮੇਂ ਕਿਸੇ ਗੁਰੂ, ਪੀਰ, ਪੈਗੰਬਰ ਜਾਂ ਗਦਰੀ ਬਾਬੇ ਨੇ ਆ ਕੇ ਸਾਡੀ ਲੜਾਈ ਨਹੀਂ ਲੜਨੀ। ਸਾਨੂੰ ਖ਼ੁਦ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਨੂੰ ਸਮਝਣਾ ਤੇ ਅਪਣਾਉਣਾ ਪਵੇਗਾ। ਸ਼ਹੀਦ ਭਗਤ ਸਿੰਘ ਦੀ ਸੋਚ ਤੋਂ ਸਿੱਖਣਾ ਪਵੇਗਾ। ਆਪਣੀ ਅੰਦਰਲੀ ਤਾਕਤ ਨੂੰ ਪਛਾਣਨਾ ਪਵੇਗਾ।
ਪੰਜਾਬ ਵਿਰੋਧੀ ਤਾਕਤਾਂ ਦੇ ਪਾਏ ਨਾਗਵਲ ਨੂੰ ਕਿਵੇਂ ਤੋੜਨਾ ਹੈ ਅਤੇ ਲੋਕਾਂ ਨੂੰ ਕਿਵੇਂ ਜੋੜਨਾ ਹੈ—ਇਸ ਬਾਰੇ ਸੁਚੇਤ ਤੇ ਜਾਗਰੂਕ ਧਿਰਾਂ ਨੂੰ ਅੱਗੇ ਆਉਣਾ ਪਵੇਗਾ।
ਪੰਜਾਬੀਆਂ ਦੀ ਹੋਂਦ ਤੇ ਧਰਤੀ ਨੂੰ ਕਮਜ਼ੋਰ ਕਰਨ ਲਈ ਅਨੇਕਾਂ ਤਰੀਕੇ ਵਰਤੇ ਗਏ ਹਨ। ਅਸੀਂ ਅਤੀਤ ਦੇ ਇਤਿਹਾਸ ਉੱਤੇ ਮਾਣ ਕਰਦੇ ਹਾਂ, ਪਰ ਖ਼ੁਦ ਕੀ ਕਰ ਰਹੇ ਹਾਂ—ਇਸ ਬਾਰੇ ਸੋਚਣ ਤੋਂ ਕਤਰਾਉਂਦੇ ਹਾਂ।
ਸੋਸ਼ਲ ਮੀਡੀਆ ਰਾਹੀਂ ਹਰ ਤਰ੍ਹਾਂ ਦਾ ਭੰਬਲਭੂਸਾ ਪੈਦਾ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਊਟ-ਪਟਾਂਗ ਗੱਲਾਂ ਵਿੱਚ ਉਲਝਾਇਆ ਜਾ ਰਿਹਾ ਹੈ ਅਤੇ ਅਸੀਂ ਆਪਸ ਵਿੱਚ ਹੀ ਉਲਝ ਕੇ ਰਹਿ ਗਏ ਹਾਂ। ਉਹਨਾਂ ਨੇ ਸਾਡੇ ਆਲੇ-ਦੁਆਲੇ ਜ਼ਹਿਰ ਛਿੜਕ ਦਿੱਤਾ ਹੈ। ਪਰ ਸਵਾਲ ਇਹ ਵੀ ਹੈ ਕਿ ਉਹਨਾਂ ਨੂੰ ਇਹ ਮੌਕਾ ਕਿਸ ਨੇ ਦਿੱਤਾ? ਉਹਨਾਂ ਸਿਆਸੀ ਆਗੂਆਂ ਨੂੰ ਵੀ ਜਵਾਬਦੇਹ ਬਣਾਉਣਾ ਪਵੇਗਾ, ਜਿਨ੍ਹਾਂ ਦੀਆਂ ਨੀਤੀਆਂ ਅਤੇ ਫ਼ੈਸਲਿਆਂ ਨੇ ਪੰਜਾਬ ਨੂੰ ਅੱਜ ਦੇ ਸੰਕਟ ਤੱਕ ਪਹੁੰਚਾਇਆ ਹੈ। ਜੇ ਅਸੀਂ ਹੁਣ ਵੀ ਨਾ ਸੰਭਲੇ ਅਤੇ ਆਪਣੀ ਅੰਦਰਲੀ ਸ਼ਕਤੀ ਨੂੰ ਨਾ ਜਗਾਇਆ ਤਾਂ ਆਉਣ ਵਾਲੀਆਂ ਨਸਲਾਂ ਤੇ ਫ਼ਸਲਾਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।
ਆਓ ਆਪਣੀ ਅਣਖ਼ ਨੂੰ ਜਗਾਈਏ ਤੇ ਪੰਜਾਬ ਨੂੰ ਬੰਜਰ, ਖੰਡਰ ਅਤੇ ਜ਼ਹਿਰੀਲਾ ਹੋਣ ਤੋਂ ਬਚਾਈਏ। ਉੱਠੋ, ਤੁਰੋ, ਜੁੜੋ ਅਤੇ ਸਾਂਝੇ ਸੰਘਰਸ਼ ਦਾ ਰਾਹ ਫੜੋ। ਇਕੱਲੇ-ਇਕੱਲੇ ਮਰਨ ਦੀ ਥਾਂ ਇਕੱਠੇ ਹੋ ਕੇ ਜਿਉਣ ਦਾ ਰਸਤਾ ਲੱਭੀਏ। ਜਿੱਤ ਦੀ ਤਾਕਤ ਲੋਕਾਂ ਦੀ ਏਕਤਾ ਵਿੱਚ ਹੁੰਦੀ ਹੈ। ਜਾਗੋ! ਜਾਗਣ ਦਾ ਵੇਲਾ ਆ ਗਿਆ ਹੈ।
ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹੋਏ ਸ਼ਬਦ-ਗੁਰੂ ਨਾਲ ਜੁੜਨ, ਆਪਣੀ ਚੇਤਨਾ ਜਗਾਉਣ ਅਤੇ ਲੋਕ-ਹਿੱਤ ਲਈ ਸੰਘਰਸ਼ ਕਰਨ ਦਾ ਹੋਕਾ ਦੇਈਏ। ਕਿਉਂਕਿ ਜਿਉਣ ਲਈ ਸੰਘਰਸ਼ ਕਰਨ ਦੀ ਲੋੜ ਹੈ।
ਆਓ ਆਪਣੀ ਮਰ ਗਈ ਸੰਵੇਦਨਾ ਨੂੰ ਜਗਾਈਏ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਰਾਖੀ ਕਰੀਏ।
ਮਰਨਾ ਤਾਂ ਹੈ—ਕਿਉਂ ਨਾ ਸੰਘਰਸ਼ ਕਰਦੇ ਹੋਏ ਜਿਉਣ ਦਾ ਰਸਤਾ ਤਲਾਸ਼ ਕਰੀਏ? ਹੁਣ ਚੁੱਪ ਰਹਿ ਕੇ ਨਹੀਂ ਸਰਨਾ। ਲੜਨਾ ਹੈ ਪਰ ਲੋਕਤਾਂਤਰਿਕ, ਵਿਚਾਰਕ ਅਤੇ ਸਾਂਝੇ ਸੰਘਰਸ਼ ਦੇ ਰਾਹ ਨਾਲ।
ਜਾਗੋ, ਉੱਠੋ ਤੇ ਸੰਘਰਸ਼ ਕਰੋ।
ਜਦੋਂ ਤੱਕ ਹਰ ਪੰਜਾਬੀ ਆਪਣੀ ਹਉਮੈ ਨੂੰ ਤਿਆਗ ਕੇ ਇੱਕ ਸਾਂਝੇ ਮੰਚ ਉੱਤੇ ਇਕੱਠਾ ਨਹੀਂ ਹੁੰਦਾ, ਉਦੋਂ ਤੱਕ ਸਾਡੇ ਹੱਕਾਂ ਦੀ ਆਵਾਜ਼ ਕਮਜ਼ੋਰ ਰਹੇਗੀ। ਪੰਜਾਬ ਦੇ ਲੋਕਾਂ ਨੇ ਆਪਣੇ ਵਰਤਮਾਨ ਤੇ ਭਵਿੱਖ ਨੂੰ ਕਿਵੇਂ ਬਚਾਉਣਾ ਹੈ—ਇਹ ਫ਼ੈਸਲਾ ਹੁਣ ਉਹਨਾਂ ਨੂੰ ਆਪ ਸੋਚ ਕੇ ਕਰਨਾ ਪਵੇਗਾ।
ਪੰਜਾਬ ਇੱਕ ਵਾਰ ਫਿਰ ਅੱਸੀਵਿਆਂ ਦੇ ਹਨੇਰੇ ਦੌਰ ਵਰਗੇ ਡਰ ਅਤੇ ਤਣਾਅ ਵੱਲ ਨਾ ਧੱਕਿਆ ਜਾਵੇ। ਇਸ ਲਈ ਸਾਨੂੰ ਇਤਿਹਾਸ ਤੋਂ ਸਬਕ ਲੈਣਾ ਪਵੇਗਾ। ਕਾਲੇ ਦੌਰ ਵਿੱਚੋਂ ਬਚਣ ਲਈ ਇੱਕਮੁੱਠ ਤੇ ਜਥੇਬੰਦ ਹੋਣਾ ਪਵੇਗਾ। ਆਪਣੀ ਹੋਂਦ ਦੀ ਲੜਾਈ ਸਾਨੂੰ ਖ਼ੁਦ ਲੜਨੀ ਪਵੇਗੀ। ਕਾਲੀਆਂ ਤਾਕਤਾਂ ਦੇ ਟਾਕਰੇ ਲਈ ਸਾਰਥਿਕ, ਲੋਕਤਾਂਤਰਿਕ ਅਤੇ ਅਮਨਪਸੰਦ ਪਹੁੰਚ ਅਪਣਾਉਣ ਦੀ ਲੋੜ ਹੈ।
ਅਗਾਂਹਵਧੂ ਜਥੇਬੰਦੀਆਂ ਨੂੰ ਆਪੋ-ਆਪਣੇ ਚੁੱਲ੍ਹੇ ਸਮੇਟ ਕੇ ਗ਼ਦਰ ਪਾਰਟੀ ਵਾਂਗ ਇੱਕ ਸਾਂਝੇ ਚੁੱਲ੍ਹੇ ਉੱਤੇ ਲੰਗਰ ਬਣਾਉਣ ਦੀ ਲੋੜ ਹੈ। ਗ਼ਦਰ ਲਹਿਰ ਤੋਂ ਸਬਕ ਲੈਣ ਦੀ ਲੋੜ ਹੈ। ਪਰ ਹੰਕਾਰ ਤੇ ਹਉਮੈ ਉਹਨਾਂ ਨੂੰ ਇਕੱਠੇ ਨਹੀਂ ਹੋਣ ਦੇ ਰਹੀ। ਇਸੇ ਕਰਕੇ ਕੁਝ ਸਾਂਝੇ ਮਸਲਿਆਂ ਦੇ ਬਾਵਜੂਦ ਸਾਂਝੀ ਤਾਕਤ ਪੈਦਾ ਨਹੀਂ ਹੋ ਸਕੀ। ਕਹਿੰਦੇ ਹਨ ਮੱਛੀ ਪੱਥਰ ਨਾਲ ਟਕਰਾ ਕੇ ਵਾਪਸ ਪਰਤ ਆਉਂਦੀ ਹੈ, ਪਰ ਇਹ ਤਾਂ ਪੱਥਰਾਂ ਤੋਂ ਅੱਗੇ ਲੰਘ ਗਏ ਲੱਗਦੇ ਹਨ!
ਕੀ ਵਿਚਾਰ ਹੈ, ਧਾਰਮਿਕ ਤੇ ਅਗਾਂਹਵਧੂ ਜਥੇਬੰਦੀਆਂ ਦੇ ਸਹਿਯੋਗੀਓ?
ਇੱਕ ਦਿਨ ਕਿਸੇ ਨੇ ਆਖਿਆ ਸੀ ਕਿ “ਬੁੱਧ ਸਿਆਂ! ਗੰਜਿਆਂ ਨੂੰ ਕੰਘੀਆਂ ਤੇ ਅੰਨ੍ਹਿਆਂ ਨੂੰ ਚਸ਼ਮੇ ਵੇਚਣ ਦਾ ਧੰਦਾ ਹੁਣ ਫਲਾਪ ਹੋ ਗਿਆ ਹੈ। ਤੂੰ ਹਰੇ-ਪੀਲੇ ਸੂਟ ਵੇਚਿਆ ਕਰ। ਕਿਉਂਕਿ ਹੁਣ ਪੰਜਾਬ ਦੇ ਸਿਆਸੀ ਪਾਰਟੀਆਂ ਦੇ ਆਗੂਆਂ ਵਾਂਗ ਲੋਕ ਵੀ ਮੌਕਾਪ੍ਰਸਤ ਬਣ ਗਏ ਹਨ। ‘ਚੋਰ ਉਚੱਕਾ ਚੌਧਰੀ, ਗੁੰਡੀ ਰੰਨ ਪ੍ਰਧਾਨ।’ ਇਸ ਲਈ ਹੁਣ ਇਹਨਾਂ ਨੂੰ ਸਮਝਾਉਣ ਦੀ ਕੋਈ ਲੋੜ ਨਹੀਂ।”
ਮੈਂ ਸੋਚਿਆ ਕਿ ਕੀ ਸੱਚਮੁੱਚ ਪੰਜਾਬ ਦੇ ਲੋਕਾਂ ਨੂੰ ਕੋਈ ਸੱਪ ਡੰਗ ਮਾਰ ਗਿਆ ਹੈ?
ਸੱਪ ਇੱਕ ਹੋਵੇ ਤਾਂ ਫੜਿਆ ਜਾ ਸਕਦਾ ਹੈ। ਹੁਣ ਤਾਂ ਨਾਗ ਉੱਤੇ ਨਾਗ ਚੜ੍ਹਿਆ ਹੋਇਆ ਹੈ। ਹਰ ਪਾਸੇ ਆਪਣਾ-ਆਪਣਾ ਖੇਡ ਚੱਲ ਰਿਹਾ ਹੈ। ਕਠਪੁਤਲੀਆਂ ਵਾਂਗ ਨਾਚ ਹੋ ਰਿਹਾ ਹੈ ਅਤੇ ਲੋਕਾਂ ਦੇ ਮਸਲੇ ਪਿੱਛੇ ਛੱਡੇ ਜਾ ਰਹੇ ਹਨ।
ਪਰ ਸਵਾਲ ਫਿਰ ਵੀ ਉਹੀ ਹੈ।
ਇਹਨਾਂ ਅਕਲ ਦੇ ਅੰਨ੍ਹਿਆਂ ਨੂੰ ਚਸ਼ਮੇ ਕੌਣ ਪਹਿਨਾਏਗਾ?
++++
ਬੁੱਧ ਸਿੰਘ ਨੀਲੋਂ
9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।