ਟੋਕੀਓ 25 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਜਾਪਾਨ ਵਿੱਚ ਇੱਕ ਵਾਰ ਫਿਰ ਤੋਂ ਧਰਤੀ ਕੰਬਣ ਦੀ ਵਾਪਰੀ ਘਟਨਾ ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਜਾਪਾਨ ਦੇ ਬੋਨਿਨ ਟਾਪੂ (ਓਗਾਸਾਵਾਰਾ ਟਾਪੂ ਸਮੂਹ) ਵਿੱਚ ਐਤਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 6.3 ਮਾਪੀ ਗਈ ਹੈ। ਸੰਯੁਕਤ ਰਾਜ ਅਮਰੀਕਾ ਦੇ ਭੂ-ਵਿਗਿਆਨਕ ਸਰਵੇਖਣ USGS ਮੁਤਾਬਕ ਇਹ ਭੂਚਾਲ 25 ਅਕਤੂਬਰ, ਦਿਨ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11:09 ਵਜੇ ਆਇਆ।
ਭੂਚਾਲ ਦਾ ਕੇਂਦਰ ਰਾਜਧਾਨੀ ਟੋਕੀਓ ਤੋਂ ਲਗਭਗ 1000 ਕਿਲੋਮੀਟਰ ਦੱਖਣ-ਦੱਖਣ-ਪੂਰਬ ਵੱਲ ਸਥਿਤ ਬੋਨਿਨ ਟਾਪੂਆਂ ਵਿੱਚ ਧਰਤੀ ਤੋਂ 492 ਕਿਲੋਮੀਟਰ ਦੀ ਡੂੰਘਾਈ ਵਿੱਚ ਦਰਜ ਕੀਤਾ ਗਿਆ ਹੈ। ਡੂੰਘਾਈ ਜ਼ਿਆਦਾ ਹੋਣ ਦੇ ਕਾਰਨ ਧਰਤੀ ਦੀ ਸਤ੍ਹਾ ‘ਤੇ ਇਸ ਦਾ ਅਸਰ ਘੱਟ ਦੇਖਣ ਨੂੰ ਮਿਲਿਆ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਅਤੇ ਨਾ ਹੀ ਪ੍ਰਸ਼ਾਸਨ ਵਲੋਂ ਸੁਨਾਮੀ ਆਉਣ ਦੀ ਕੋਈ ਚੇਤਾਵਨੀ ਜਾਰੀ ਕੀਤੀ ਗਈ ਹੈ।












