ਕੇਂਦਰੀ ਸਭਾ ਵੱਲੋਂ 9 ਅਕਤੂਬਰ ਦੇ ਨਕੋਦਰ ਧਰਨੇ ਦੀ ਹਮਾਇਤ, ਲੇਖਕਾਂ ਨੂੰ ਸ਼ਮੂਲੀਅਤ ਦਾ ਸੱਦਾ

ਸਾਹਿਤ ਚੰਡੀਗੜ੍ਹ ਪੰਜਾਬ

ਜਾਤੀ ਅਪਮਾਨ ਵਿਰੁੱਧ ਲੇਖਕ ਭਾਈਚਾਰਾ ਚੁੱਪ ਨਹੀਂ ਰਹਿ ਸਕਦਾ

ਚੰਡੀਗੜ੍ਹ 5 ਅਕਤੂਬਰ ,ਬੋਲੇ ਪੰਜਾਬ ਬਿਊਰੋ;

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਪਿੰਡ ਤਲਵੰਡੀ ਸਲੇਮ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਵਿੱਤ ਸਕੱਤਰ ਹਰਮੇਸ਼ ਮਾਲੜੀ ਨਾਲ ਕਥਿਤ ਜਾਤੀ ਸੂਚਕ ਦੁਰਵਿਹਾਰ ਅਤੇ ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰੀ ਕੰਪਲੈਕਸ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ 9 ਅਕਤੂਬਰ ਨੂੰ ਡੀ.ਐੱਸ.ਪੀ. ਨਕੋਦਰ ਦੇ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ ਦੀ ਡਟਵੀਂ ਹਮਾਇਤ ਕੀਤੀ ਹੈ। ਸਭਾ ਨੇ ਸਮੁੱਚੇ ਲੇਖਕ ਭਾਈਚਾਰੇ ਨੂੰ ਇਸ ਧਰਨੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਜਾਤੀ ਦੇ ਨਾਂ ’ਤੇ ਕਿਸੇ ਮਨੁੱਖ ਦੀ ਬੇਇੱਜ਼ਤੀ ਸਿਰਫ਼ ਇੱਕ ਵਿਅਕਤੀ ਦੀ ਬੇਇੱਜ਼ਤੀ ਨਹੀਂ, ਸਗੋਂ ਸਮਾਜ ਦੀ ਜ਼ਮੀਰ ਨੂੰ ਚੁਣੌਤੀ ਹੈ। ਅਜਿਹੇ ਮੌਕੇ ’ਤੇ ਚੁੱਪ ਰਹਿਣਾ ਵੀ ਸਹਿਮਤੀ ਬਣ ਜਾਂਦਾ ਹੈ।
ਉਨ੍ਹਾਂ ਕਿਹਾ ਕਿ 7 ਸਤੰਬਰ ਨੂੰ ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰੀ ਕੰਪਲੈਕਸ ਵਿੱਚ ਮਜ਼ਦੂਰ ਆਗੂ ਹਰਮੇਸ਼ ਮਾਲੜੀ ਆਪਣੇ ਸਾਥੀਆਂ ਸਮੇਤ ਸਫ਼ਾਈ ਕਰਵਾ ਰਹੇ ਸਨ ਤਾਂ ਪਿੰਡ ਦੇ ਸਰਪੰਚ ਅਤੇ ਉਸ ਦੇ ਸਮਰਥਕਾਂ ਵੱਲੋਂ ਗਾਲ਼ੀ-ਗਲੋਚ ਕਰਨ ਅਤੇ ਕਥਿਤ ਤੌਰ ’ਤੇ ਜਾਤੀ ਸੂਚਕ ਸ਼ਬਦ ਵਰਤਣ ਦੀ ਘਟਨਾ ਵਾਪਰੀ। ਇਸ ਸਬੰਧੀ 8 ਸਤੰਬਰ ਨੂੰ ਡੀ.ਐੱਸ.ਪੀ. ਅਤੇ ਥਾਣਾ ਸਦਰ ਨਕੋਦਰ ਦੇ ਮੁਖੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ, ਪਰ ਇੱਕ ਮਹੀਨਾ ਬੀਤਣ ਦੇ ਬਾਵਜੂਦ ਕਾਰਵਾਈ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ।
ਲੇਖਕ ਸਭਾ ਦੇ ਆਗੂਆਂ ਨੇ ਕਿਹਾ ਕਿ ਅਵਤਾਰ ਪਾਸ਼ ਦਾ ਨਾਂ ਲੋਕਾਂ ਦੀ ਆਵਾਜ਼ ਨਾਲ ਜੁੜਿਆ ਹੈ ਅਤੇ ਪਾਸ਼ ਤੇ ਹੰਸ ਰਾਜ ਦੀ ਸ਼ਹਾਦਤ ਪੰਜਾਬ ਦੀ ਲੋਕ-ਚੇਤਨਾ ਦਾ ਹਿੱਸਾ ਹੈ। ਉਨ੍ਹਾਂ ਨਾਲ ਜੁੜੀਆਂ ਯਾਦਗਾਰਾਂ ਲੋਕਾਂ ਦੀ ਸਾਂਝੀ ਵਿਰਾਸਤ ਹਨ। ਇਸ ਲਈ ਇਨ੍ਹਾਂ ਦੀ ਮਰਿਆਦਾ ਅਤੇ ਪਹਿਲਾ ਰੁਤਬਾ ਬਹਾਲ ਰਹਿਣਾ ਚਾਹੀਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਹਰਮੇਸ਼ ਮਾਲੜੀ ਦੀ ਸ਼ਿਕਾਇਤ ’ਤੇ ਤੁਰੰਤ ਅਤੇ ਨਿਰਪੱਖ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕਥਿਤ ਤੌਰ ’ਤੇ ਜਾਤੀ ਸੂਚਕ ਸ਼ਬਦ ਵਰਤਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਹੋਵੇ ਅਤੇ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਦਾ ਪਹਿਲਾ ਰੁਤਬਾ ਬਹਾਲ ਕੀਤਾ ਜਾਵੇ।
ਸਭਾ ਦੇ ਆਗੂਆਂ ਨੇ ਕਿਹਾ ਕਿ ਪੰਜਾਬੀ ਸਾਹਿਤ ਦੀ ਵਿਰਾਸਤ ਸਵਾਲ ਕਰਨ, ਵਿਰੋਧ ਕਰਨ ਅਤੇ ਮਨੁੱਖ ਦੀ ਇੱਜ਼ਤ ਦੇ ਪੱਖ ਵਿੱਚ ਖੜ੍ਹਨ ਦੀ ਵਿਰਾਸਤ ਹੈ। ਜਦੋਂ ਕਿਸੇ ਮਜ਼ਦੂਰ ਦੀ ਜਾਤ ਦੇ ਨਾਂ ’ਤੇ ਬੇਇੱਜ਼ਤੀ ਹੁੰਦੀ ਹੈ ਤਾਂ ਲੇਖਕ ਭਾਈਚਾਰਾ ਉਸ ਨੂੰ ਸਿਰਫ਼ ਖ਼ਬਰ ਵਾਂਗ ਦੇਖ ਕੇ ਅੱਗੇ ਨਹੀਂ ਲੰਘ ਸਕਦਾ। ਇਹ ਧਰਨਾ ਬਰਾਬਰੀ, ਮਨੁੱਖੀ ਸਨਮਾਨ ਅਤੇ ਲੋਕ-ਵਿਰਾਸਤ ਦੀ ਰਾਖੀ ਦਾ ਸਵਾਲ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਨੇ ਪੰਜਾਬ ਦੇ ਸਮੂਹ ਲੇਖਕਾਂ, ਕਵੀਆਂ, ਸਾਹਿਤਕਾਰਾਂ, ਕਲਾਕਾਰਾਂ ਅਤੇ ਇਨਸਾਫ਼ਪਸੰਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 9 ਅਕਤੂਬਰ ਨੂੰ ਡੀ.ਐੱਸ.ਪੀ. ਨਕੋਦਰ ਦੇ ਦਫ਼ਤਰ ਅੱਗੇ ਹੋ ਰਹੇ ਧਰਨੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ। ਜਦੋਂ ਮਨੁੱਖ ਦੀ ਇੱਜ਼ਤ ਦਾ ਸਵਾਲ ਹੋਵੇ, ਉਦੋਂ ਕਲਮ ਦਾ ਫ਼ਰਜ਼ ਸਿਰਫ਼ ਲਿਖਣਾ ਨਹੀਂ, ਲੋਕਾਂ ਦੇ ਨਾਲ ਖੜ੍ਹਨਾ ਵੀ ਹੁੰਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।