ਪਟਿਅਲਾ 11 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਖੋਜ ਕਾਰਜਾਂ ਨੇ ਇਕ ਵਾਰ ਫਿਰ ਵਿਸ਼ਵ ਪੱਧਰ ’ਤੇ ਅਪਣੀ ਪਛਾਣ ਦਰਜ ਕਰਵਾਈ ਹੈ। ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਵਲੋਂ ਜਾਰੀ ਸਾਲ 2026 ਦੀ ਵਿਸ਼ਵ ਦੇ ਚੋਟੀ ਦੇ ਦੋ ਫ਼ੀ ਸਦੀ ਵਿਗਿਆਨੀਆਂ ਦੀ ਸੂਚੀ ਵਿਚ ਪੰਜਾਬੀ ਯੂਨੀਵਰਸਿਟੀ ਦੇ 15 ਅਧਿਆਪਕਾਂ ਨੂੰ ਥਾਂ ਮਿਲੀ ਹੈ। ਇਨ੍ਹਾਂ ਵਿਚੋਂ 13 ਅਧਿਆਪਕ ਇਕ ਸਾਲ ਦੀ ਖੋਜ ਦੇ ਆਧਾਰ ’ਤੇ ਤਿਆਰ ਕੀਤੀ ‘ਸਿੰਗਲ ਈਅਰ’ ਸ਼੍ਰੇਣੀ ਵਿਚ ਸ਼ਾਮਲ ਹਨ, ਜਦਕਿ 9 ਅਧਿਆਪਕਾਂ ਦੇ ਨਾਂ ‘ਕੈਰੀਅਰ-ਲੌਂਗ’ ਸ਼੍ਰੇਣੀ ਵਿਚ ਦਰਜ ਹੋਏ ਹਨ।
ਦੋਵਾਂ ਸ਼੍ਰੇਣੀਆਂ ਵਿਚ ਕੁਝ ਅਧਿਆਪਕਾਂ ਦੇ ਨਾਂ ਸਾਂਝੇ ਹੋਣ ਕਾਰਨ ਵਿਲੱਖਣ ਅਧਿਆਪਕਾਂ ਦੀ ਕੁੱਲ ਗਿਣਤੀ 15 ਬਣਦੀ ਹੈ। ਇਕ ਸਾਲ ਦੀ ਖੋਜ ਦੇ ਆਧਾਰ ’ਤੇ ਤਿਆਰ ਕੀਤੀ ਸੂਚੀ ਸਾਲ 2025 ਦੌਰਾਨ ਕੀਤੇ ਗਏ ਖੋਜ ਕਾਰਜਾਂ ’ਤੇ ਆਧਾਰਤ ਹੈ। ਵਿਗਿਆਨੀਆਂ ਦੀ ਚੋਣ ਲਈ ਉਨ੍ਹਾਂ ਦੇ ਖੋਜ ਪ੍ਰਦਰਸ਼ਨ ਅਤੇ ਹਵਾਲਿਆਂ ਨਾਲ ਸਬੰਧਤ ਸੀ-ਸਕੋਰ ਸਮੇਤ ਵੱਖ-ਵੱਖ ਮਾਪਦੰਡਾਂ ਨੂੰ ਆਧਾਰ ਬਣਾਇਆ ਜਾਂਦਾ ਹੈ।
ਇਸ ਪ੍ਰਾਪਤੀ ਨੂੰ ਯੂਨੀਵਰਸਿਟੀ ਦੇ ਖੋਜ ਕਾਰਜਾਂ ਤੇ ਅਕਾਦਮਿਕ ਸਰਗਰਮੀਆਂ ਲਈ ਅਹਿਮ ਮੰਨਿਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਪ੍ਰਾਪਤੀ ਲਈ ਸਾਰੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸੰਸਥਾ ਲਈ ਮਾਣ ਵਾਲੀ ਗੱਲ ਹੈ ਕਿ ਇਸ ਦੇ ਅਧਿਆਪਕ ਵਿਸ਼ਵ ਪੱਧਰ ’ਤੇ ਅਪਣੀ ਖੋਜ ਸਮਰੱਥਾ ਦਾ ਲੋਹਾ ਮਨਵਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਯੂਨੀਵਰਸਿਟੀ ਵਿਚ ਮਜ਼ਬੂਤ ਹੋ ਰਹੇ ਖੋਜ ਸਭਿਆਚਾਰ ਅਤੇ ਅਕਾਦਮਕ ਮਾਹੌਲ ਦਾ ਪ੍ਰਮਾਣ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿਚ ਹੋਰ ਅਧਿਆਪਕ ਵੀ ਇਸ ਵੱਕਾਰੀ ਸੂਚੀ ਵਿਚ ਥਾਂ ਬਣਾ ਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕਰਨਗੇ।
ਇਕ ਸਾਲ ਦੀ ਖੋਜ ਦੇ ਆਧਾਰ ’ਤੇ ਤਿਆਰ ਕੀਤੀ ਸ਼੍ਰੇਣੀ ਵਿਚ ਪੰਜਾਬੀ ਯੂਨੀਵਰਸਿਟੀ ਦੇ ਡਾ. ਰਾਮ ਸਰੂਪ ਸਿੰਘ, ਡਾ. ਐੱਸ. ਕੇ. ਅਸ਼ੋਕ ਕੁਮਾਰ, ਡਾ. ਪ੍ਰਵੀਨ ਲਤਾ, ਡਾ. ਅਮਤੇਸ਼ਵਰ ਸਿੰਘ ਜੱਗੀ, ਡਾ. ਓਮ ਸਿਲਾਕਾਰੀ, ਡਾ. ਨਰਿੰਦਰ ਪਾਲ ਸਿੰਘ, ਡਾ. ਅਸ਼ੋਕ ਕੁਮਾਰ ਮਲਿਕ, ਡਾ. ਅਮਨਪ੍ਰੀਤ ਕੌਰ, ਡਾ. ਨਿਰਮਲ ਸਿੰਘ, ਡਾ. ਸੁਭਜੀਤ ਪਾਂਡਾ, ਡਾ. ਰਾਜੇਸ਼ ਕੁਮਾਰ ਗੋਇਲ, ਡਾ. ਪੁਨੀਤਪਾਲ ਅਤੇ ਡਾ. ਗੁਲਸ਼ਨ ਬਾਂਸਲ ਦੇ ਨਾਂ ਸ਼ਾਮਲ ਹਨ। ਲੰਮੇ ਸਮੇਂ ਦੇ ਖੋਜ ਕਾਰਜਾਂ ਤੇ ਅਕਾਦਮਕ ਯੋਗਦਾਨ ਦੇ ਆਧਾਰ ’ਤੇ ਤਿਆਰ ਕੀਤੀ ‘ਕੈਰੀਅਰ-ਲੌਂਗ’ ਸ਼੍ਰੇਣੀ ਵਿਚ ਡਾ. ਰਾਮ ਸਰੂਪ ਸਿੰਘ, ਡਾ. ਅਸ਼ੋਕ ਕੁਮਾਰ ਮਲਿਕ, ਡਾ. ਅਸ਼ੋਕ ਕੁਮਾਰ ਤਿਵਾੜੀ, ਡਾ. ਅਮਤੇਸ਼ਵਰ ਸਿੰਘ ਜੱਗੀ, ਡਾ. ਅਮਨਪ੍ਰੀਤ ਕੌਰ, ਡਾ. ਓਮ ਸਿਲਾਕਾਰੀ, ਡਾ. ਨਿਰਮਲ ਸਿੰਘ, ਡਾ. ਬੀ. ਬੀ. ਚੰਦਨ ਸਿੰਘ ਅਤੇ ਡਾ. ਪ੍ਰਵੀਨ ਲਤਾ ਦੇ ਨਾਂ ਸ਼ਾਮਲ ਹਨ।












