ਸਾਹਿਬਜ਼ਾਦਾ ਅਜੀਤ ਸਿੰਘ ਨਗਰ 25 ਅਕਤੂਬਰ ,ਬੋਲੇ ਪੰਜਾਬ ਬਿਊਰੋ:
ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ ਹੇਠ ਦਫ਼ਤਰ ਸਹਾਇਕ ਡਾਇਰੈਕਟਰ, ਪੰਜਾਬੀ ਸੈੱਲ, ਚੰਡੀਗੜ੍ਹ ਵੱਲੋਂ ਚੰਡੀਗੜ੍ਹ ਵਿਖੇ ਸਥਿਤ ਸਰਕਾਰੀ ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਪੰਜਾਬੀ ਸਾਹਿਤ ਸਿਰਜਣ ਅਤੇ ਕਾਵਿ ਗਾਇਨ ਮੁਕਾਬਲੇ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ (ਸ਼ੋਰਿਆ ਚੱਕਰ) ਸਰਕਾਰੀ ਕਾਲਜ, ਫੇਜ਼-06, ਮੋਹਾਲੀ ਵਿਖੇ ਕਰਵਾਏ ਗਏ।
ਸਹਾਇਕ ਡਾਇਰੈਕਟਰ ਸ੍ਰੀਮਤੀ ਸੁਰਿੰਦਰ ਕੌਰ ਦੀ ਦੇਖ-ਰੇਖ ਹੇਠ ਕਰਵਾਏ ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਸਕੂਲੀ ਵਿਦਿਆਰਥੀਆਂ ਦੀਆਂ ਸਾਹਿਤਕ ਅਤੇ ਕਲਾਤਮਕ ਰੁਚੀਆਂ ਨੂੰ ਪ੍ਰਫੁੱਲਤ ਕਰਨਾ ਹੈ। ਖੋਜ ਅਫ਼ਸਰ ਜਗਦੀਪ ਜੋਤ ਨੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਧਿਆਪਕਾਂ ਅਤੇ ਜੱਜ ਸਾਹਿਬਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਨੂੰ ਕਿਹਾ ਅਤੇ ਵਿਭਾਗ ਦੀ ਕਾਰਜਸ਼ੈਲੀ ਸਬੰਧੀ ਜਾਣਕਾਰੀ ਦਿੱਤੀ।
ਖੋਜ ਅਫ਼ਸਰ ਡਾ. ਜਗਰੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲਿਆਂ ਦੇ ਨਿਯਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਸ. ਜਸਵੰਤ ਸਿੰਘ ਜ਼ਫ਼ਰ ਜੀ ਦੀ ਲਿਖੀ ਕਵਿਤਾ ਸੁਣਾ ਕੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜੇ ਰਹਿਣ ਦੀ ਤਾਕੀਦ ਕੀਤੀ। ਮੁਕਾਬਲਿਆਂ ਵਿੱਚ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਸਮੂਹ ਜੱਜਾਂ ਅਤੇ ਖੋਜ ਅਫ਼ਸਰ ਡਾ. ਜਗਰੀਤ ਕੌਰ ਸੰਧੂ ਅਤੇ ਸ੍ਰੀਮਤੀ ਜਗਦੀਪ ਜੋਤ ਵੱਲੋਂ ਕ੍ਰਮਵਾਰ 1000/- 750/- ਅਤੇ 500/- ਰੁਪਏ ਦੇ ਨਕਦ ਇਨਾਮ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ।
ਇਨ੍ਹਾਂ ਮੁਕਾਬਲਿਆਂ ਦੀ ਨਿਰਪੱਖ ਜੱਜਮੈਂਟ ਵਿਸ਼ੇਸ਼ ਸ਼ਖ਼ਸੀਅਤਾਂ ਸ੍ਰੀਮਤੀ ਸੁਨੀਲਮ ਮੰਡ, ਸ. ਗੁਰਿੰਦਰ ਕਲਸੀ, ਸ੍ਰੀਮਤੀ ਰਾਜਿੰਦਰ ਕੌਰ ਅਤੇ ਸ. ਗੁਰਮੀਤ ਸਿੰਘ ਸਿੰਗਲ ਵੱਲੋਂ ਕੀਤੀ ਗਈ। ਉੱਘੀ ਲੇਖਿਕਾ ਸ੍ਰੀਮਤੀ ਸੁਨੀਲਮ ਮੰਡ ਵੱਲੋਂ ਵਿਦਿਆਰਥੀਆਂ ਨੂੰ ਪੰਜਾਬੀ ਨਾਲ ਜੁੜੇ ਰਹਿਣ ਲਈ ਤਾਕੀਦ ਕੀਤੀ ਗਈ ਅਤੇ ਆਪਣੀ ਮੌਲਿਕ ਕਵਿਤਾ ਵਿਦਿਆਰਥੀਆਂ ਨਾਲ਼ ਸਾਂਝੀ ਕੀਤੀ ਗਈ।
ਸਮਾਗਮ ਦੀ ਸਫ਼ਲਤਾ ਵਾਸਤੇ ਸ੍ਰੀ ਬਲਦੇਵ ਸਿੰਘ ਇਨਸਟ੍ਰਕਟਰ, ਸ੍ਰੀ ਗੁਰਵਿੰਦਰ ਸਿੰਘ ਜੂਨੀਅਰ ਸਹਾਇਕ ਅਤੇ ਸਮੂਹ ਸਟੈਨੋਗ੍ਰਾਫੀ ਵਿਦਿਆਰਥੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ।












