ਸਰਹੱਦ ਪਾਰੋਂ ਫਿਰੌਤੀ ਨੈੱਟਵਰਕ ਦਾ ਪਰਦਾਫਾਸ਼; ਨਾਬਾਲਗ ਸਮੇਤ ਦੋ ਕਾਬੂ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 12 ਅਕਤੂਬਰ ,ਬੋਲੇ ਪੰਜਾਬ ਬਿਊਰੋ;

ਮਾਲੇਰਕੋਟਲਾ ਪੁਲੀਸ ਨੇ ਤਕਨੀਕੀ ਜਾਂਚ ਦੇ ਆਧਾਰ ’ਤੇ ਵਿਦੇਸ਼ੀ ਨੰਬਰਾਂ ਤੋਂ ਵਟਸਐਪ ਕਾਲਾਂ ਰਾਹੀਂ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਐੱਸਐੱਸਪੀ ਮਾਲੇਰਕੋਟਲਾ ਹਰਕਮਲ ਪ੍ਰੀਤ ਸਿੰਘ ਖੱਖ ਅਨੁਸਾਰ ਇਸ ਮਾਮਲੇ ਵਿੱਚ ਪਾਕਿਸਤਾਨ ਸਥਿਤ ਹੈਂਡਲਰਾਂ ਦੀ ਭੂਮਿਕਾ ਸਾਹਮਣੇ ਆਈ ਹੈ ਅਤੇ ਦੋ ਸਥਾਨਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇੱਕ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਮੁਲਜ਼ਮਾਂ ’ਤੇ ਸ਼ਿਕਾਇਤਕਰਤਾ ਦੇ ਘਰ ਦੀ ਰੇਕੀ ਕਰਕੇ ਵੀਡੀਓ ਅਤੇ ਲੋਕੇਸ਼ਨ ਸਰਹੱਦ ਪਾਰ ਬੈਠੇ ਹੈਂਡਲਰਾਂ ਨਾਲ ਸਾਂਝੀ ਕਰਨ ਦੇ ਦੋਸ਼ ਹਨ।ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਨੁਮਾਨ ਅੰਸਾਰੀ ਪੁੱਤਰ ਨੁਸ਼ਾਂਤ ਅਹਿਮਦ ਵਾਸੀ ਲੁਧਿਆਣਾ ਬਾਈਪਾਸ ਮਾਲੇਰਕੋਟਲਾ ਅਤੇ ਮੁਹੰਮਦ ਗੁਲਫਾਮ ਪੁੱਤਰ ਰਹੀਸ ਅਹਿਮਦ ਵਾਸੀ ਪੰਡਿਆਂ ਮੁਹੱਲਾ ਮਾਲੇਰਕੋਟਲਾ ਵਜੋਂ ਹੋਈ ਹੈ।ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਪੂਰੀ ਕਾਰਵਾਈ ਦੀ ਯੋਜਨਾ ਅਤੇ ਅਮਲ ਜ਼ਿਲ੍ਹਾ ਸਾਈਬਰ ਟੀਮ ਵੱਲੋਂ ਡੀਐੱਸਪੀ (ਜਾਂਚ) ਦੀਪਇੰਦਰਪਾਲ ਸਿੰਘ ਜੇਜੀ ਦੀ ਨਿਗਰਾਨੀ ਹੇਠ ਕੀਤਾ ਗਿਆ।

ਸ਼ਿਕਾਇਤਕਰਤਾ ਲਵਨੀਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਧੂਰੀ ਰੋਡ ਮਾਲੇਰਕੋਟਲਾ ਨੇ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਵਟਸਐਪ ਕਾਲਾਂ ਆਉਣ ਦੀ ਸ਼ਿਕਾਇਤ ਦਿੱਤੀ ਸੀ। ਫੋਨ ਕਰਨ ਵਾਲਿਆਂ ਨੇ ਕਥਿਤ ਤੌਰ ’ਤੇ ਉਸ ਨੂੰ ਇੱਕ ਵੀਡੀਓ ਅਤੇ ਉਸ ਦੇ ਘਰ ਦੀ ਲੋਕੇਸ਼ਨ ਭੇਜ ਕੇ ਪੈਸਿਆਂ ਦੀ ਮੰਗ ਕੀਤੀ ਅਤੇ ਮੰਗ ਪੂਰੀ ਨਾ ਕਰਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਐੱਸਐੱਸਪੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਟੀਮ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਸ਼ਿਕਾਇਤਕਰਤਾ ਦੇ ਘਰ ਦੀ ਵੀਡੀਓ ਬਣਾਉਣ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਵਿੱਚ ਮਦਦ ਮਿਲੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਦੀ ਤਕਨੀਕੀ ਜਾਂਚ ਤੋਂ ਪਾਕਿਸਤਾਨ ਸਥਿਤ ਹੈਂਡਲਰਾਂ ਨਾਲ ਉਨ੍ਹਾਂ ਦੇ ਸੰਪਰਕਾਂ ਸਬੰਧੀ ਅਹਿਮ ਜਾਣਕਾਰੀ ਸਾਹਮਣੇ ਆਈ।

ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ ’ਤੇ ਥਾਣਾ ਸਾਈਬਰ ਕ੍ਰਾਈਮ, ਮਾਲੇਰਕੋਟਲਾ ’ਚ ਬੀਐੱਨਐੱਸ ਦੀਆਂ ਧਾਰਾਵਾਂ 308(4) ਅਤੇ 351(3) ਤਹਿਤ ਐੱਫਆਈਆਰ ਨੰਬਰ 28 ਦਰਜ ਕੀਤੀ ਗਈ ਹੈ।ਐੱਸਐੱਸਪੀ ਮੁਤਾਬਿਕ ਨੁਮਾਨ ਅੰਸਾਰੀ ਦੀ ਪਾਕਿਸਤਾਨ ਸਥਿਤ ਅੰਤਰਰਾਸ਼ਟਰੀ ਹੈਂਡਲਰਾਂ ਨਾਲ ਪਹਿਲਾਂ ਇੰਸਟਾਗ੍ਰਾਮ ਅਤੇ ਬਾਅਦ ਵਿੱਚ ਵਟਸਐਪ ਰਾਹੀਂ ਜਾਣ-ਪਛਾਣ ਹੋਈ ਸੀ। ਉਸ ਨੇ ਮੁਹੰਮਦ ਗੁਲਫਾਮ ਨਾਲ ਮਿਲ ਕੇ ਕਥਿਤ ਤੌਰ ’ਤੇ ਪਾਕਿਸਤਾਨ ਸਥਿਤ ਵਿਅਕਤੀਆਂ ਰਾਹੀਂ ਸ਼ਿਕਾਇਤਕਰਤਾ ਦਾ ਕਤਲ ਕਰਵਾਉਣ ਦੀ ਸਾਜ਼ਿਸ਼ ਰਚੀ।

ਮੁਹੰਮਦ ਗੁਲਫਾਮ ਨੇ ਸ਼ਿਕਾਇਤਕਰਤਾ ਦੇ ਘਰ ਦੀ ਵੀਡੀਓ ਬਣਾ ਕੇ ਲੋਕੇਸ਼ਨ ਉਨ੍ਹਾਂ ਨਾਲ ਸਾਂਝੀ ਕੀਤੀ। ਪੁਲੀਸ ਅਨੁਸਾਰ ਮੁਹੰਮਦ ਗੁਲਫਾਮ ਦੀ ਸ਼ਿਕਾਇਤਕਰਤਾ ਨਾਲ ਪੁਰਾਣੀ ਰੰਜਿਸ਼ ਸੀ। ਐੱਸਐੱਸਪੀ ਨੇ ਦੱਸਿਆ ਕਿ ਦੋਵਾਂ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਸਮਰੱਥ ਅਦਾਲਤ ਵਿੱਚ ਪੇਸ਼ ਕਰਕੇ ਇਸ ਨੈੱਟਵਰਕ ਦੇ ਅਗਲੇ ਤੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਨਾਬਾਲਗ ਨੂੰ ਜੁਵੇਨਾਈਲ ਜਸਟਿਸ ਬੋਰਡ ਅੱਗੇ ਪੇਸ਼ ਕੀਤਾ ਜਾਵੇਗਾ ਅਤੇ ਉਸ ਦੇ ਮਾਮਲੇ ਵਿੱਚ ਜੁਵੇਨਾਈਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ, 2015 ਦੇ ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।