ਮਾਨਸਾ, 16 ਅਕਤੂਬਰ, ਬੋਲੇ ਪੰਜਾਬ ਬਿਊਰੋ :
ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੇ ਕਤਲ ਤੋਂ ਬਾਅਦ ਪਰਿਵਾਰ ਅਤੇ ਸਥਾਨਕ ਲੋਕਾਂ ਵੱਲੋਂ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਲਗਾਤਾਰ ਚੌਥੇ ਦਿਨ ਵੀ ਜਾਰੀ ਹੈ। ਪਰਿਵਾਰ ਆਪਣੀਆਂ ਮੰਗਾਂ ‘ਤੇ ਅਟੱਲ ਹੈ, ਜਿਨ੍ਹਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਅਸਤੀਫ਼ੇ ਦੇ ਨਾਲ-ਨਾਲ ਸੀਬੀਆਈ (CBI) ਜਾਂਚ ਦੀ ਮੰਗ ਸ਼ਾਮਲ ਹੈ। ਹਾਲਾਂਕਿ ਪ੍ਰਸ਼ਾਸਨ ਨੇ ਪਰਿਵਾਰ ਨਾਲ ਕਈ ਦੌਰ ਦੀ ਗੱਲਬਾਤ ਕੀਤੀ ਹੈ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ।
ਮ੍ਰਿਤਕ ਦੇ ਪਿਤਾ, ਭੀਮ ਸਿੰਘ ਨੇ ਕਿਹਾ ਹੈ ਕਿ ਉਹ ਆਪਣੇ ਪੁੱਤਰ ਦੀ ਲਾਸ਼ ਉਦੋਂ ਤੱਕ ਨਹੀਂ ਲੈਣਗੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ। ਅਜੇ ਤੱਕ ਪੋਸਟਮਾਰਟਮ ਨਹੀਂ ਹੋਇਆ ਹੈ ਅਤੇ ਲਾਸ਼ ਨੂੰ ਫਿਲਹਾਲ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ।
ਜਿਕਰਯੋਗ ਹੈ ਕਿ 13 ਅਕਤੂਬਰ ਨੂੰ, ਨਸ਼ਿਆਂ ਦੀ ਵਿਕਰੀ ਦਾ ਵਿਰੋਧ ਕਰਨ ‘ਤੇ ਇੱਕ ਮੈਡੀਕਲ ਸਟੋਰ ਦੇ ਮਾਲਕ, ਅਸ਼ਵਨੀ ਕੁਮਾਰ ਨੇ ਪਰਵਿੰਦਰ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਅਸ਼ਵਨੀ ਕੁਮਾਰ, ਉਸ ਦੀ ਪਤਨੀ ਨੀਲਮ ਰਾਣੀ ਅਤੇ ਇਸ ਅਪਰਾਧ ਵਿੱਚ ਮਦਦ ਕਰਨ ਵਾਲੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਸੱਤ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਹਨ।












