ਦੇਸ਼ ਭਗਤ ਯੂਨੀਵਰਸਿਟੀ ਦੇ ਐੱਨ.ਸੀ.ਸੀ. ਕੈਡਿਟ ਅਰਜਨ ਬਹਾਦਰ ਨੇ ਕੌਮੀ ਪੱਧਰ ’ਤੇ ਖੱਟਿਆ ਨਾਮਣਾ

ਪੰਜਾਬ

ਮੰਡੀ ਗੋਬਿੰਦਗੜ੍ਹ, 9 ਅਕਤੂਬਰ,ਬੋਲੇ ਪੰਜਾਬ ਬਿਊਰੋ:

ਦੇਸ਼ ਭਗਤ ਯੂਨੀਵਰਸਿਟੀ ਲਈ ਇਹ ਬੇਹੱਦ ਮਾਣ ਵਾਲਾ ਪਲ ਹੈ ਕਿ ਯੂਨੀਵਰਸਿਟੀ ਦੀ ਕੌਮੀ ਕੈਡਿਟ ਕੋਰ (ਐੱਨ.ਸੀ.ਸੀ.) ਦੀ ਆਰਮੀ ਵਿੰਗ ਦੇ ਹੋਣਹਾਰ ਕੈਡਿਟ ਅੰਡਰ ਅਫ਼ਸਰ ਅਰਜਨ ਬਹਾਦਰ ਨੂੰ ਥਲ ਸੈਨਿਕ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਵੱਕਾਰੀ ਕੰਬੈਟ ਡਰੈੱਸ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪ੍ਰਾਪਤੀ ਐੱਨ.ਸੀ.ਸੀ. ਕੈਡਿਟ ਲਈ ਬੇਹੱਦ ਮਾਣ ਅਤੇ ਵਿਸ਼ੇਸ਼ ਸਨਮਾਨ ਵਾਲੀ ਮੰਨੀ ਜਾਂਦੀ ਹੈ।

ਇਸ ਸ਼ਾਨਦਾਰ ਪ੍ਰਾਪਤੀ ਦੀ ਖ਼ੁਸ਼ੀ ਵਿੱਚ 14 ਪੰਜਾਬ ਐੱਨ.ਸੀ.ਸੀ. ਬਟਾਲੀਅਨ, ਨਾਭਾ ਵਿਖੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਗੌਰਵ ਥਾਪਾ ਅਤੇ ਸੂਬੇਦਾਰ ਮੇਜਰ ਮਨੋਜ ਕੁਮਾਰ ਨੇ ਅੰਡਰ ਅਫ਼ਸਰ ਅਰਜਨ ਬਹਾਦਰ ਨੂੰ ਸਨਮਾਨਿਤ ਕੀਤਾ। ਅਰਜਨ ਨੇ ਇਸ ਸਾਲ ਵੱਖ-ਵੱਖ ਲਗਭਗ ਨੌਂ ਐੱਨ.ਸੀ.ਸੀ. ਕੈਂਪਾਂ ਵਿੱਚ ਭਾਗ ਲੈ ਕੇ ਆਪਣੀ ਪ੍ਰਤਿਭਾ, ਮਿਹਨਤ ਅਤੇ ਸਮਰਪਣ ਦਾ ਸਬੂਤ ਦਿੱਤਾ ਹੈ, ਜਿਨ੍ਹਾਂ ਵਿੱਚ ਵੱਕਾਰੀ ਥਲ ਸੈਨਿਕ ਕੈਂਪ ਵੀ ਸ਼ਾਮਲ ਹੈ।

ਯੂਨੀਵਰਸਿਟੀ ਪ੍ਰਬੰਧਕਾਂ ਨੇ ਇਸ ਪ੍ਰਾਪਤੀ ’ਤੇ ਮਾਣ ਪ੍ਰਗਟ ਕਰਦਿਆਂ ਅਰਜਨ ਬਹਾਦਰ ਨੂੰ ਵਧਾਈ ਦਿੱਤੀ ਅਤੇ ਉਸ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।

ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਕਿਹਾ, “ਅਰਜਨ ਬਹਾਦਰ ਨੇ ਆਪਣੀ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਸਦਕਾ ਪੂਰੀ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਉਸ ਦੀ ਇਹ ਪ੍ਰਾਪਤੀ ਸਾਡੀ ਐੱਨ.ਸੀ.ਸੀ. ਇਕਾਈ ਦੇ ਉੱਚੇ ਮਿਆਰਾਂ ਅਤੇ ਗੁਣਵੱਤਾ ਨੂੰ ਦਰਸਾਉਂਦੀ ਹੈ।”

ਇਸੇ ਤਰ੍ਹਾਂ ਪ੍ਰੋ-ਚਾਂਸਲਰ ਪ੍ਰੋ. (ਡਾ.) ਤਜਿੰਦਰ ਕੌਰ ਨੇ ਕਿਹਾ, “ਅਰਜਨ ਦੀ ਇਹ ਪ੍ਰਾਪਤੀ ਹੋਰਨਾਂ ਐੱਨ.ਸੀ.ਸੀ. ਕੈਡਿਟਾਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ। ਮੈਨੂੰ ਉਮੀਦ ਹੈ ਕਿ ਨੌਜਵਾਨ ਲੜਕੇ ਅਤੇ ਲੜਕੀਆਂ ਅਰਜਨ ਤੋਂ ਪ੍ਰੇਰਨਾ ਲੈ ਕੇ ਦੇਸ਼ ਦੀ ਨਿਸ਼ਕਾਮ ਸੇਵਾ ਦੇ ਮਾਰਗ ’ਤੇ ਅੱਗੇ ਵਧਣਗੇ।”

ਇਸ ਸ਼ਾਨਦਾਰ ਪ੍ਰਾਪਤੀ ‘ਤੇ ਵਾਈਸ ਚਾਂਸਲਰ ਪ੍ਰੋ. (ਡਾ.) ਹਰਸ਼ ਸਦਾਵਰਤੀ ਨੇ ਕਿਹਾ, “ਸਾਨੂੰ ਆਪਣੇ ਕੈਡਿਟ ਦੀ ਇਸ ਪ੍ਰਾਪਤੀ ’ਤੇ ਮਾਣ ਹੈ। ਯੂਨੀਵਰਸਿਟੀ ਅਰਜਨ ਵਰਗੇ ਹੋਣਹਾਰ ਵਿਦਿਆਰਥੀਆਂ ਨੂੰ ਹਰ ਸੰਭਵ ਸਹਿਯੋਗ ਦਿੰਦੀ ਰਹੇਗੀ। ਇਸ ਸਮੇਂ ਸਾਡੀ ਯੂਨੀਵਰਸਿਟੀ ਵਿੱਚ ਐੱਨ.ਸੀ.ਸੀ. ਦੀਆਂ ਆਰਮੀ ਅਤੇ ਨੇਵੀ ਵਿੰਗਾਂ ਅਧੀਨ 128 ਕੈਡਿਟ ਸਿਖਲਾਈ ਪ੍ਰਾਪਤ ਕਰ ਰਹੇ ਹਨ। ਹਾਲ ਹੀ ਵਿੱਚ ਅੰਡਰ ਅਫ਼ਸਰ ਪੂਜਾ ਨੇ ਵੀ 26 ਜਨਵਰੀ ਨੂੰ ਗਣਤੰਤਰ ਦਿਵਸ ਕੈਂਪ (ਆਰ.ਡੀ.ਸੀ.) ਵਿੱਚ ਭਾਗ ਲਿਆ ਸੀ। ਸਾਡੇ ਕੈਡਿਟ ਸਮੇਂ-ਸਮੇਂ ’ਤੇ ਲੱਗਣ ਵਾਲੇ ਵੱਖ-ਵੱਖ ਐੱਨ.ਸੀ.ਸੀ. ਕੈਂਪਾਂ ਵਿੱਚ ਨਿਯਮਿਤ ਤੌਰ ’ਤੇ ਹਿੱਸਾ ਲੈਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਕੀਮਤੀ ਤਜਰਬਾ ਹਾਸਲ ਕਰਨ ਅਤੇ ਆਪਣੀ ਪ੍ਰਤਿਭਾ ਨਿਖਾਰਨ ਦੇ ਮੌਕੇ ਮਿਲਦੇ ਹਨ।”

ਦੇਸ਼ ਭਗਤ ਯੂਨੀਵਰਸਿਟੀ ਦੀ ਐੱਨ.ਸੀ.ਸੀ. ਇਕਾਈ ਦੇ ਮੁਖੀ ਅਤੇ ਆਰਮੀ ਵਿੰਗ ਦੇ ਦੇਖ-ਰੇਖ ਅਧਿਕਾਰੀ (ਸੀ.ਟੀ.ਓ.) ਪ੍ਰੋ. (ਡਾ.) ਅਜੈਪਾਲ ਸਿੰਘ ਸ਼ੇਖਾਵਤ ਨੇ ਅਰਜਨ ਨੂੰ ਵਧਾਈ ਦਿੰਦਿਆਂ ਕਿਹਾ, “ਅੰਡਰ ਅਫ਼ਸਰ ਅਰਜਨ ਬਹਾਦਰ ਦੀ ਸਫ਼ਲਤਾ ਉਸ ਦੀ ਲਗਾਤਾਰ ਮਿਹਨਤ, ਸਮਰਪਣ ਅਤੇ ਅਨੁਸ਼ਾਸਨ ਦਾ ਨਤੀਜਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਸ ਦੀ ਇਹ ਪ੍ਰਾਪਤੀ ਹੋਰਨਾਂ ਐੱਨ.ਸੀ.ਸੀ. ਕੈਡਿਟਾਂ ਨੂੰ ਵੀ ਉੱਤਮ ਪ੍ਰਦਰਸ਼ਨ ਕਰਨ ਅਤੇ ਕੌਮੀ ਪੱਧਰ ’ਤੇ ਆਪਣੀ ਕਾਬਲੀਅਤ ਸਾਬਤ ਕਰਨ ਲਈ ਪ੍ਰੇਰਿਤ ਕਰੇਗੀ।”

ਦੇਸ਼ ਭਗਤ ਯੂਨੀਵਰਸਿਟੀ ਦੇ ਸਮੂਹ ਪਰਿਵਾਰ ਨੇ ਅੰਡਰ ਅਫ਼ਸਰ ਅਰਜਨ ਬਹਾਦਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਦੇਸ਼ ਦੀ ਸੇਵਾ ਕਰਦਿਆਂ ਭਵਿੱਖ ਵਿੱਚ ਹੋਰ ਵੱਡੀਆਂ ਮੱਲਾਂ ਮਾਰਨ ਲਈ ਉਸ ਦੇ ਉੱਜਵਲ ਅਤੇ ਸਫ਼ਲ ਭਵਿੱਖ ਦੀ ਕਾਮਨਾ ਕੀਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।