ਮੋਰਿੰਡਾ ,5, ਅਕਤੂਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਤੇ ਮੁਲਾਜ਼ਮ ਸਾਂਝਾ ਮੰਚ ਦੀ ਤਾਲਮੇਲ ਕਮੇਟੀ ਦੇ ਸੱਦੇ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਤੇ ਸਮੁੱਚੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ 10 ਅਕਤੂਬਰ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਇਤਿਹਾਸਕ ਮਹਾ ਰੈਲੀ ਵਿੱਚ ਪੀ ਡਬਲਿਊ ਡੀ ਭਵਨ ਤੇ ਮਾਰਗ, ਜਲ ਸਪਲਾਈ ਅਤੇ ਸੈਨੀਟੇਸ਼ਨ, ਸਿੰਚਾਈ, ਤੇ ਸੀਵਰੇਜ ਬੋਰਡ ਦੇ ਫੀਲਡ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਰਜਿ ਸਬੰਧਤ ਡੀ ਐਮ ਐਫ ਪੰਜਾਬ ਦੇ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋਂ , ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਬਠਿੰਡਾ , ਵਿੱਤ ਸਕੱਤਰ ਭੂਸ਼ਣ ਗੋਇਲ, ਸੀਨੀਅਰ ਮੀਤ ਪ੍ਰਧਾਨ ਉਮਕਾਰ ਯਾਦਵ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿ ਪੰਜਾਬ ਸਰਕਾਰ ਦੇ ਹਰ ਵਰਗ ਦੀਆਂ ਮੰਗਾਂ ਜਿਉਂ ਦੀ ਤਿਉਂ ਲਟਕ ਰਹੀਆਂ ਹਨ, ਸਮੁੱਚੇ ਮੁਲਾਜ਼ਮ ਇਸ ਸਰਕਾਰ ਵਿਰੁੱਧ ਜਥੇਬੰਦਕ ਤੌਰ ਤੇ ਤੇ ਕਾਨੂੰਨੀ ਲੜਾਈ ਲੜ ਰਹੇ ਹਨ , ਪਰ ਸਰਕਾਰ ਮੁਲਾਜ਼ਮਾਂ ਨਾਲ ਇਨਾ ਆਢਾ ਲਾਈ ਬੈਠੀ ਹੈ ਨਾ ਮੀਟਿੰਗਾਂ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਕੀਤਾ ਜਾ ਰਿਹਾ ਅਤੇ ਨਾ ਹੀ ਮਾਨਯੋਗ ਹਾਈਕੋਰਟ ਵੱਲੋਂ ਦਿੱਤੇ ਫੈਸਲਿਆਂ ਨੂੰ ਲਾਗੂ ਕਰ ਰਹੀ ਹੈ। ਇਹ ਨੰਗੇ ਚਿੱਟੇ ਰੂਪ ਵਿੱਚ ਫਾਂਸੀਵਾਦੀ ਵਰਤਾਰਾ ਹੈ। ਅਤੇ ਮੰਨੀਆ ਮੰਗਾਂ ਨੂੰ ਲਾਗੂ ਨਾ ਕਰਨਾ ਸਰਕਾਰ ਦਾ ਇੱਕ ਜਬਰ ਦਾ ਹਥਿਆਰ ਹੈ।
ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਏਕਤਾ ਅਤੇ ਜਥੇਬੰਦਕ ਸੰਘਰਸ਼ ਹੀ ਹੱਕੀ ਮੰਗਾਂ ਦੀ ਪ੍ਰਾਪਤੀ ਦਾ ਰਸਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।












