ਨਵੀਂ ਦਿੱਲੀ 6 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੂੰ ਭਾਰਤੀ ਹਵਾਈ ਸੈਨਾ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਉਹ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਦੀ ਥਾਂ ਲੈਣਗੇ। ਦੀਕਸ਼ਿਤ ਨੂੰ ਭਾਰਤੀ ਹਵਾਈ ਸੈਨਾ ਦੇ ਤਜਰਬੇਕਾਰ ਪਾਇਲਟਾਂ ਵਿੱਚ ਗਿਣਿਆ ਜਾਂਦਾ ਹੈ ਅਤੇ ਉਨ੍ਹਾਂ ਕੋਲ ਵੱਖ-ਵੱਖ ਕਿਸਮਾਂ ਦੇ ਜਹਾਜ਼ ਉਡਾਉਣ ਦਾ ਲੰਮਾ ਤਜਰਬਾ ਹੈ।
ਆਸ਼ੂਤੋਸ਼ ਦੀਕਸ਼ਿਤ ਨੂੰ 6 ਦਸੰਬਰ 1986 ਨੂੰ ਭਾਰਤੀ ਹਵਾਈ ਫੌਜ ਵਿੱਚ ਕਮਿਸ਼ਨ ਮਿਲਿਆ ਸੀ। ਆਪਣੇ ਕਰੀਬ ਚਾਰ ਦਹਾਕਿਆਂ ਦੇ ਕਰੀਅਰ ਦੌਰਾਨ ਉਹ 3500 ਘੰਟਿਆਂ ਤੋਂ ਵੱਧ ਉਡਾਣ ਭਰ ਚੁੱਕੇ ਹਨ। ਉਨ੍ਹਾਂ ਨੇ ਮਿਰਾਜ-2000, ਮਿਗ ਦੇ ਵੱਖ-ਵੱਖ ਰੂਪਾਂ ਜੈਗੁਆਰ, ਤੇਜਸ, ਹਾਕ, ਕਿਰਨ, ਐਨ-32, ਐਵਰੋ ਅਤੇ ਆਈਐੱਲ-78 ਸਮੇਤ ਕਈ ਤਰ੍ਹਾਂ ਦੇ ਜਹਾਜ਼ ਉਡਾਏ ਹਨ। ਉਹ ਪ੍ਰਯੋਗਾਤਮਕ ਟੈਸਟ ਪਾਇਲਟ ਅਤੇ ਯੋਗਤਾ ਪ੍ਰਾਪਤ ਫਲਾਇੰਗ ਇੰਸਟ੍ਰਕਟਰ ਵੀ ਰਹੇ ਹਨਦੀਕਸ਼ਿਤ ਨੇ ਆਪਣੇ ਸੇਵਾ ਕਾਲ ਦੌਰਾਨ ‘ਅਪਰੇਸ਼ਨ ਸਫ਼ੈਦ ਸਾਗਰ’, ‘ਅਪਰੇਸ਼ਨ ਰੱਖਿਅਕ’, ‘ਕੋਪ ਇੰਡੀਆ’ ਅਤੇ ‘ਅਪਰੇਸ਼ਨ ਸਿੰਧੂਰ’ ਸਮੇਤ ਕਈ ਅਹਿਮ ਫ਼ੌਜੀ ਕਾਰਵਾਈਆਂ ਅਤੇ ਅਭਿਆਸਾਂ ਵਿੱਚ ਹਿੱਸਾ ਲਿਆ। ਕਾਰਗਿਲ ਜੰਗ ਦੌਰਾਨ ‘ਅਪਰੇਸ਼ਨ ਸਫ਼ੈਦ ਸਾਗਰ’ ਭਾਰਤੀ ਹਵਾਈ ਸੈਨਾ ਦੀ ਮਹੱਤਵਪੂਰਨ ਕਾਰਵਾਈ ਸੀ।
ਨਵੇਂ ਹਵਾਈ ਸੈਨਾ ਮੁਖੀ ਨੇ ਇਸ ਤੋਂ ਪਹਿਲਾਂ ਚੀਫ਼ ਆਫ਼ ਇੰਟੀਗ੍ਰੇਟਿਡ ਡਿਫੈਂਸ ਸਟਾਫ਼ ਅਤੇ ਸੈਂਟਰਲ ਏਅਰ ਕਮਾਂਡ ਦੇ ਏਅਰ ਅਫ਼ਸਰ ਕਮਾਂਡਿੰਗ-ਇਨ-ਚੀਫ਼ ਸਮੇਤ ਕਈ ਅਹਿਮ ਅਹੁਦਿਆਂ ’ਤੇ ਸੇਵਾ ਨਿਭਾਈ। ਉਨ੍ਹਾਂ ਨੂੰ ਵਿਸ਼ੇਸ਼ ਸੇਵਾ ਲਈ ਬਹੁਤ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ।











