ਮੰਗ ਪੱਤਰ ਦੇ ਕੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਹੱਲ ਕਰਨ ਦੀ ਕੀਤੀ ਮੰਗ; ਸੁਪਰਡੈਂਟ ਵਿਕਾਸ ਵਰਮਾ ਨੇ ਸਬੰਧਤ ਵਿੰਗਾਂ ਨੂੰ ਮੌਕੇ ’ਤੇ ਦਿੱਤੀਆਂ ਹਦਾਇਤਾਂ
ਮੋਹਾਲੀ,24, ਅਕਤੂਬਰ ,ਬੋਲੇ ਪੰਜਾਬ ਬਿਊਰੋ;
ਪੀ.ਡਬਲਿਊ.ਡੀ. ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦਾ ਡੈਪੂਟੇਸ਼ਨ ਕਮੇਟੀ ਦੇ ਕਨਵੀਨਰ ਮਲਾਗਰ ਸਿੰਘ ਖਮਾਣੋ ਦੀ ਅਗਵਾਈ ਹੇਠ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਵਿਭਾਗੀ ਮੁਖੀ ਨੂੰ ਮੁੱਖ ਦਫ਼ਤਰ ਮੋਹਾਲੀ ਵਿਖੇ ਮਿਲਿਆ। ਡੈਪੂਟੇਸ਼ਨ ਵੱਲੋਂ ਵਿਭਾਗ ਦੇ ਰੈਗੂਲਰ, ਇਨਲਿਸਟਮੈਂਟ ਅਤੇ ਆਊਟਸੋਰਸਿੰਗ ਮੁਲਾਜ਼ਮਾਂ ਤੇ ਕਾਮਿਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਸਬੰਧੀ ਵਿਸਥਾਰਪੂਰਵਕ ਮੰਗ ਪੱਤਰ ਦਿੱਤਾ ਗਿਆ।ਡੈਪੂਟੇਸ਼ਨ ਨੇ ਮੰਗ ਕੀਤੀ ਕਿ ਵਿਭਾਗ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਇਨਲਿਸਟਮੈਂਟ ਅਤੇ ਆਊਟਸੋਰਸਿੰਗ ਕਾਮਿਆਂ ਨੂੰ ਸਰਕਾਰ ਦੀ ਨੀਤੀ ਅਨੁਸਾਰ ਵਿਭਾਗ ਵਿੱਚ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ। ਰੈਗੂਲਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ, ਭੱਤਿਆਂ, ਤਰੱਕੀਆਂ, ਪੈਨਸ਼ਨ ਅਤੇ ਹੋਰ ਸੇਵਾ ਲਾਭਾਂ ਨਾਲ ਸਬੰਧਤ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ। ਇਸ ਤੋਂ ਇਲਾਵਾ ਕੱਚੇ ਕਾਮਿਆਂ ਦੀਆਂ ਤਨਖ਼ਾਹਾਂ ਅਤੇ ਸੇਵਾ ਸ਼ਰਤਾਂ ਵਿੱਚ ਸੁਧਾਰ ਕਰਨ, ਬਕਾਇਆ ਵਿੱਤੀ ਲਾਭ ਦੇਣ ਅਤੇ ਮੁਲਾਜ਼ਮਾਂ ਨੂੰ ਦਰਪੇਸ਼ ਹੋਰ ਵਿਭਾਗੀ ਸਮੱਸਿਆਵਾਂ ਹੱਲ ਕਰਨ ਦੀ ਮੰਗ ਕੀਤੀ ਗਈ।
ਮੰਗ ਪੱਤਰ ਵਿੱਚ ਵਿਭਾਗ ਦੇ ਫੀਲਡ ਮੁਲਾਜ਼ਮਾਂ ਦੀਆਂ ਸਮੱਸਿਆਵਾਂ, ਤਕਨੀਕੀ ਅਤੇ ਗੈਰ-ਤਕਨੀਕੀ ਕਾਮਿਆਂ ਦੀਆਂ ਸੇਵਾ ਸਬੰਧੀ ਮੰਗਾਂ, ਤਰੱਕੀਆਂ ਅਤੇ ਹੋਰ ਬਣਦੇ ਲਾਭਾਂ ਤੋਂ ਇਲਾਵਾ ਮੁਲਾਜ਼ਮਾਂ ਦੀ ਭਲਾਈ ਨਾਲ ਸਬੰਧਤ ਮਸਲਿਆਂ ਨੂੰ ਵੀ ਉਠਾਇਆ ਗਿਆ। ਕਮੇਟੀ ਨੇ ਜ਼ੋਰ ਦਿੱਤਾ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲੰਬੇ ਸਮੇਂ ਤੱਕ ਲਟਕਾਉਣ ਦੀ ਬਜਾਏ ਉਨ੍ਹਾਂ ਦਾ ਸਮਾਂਬੱਧ ਹੱਲ ਕੀਤਾ ਜਾਵੇ।
ਡੈਪੂਟੇਸ਼ਨ ਨਾਲ ਗੱਲਬਾਤ ਦੌਰਾਨ ਵਿਭਾਗੀ ਮੁਖੀ ਦੇ ਸੁਪਰਡੈਂਟ ਵਿਕਾਸ ਵਰਮਾ ਨੇ ਮੰਗ ਪੱਤਰ ਵਿੱਚ ਦਰਜ ਮੰਗਾਂ ਸਬੰਧੀ ਸਬੰਧਤ ਵਿੰਗਾਂ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਲੋੜੀਂਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਵੱਲੋਂ ਮੰਗਾਂ ਨੂੰ ਸਬੰਧਤ ਸ਼ਾਖਾਵਾਂ ਰਾਹੀਂ ਵਿਚਾਰਨ ਅਤੇ ਅਗਲੀ ਕਾਰਵਾਈ ਕਰਨ ਸਬੰਧੀ ਕਦਮ ਚੁੱਕੇ ਗਏ। ਇਸ ਮੌਕੇ ਸੈਸ਼ਨ ਉਪਰੰਤ ਕਮੇਟੀ ਦੇ ਡੈਪੂਟੇਸ਼ਨ ਨਾਲ ਮੀਟਿੰਗ ਦਾ ਸਮਾਂ ਦੇਣ ਦਾ ਫ਼ੈਸਲਾ ਵੀ ਕੀਤਾ ਗਿਆ, ਤਾਂ ਜੋ ਮੰਗਾਂ ’ਤੇ ਵਿਸਥਾਰ ਨਾਲ ਵਿਚਾਰ ਕਰਕੇ ਉਨ੍ਹਾਂ ਦੇ ਹੱਲ ਲਈ ਅਗਲੀ ਕਾਰਵਾਈ ਕੀਤੀ ਜਾ ਸਕੇ।ਕਮੇਟੀ ਦੇ ਕਨਵੀਨਰ ਮਲਾਗਰ ਸਿੰਘ ਖਮਾਣੋ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕਰਨਾ ਵਿਭਾਗ ਅਤੇ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਬੰਧਤ ਅਧਿਕਾਰੀ ਮੰਗਾਂ ਨੂੰ ਗੰਭੀਰਤਾ ਨਾਲ ਲੈ ਕੇ ਜਲਦੀ ਹੱਲ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮੰਗਾਂ ਦੇ ਹੱਲ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਤਾਲਮੇਲ ਸੰਘਰਸ਼ ਕਮੇਟੀ ਮੁਲਾਜ਼ਮਾਂ ਦੀ ਏਕਤਾ ਨਾਲ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਵਿਸ਼ਾਲ ਸਿੰਘ ਮੋਹਾਲੀ,ਟੇਕ ਸਿੰਘ, ਸੁਖਦੇਵ ਸਿੰਘ ਕੁਬਾਹੇੜੀ, ਅਮਰੀਕ ਸਿੰਘ ਰਾਜਾ, ਹਿੰਮਤ ਸਿੰਘ ਆਦਿ ਹਾਜ਼ਰ ਸਨ।












