ਚੰਡੀਗੜ੍ਹ, 10 ਅਕਤੂਬਰ, ਬੋਲੇ ਪੰਜਾਬ ਬਿਊਰੋ :
ਕੈਨੇਡਾ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਨਿਸ਼ਾਨਾ ਬਣਾ ਕੇ ਕੀਤੀ ਗਈ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਲੈਂਗਲੀ (Langley) ਵਿੱਚ ਜੀਵਨ ਜੋਹਲ ਦੀ ਉਸ ਦੀ ਆਲੀਸ਼ਾਨ ਰੇਂਜ ਰੋਵਰ ਗੱਡੀ ਦੇ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਅਨੁਸਾਰ, ਜੋਹਲ ਦਾ ਸਬੰਧ ‘ਬਰਦਰਜ਼ ਕੀਪਰਜ਼’ (Brothers Keepers) ਗੈਂਗ ਨਾਲ ਸੀ; ਉਸ ਨੂੰ ਅਤੇ ਉਸ ਦੀ ਪਤਨੀ ਨੂੰ ਪਹਿਲਾਂ ਵੀ ਉਨ੍ਹਾਂ ਦੀ ਜਾਨ ਨੂੰ ਖਤਰਾ ਹੋਣ ਬਾਰੇ ਚੇਤਾਵਨੀ ਦਿੱਤੀ ਗਈ ਸੀ।
ਇਹ ਘਟਨਾ 5 ਅਕਤੂਬਰ ਨੂੰ ਵਾਪਰੀ। ਸ਼ਾਮ ਵੇਲੇ ਲੈਂਗਲੀ ਵਿੱਚ ‘ਕੈਕਟਸ ਕਲੱਬ ਕੈਫੇ’ (Cactus Club Cafe) ਦੇ ਬਾਹਰ ਇੱਕ ਚਿੱਟੇ ਰੰਗ ਦੀ ਆਲੀਸ਼ਾਨ ਰੇਂਜ ਰੋਵਰ ਖੜ੍ਹੀ ਸੀ। ਗੱਡੀ ਦੇ ਅੰਦਰ ਬੈਠੇ 23 ਸਾਲਾ ਜੀਵਨ ਜੋਹਲ ‘ਤੇ ਦੋ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ।
ਘਟਨਾ ਵਾਲੀ ਥਾਂ ਤੋਂ ਇੱਕ ਕਿਲੋਮੀਟਰ ਦੂਰ ਇੱਕ ਸੜਦੀ ਹੋਈ ਗੱਡੀ ਮਿਲੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਸਬੂਤ ਮਿਟਾਉਣ ਲਈ ਗੱਡੀ ਨੂੰ ਅੱਗ ਲਗਾ ਦਿੱਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਸ ਗੱਡੀ ਦਾ ਸਿੱਧਾ ਸਬੰਧ ਜੋਹਲ ਦੇ ਕਤਲ ਨਾਲ ਹੈ ਜਾਂ ਨਹੀਂ।











