ਖਰੜ 25 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਖਰੜ ਦੇ ਸਬ-ਡਵੀਜ਼ਨਲ ਹਸਪਤਾਲ ਵਿੱਚ ਸ਼ਨੀਵਾਰ ਸ਼ਾਮ ਕਰੀਬ 8:30 ਵਜੇ ਇਲਾਜ ਕਰਵਾਉਣ ਆਏ ਇੱਕ ਵਿਅਕਤੀ ਨੇ ਡਿਊਟੀ ’ਤੇ ਤਾਇਨਾਤ ਮਹਿਲਾ ਮੈਡੀਕਲ ਅਫ਼ਸਰ ’ਤੇ ਹਮਲਾ ਕਰ ਦਿੱਤਾ, ਉਸ ਦੀ ਕਮੀਜ਼ ਪਾੜ ਦਿੱਤੀ ਅਤੇ ਹਸਪਤਾਲ ਦੀ ਸਰਕਾਰੀ ਜਾਇਦਾਦ ਦੀ ਭੰਨਤੋੜ ਕੀਤੀ। ਹਸਪਤਾਲ ਵਿੱਚ ਲਗਭਗ ਇੱਕ ਘੰਟਾ ਚੱਲੇ ਇਸ ਹੰਗਾਮੇ ਅਤੇ ਭਾਰੀ ਜੱਦੋ-ਜਹਿਦ ਤੋਂ ਬਾਅਦ ਸਟਾਫ਼ ਨੇ ਮੁਲਜ਼ਮ ’ਤੇ ਕਾਬੂ ਪਾ ਕੇ ਉਸ ਨੂੰ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਨੇ ਮੁਲਜ਼ਮ ਦੀ ਪਛਾਣ ਰਣਜੀਤਪਾਲ ਸਿੰਘ ਵਾਸੀ ਹੀਰਾ ਸਿੰਘ ਨਗਰ, ਨੇੜੇ ਰਾਮ ਬਾਗ, ਖਰੜ ਵਜੋਂ ਕੀਤੀ ਹੈ ਅਤੇ ਸਰਕਾਰੀ ਮੁਲਾਜ਼ਮ ’ਤੇ ਹਮਲਾ ਕਰਨ ਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਤਹਿਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਐਰੋਸਿਟੀ (ਮੁਹਾਲੀ) ਦੀ ਵਸਨੀਕ ਪੀੜਤ ਡਾਕਟਰ ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਰਾਤ ਕਰੀਬ 8 ਵਜੇ ਡਿਊਟੀ ’ਤੇ ਮੌਜੂਦ ਸੀ, ਜਦੋਂ ਉਕਤ ਵਿਅਕਤੀ ਇਲਾਜ ਲਈ ਆਇਆ। ਜਾਂਚ ਦੌਰਾਨ ਉਹ ਕਿਸੇ ਗੱਲ ਨੂੰ ਲੈ ਕੇ ਬਹਿਸ ਕਰਨ ਲੱਗ ਪਿਆ। ਦੇਖਦੇ ਹੀ ਦੇਖਦੇ ਉਸ ਨੇ ਡਾਕਟਰ ਦੇ ਵਾਲ ਫੜ ਲਏ ਅਤੇ ਉਸ ਦੀ ਕਮੀਜ਼ ਪਾੜ ਦਿੱਤੀ। ਜਦੋਂ ਹਸਪਤਾਲ ਦੇ ਹੋਰ ਸਟਾਫ਼ ਮੈਂਬਰ ਬਚਾਅ ਲਈ ਅੱਗੇ ਆਏ ਤਾਂ ਉਹ ਉਨ੍ਹਾਂ ਨਾਲ ਵੀ ਹੱਥੋਪਾਈ ਹੋ ਗਿਆ।ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਡਾਕਟਰ ਨੇ ਦੱਸਿਆ ਕਿ ਗੁੱਸੇ ਵਿੱਚ ਆਏ ਵਿਅਕਤੀ ਨੇ ਹਸਪਤਾਲ ਵਿੱਚ ਪਏ ਸਾਮਾਨ ਅਤੇ ਸਰਕਾਰੀ ਜਾਇਦਾਦ ਦੀ ਭੰਨਤੋੜ ਸ਼ੁਰੂ ਕਰ ਦਿੱਤੀ। ਕਾਫ਼ੀ ਮੁਸ਼ੱਕਤ ਤੋਂ ਬਾਅਦ ਸਟਾਫ਼ ਨੇ ਉਸ ’ਤੇ ਕਾਬੂ ਪਾਇਆ ਅਤੇ ਪੁਲੀਸ ਬੁਲਾਈ।ਸਿਟੀ ਖਰੜ ਪੁਲੀਸ ਨੇ ਇਸ ਸਬੰਧੀ ਕਾਰਵਾਈ ਕਰਦਿਆਂ 24 ਅਕਤੂਬਰ ਨੂੰ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 115 (2) (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), 76 (ਮਹਿਲਾ ਦੇ ਕੱਪੜੇ ਲਾਹੁਣ ਜਾਂ ਬੇਪੱਤ ਕਰਨ ਦੇ ਇਰਾਦੇ ਨਾਲ ਜ਼ੋਰ ਵਰਤਣਾ), 132 (ਸਰਕਾਰੀ ਕਰਮਚਾਰੀ ’ਤੇ ਹਮਲਾ), 221 (ਸਰਕਾਰੀ ਡਿਊਟੀ ’ਚ ਵਿਘਨ ਪਾਉਣਾ) ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਦੀ ਰੋਕਥਾਮ ਐਕਟ (Public Property Prevention of Damage Act) ਦੀ ਧਾਰਾ 3-4 ਤਹਿਤ ਮਾਮਲਾ ਦਰਜ ਕਰ ਲਿਆ ਹੈ।












