ਨਵੀਂ ਦਿੱਲੀ, 9 ਅਕਤੂਬਰ ,ਬੋਲੇ ਪੰਜਾਬ ਬਿਉਰੋ(ਮਨਪ੍ਰੀਤ ਸਿੰਘ ਖਾਲਸਾ):-
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨੌਜਵਾਨ ਸਿੱਖ ਪੀੜ੍ਹੀ ਨਾਲ ਸਿੱਧਾ ਸੰਵਾਦ ਕਾਇਮ ਕਰਨ ਦੀ ਕੋਸ਼ਿਸ਼ ਨੇ ਵਿਰੋਧੀਆਂ ਦੇ ਸਿਆਸੀ ਹਿਸਾਬ-ਕਿਤਾਬ ਹਿਲਾ ਦਿੱਤੇ ਹਨ। ਦਿੱਲੀ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਨੇ ਬਾਦਲ ਦੀ ਨੌਜਵਾਨਾਂ ਤੱਕ ਪਹੁੰਚ ’ਤੇ ਇਤਰਾਜ਼ ਕਰਨ ਵਾਲਿਆਂ ਨੂੰ ‘ਨਕਲੀ ਪੰਥਕਾਂ ਦਾ ਦੋਗਲਾ ਟੋਲਾ’ ਕਰਾਰ ਦਿੰਦਿਆਂ ਉਨ੍ਹਾਂ ਦੀ ਪੰਥਕ ਠੇਕੇਦਾਰੀ ’ਤੇ ਸਿੱਧਾ ਸਵਾਲ ਖੜ੍ਹਾ ਕੀਤਾ ਹੈ। ਸਰਨਾ ਨੇ ਕਿਹਾ ਕਿ ਜਿਹੜੇ ਲੋਕ ਆਪਣੇ ਹੀ ਘਰਾਂ ਦੀ ਅਗਲੀ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਵਿੱਚ ਨਾਕਾਮ ਰਹੇ, ਉਹ ਅੱਜ ਪੂਰੇ ਪੰਥ ਨੂੰ ਸਿੱਖੀ ਅਤੇ ਪੰਥਕਤਾ ਦੇ ਪਾਠ ਪੜ੍ਹਾਉਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੇ ਆਪਣੇ ਆਪ ਨੂੰ ਪੰਥ ਦੀ ਆਵਾਜ਼ ਅਤੇ ਸਿੱਖ ਪਛਾਣ ਦੇ ਰਖਵਾਲੇ ਸਮਝਣ ਦਾ ਭਰਮ ਪਾਲ ਰੱਖਿਆ ਹੈ। ਸਰਨਾ ਨੇ ਸੋਸ਼ਲ ਮੀਡੀਆ ’ਤੇ ਸਰਗਰਮ ਕੁਝ ਆਲੋਚਕਾਂ, ਆਪਣੇ ਆਪ ਨੂੰ ਪੱਤਰਕਾਰ ਕਹਿਣ ਵਾਲਿਆਂ ਅਤੇ ਆਪਣਾ ਪ੍ਰਭਾਵ ਗੁਆ ਚੁੱਕੀਆਂ ਸਿਆਸੀ ਤਾਕਤਾਂ ’ਤੇ ਵੀ ਤਿੱਖਾ ਵਾਰ ਕੀਤਾ। ਉਨ੍ਹਾਂ ਕਿਹਾ ਕਿ ਕੁਝ ਲੋਕ ਪੁਰਾਣੇ ਪਰਿਵਾਰਕ ਨਾਵਾਂ, ਵਿਰਾਸਤੀ ਪਛਾਣਾਂ ਅਤੇ ਬੀਤੇ ਸਮੇਂ ਦੇ ਅਹੁਦਿਆਂ ਦੀਆਂ ਬੈਸਾਖੀਆਂ ਦੇ ਸਹਾਰੇ ਅੱਜ ਵੀ ਪੰਥਕ ਸਿਆਸਤ ਵਿੱਚ ਆਪਣੀ ਥਾਂ ਬਣਾਈ ਰੱਖਣਾ ਚਾਹੁੰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਤਾਕਤਾਂ ਦਾ ਮਕਸਦ ਪੰਥਕ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਨਹੀਂ, ਸਗੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾਗਤ ਤਾਕਤ ਨੂੰ ਕਮਜ਼ੋਰ ਕਰਨਾ ਹੈ। ਸਰਨਾ ਨੇ ਕਿਹਾ ਕਿ ਬਾਦਲ ਦੀ ਨੌਜਵਾਨਾਂ ਤੱਕ ਪਹੁੰਚ ਤੋਂ ਪੈਦਾ ਹੋਈ ਬੇਚੈਨੀ ਨੇ ਇਨ੍ਹਾਂ ਤਾਕਤਾਂ ਦੀ ਅਸਲ ਸੋਚ ਸਾਹਮਣੇ ਲਿਆ ਦਿੱਤੀ ਹੈ। ਸਰਨਾ ਨੇ ਕਿਹਾ ਕਿ “ਨੌਜਵਾਨ ਸਿੱਖ ਕਿਸੇ ਅਖੌਤੀ ਪੰਥਕ ਦਰਬਾਨ ਤੋਂ ਇਜਾਜ਼ਤ ਲੈ ਕੇ ਇਹ ਤੈਅ ਨਹੀਂ ਕਰਨਗੇ ਕਿ ਉਨ੍ਹਾਂ ਨੇ ਕਿਸ ਨੂੰ ਸੁਣਨਾ ਹੈ।” ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਖੁਦ ਸ਼੍ਰੋਮਣੀ ਅਕਾਲੀ ਦਲ, ਇਸ ਦੀ ਲੀਡਰਸ਼ਿਪ ਅਤੇ ਇਸ ਦੇ ਵਿਚਾਰਾਂ ਨੂੰ ਪਰਖੇਗੀ ਅਤੇ ਆਪਣਾ ਫੈਸਲਾ ਆਪ ਕਰੇਗੀ। ਸਰਨਾ ਦੇ ਇਸ ਤਿੱਖੇ ਹਮਲੇ ਨੇ ਪੰਥਕ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ—ਕੌਣ ਸੱਚਮੁੱਚ ਪੰਥ ਦੀ ਅਗਲੀ ਪੀੜ੍ਹੀ ਨੂੰ ਜੋੜ ਰਿਹਾ ਹੈ ਅਤੇ ਕੌਣ ਸਿਰਫ਼ ਪੰਥਕਤਾ ਦੀ ਠੇਕੇਦਾਰੀ ਦੇ ਦਾਅਵੇ ਕਰ ਰਿਹਾ ਹੈ?











