ਚੰਡੀਗੜ੍ਹ 27 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਦੀ ਰਾਜਨੀਤੀ ਅਤੇ ਪੰਥਕ ਗਲਿਆਰਿਆਂ ‘ਚੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਤਜਿੰਦਰ ਸਿੰਘ ਢਿੱਲੋਂ ਨੇ ਜਥੇਬੰਦੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਛੱਡਣ ਦਾ ਐਲਾਨ ਕਰਦਿਆਂ ਢਿੱਲੋਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ, ਸਿਧਾਂਤ ਅਤੇ ਪੰਥਕ ਅਰਦਾਸ ਸਭ ਤੋਂ ਸਿਰਮੌਰ ਹੈ, ਜਿਸ ਨਾਲ ਕਿਸੇ ਵੀ ਕੀਮਤ ‘ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਜਾਰੀ ਵੀਡੀਓ ਵਿੱਚ ਆਪਣਾ ਦਰਦ ਬਿਆਨ ਕਰਦਿਆਂ ਤਜਿੰਦਰ ਢਿੱਲੋਂ ਨੇ ਕਿਹਾ, “ਜੇਕਰ ਬਾਪੂ ਤਰਸੇਮ ਸਿੰਘ ਜਾਂ ਭਾਈ ਸਾਹਿਬ (ਅੰਮ੍ਰਿਤਪਾਲ ਸਿੰਘ) ਮੈਨੂੰ ਹੁਕਮ ਕਰਨਗੇ ਕਿ ਪੰਜਾਬ ਦੇ ਪਿੰਡ-ਪਿੰਡ ਜਾ ਕੇ ਨੰਗੇ ਪੈਰੀਂ ਪ੍ਰਚਾਰ ਕਰਨਾ ਹੈ, ਤਾਂ ਮੈਂ ਅੱਜ ਵੀ ਨੰਗੇ ਪੈਰੀਂ ਸੇਵਾ ਕਰਨ ਲਈ ਤਿਆਰ ਹਾਂ। ਮੈਨੂੰ ਕਿਸੇ ਕਿਸਮ ਦੀ ਮਿਹਨਤ ਜਾਂ ਕੁਰਬਾਨੀ ਤੋਂ ਕੋਈ ਪਰਹੇਜ਼ ਨਹੀਂ ਹੈ। ਪਰ ਜਦੋਂ ਗੱਲ ਸਾਡੇ ਸਰਬਉੱਚ ਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸਾਡੇ ਪੰਥਕ ਸਿਧਾਂਤਾਂ ਦੀ ਆਉਂਦੀ ਹੈ, ਤਾਂ ਮੇਰੇ ਲਈ ਅਕਾਲ ਤਖ਼ਤ ਸਾਹਿਬ ਸਭ ਤੋਂ ਉੱਚਾ ਅਤੇ ਪਵਿੱਤਰ ਹੈ।”ਜਥੇਬੰਦੀ ਦੇ ਕੁਝ ਆਗੂਆਂ ‘ਤੇ ਗੰਭੀਰ ਦੋਸ਼ ਲਾਉਂਦਿਆਂ ਢਿੱਲੋਂ ਨੇ ਕਿਹਾ ਕਿ ਪਾਰਟੀ ਦੇ ਕੁਝ ਮੌਕਾ-ਪ੍ਰਸਤ ਲੋਕਾਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਕੀਤੇ ਗਏ ਸੰਕਲਪਾਂ ਅਤੇ ਅਰਦਾਸਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਕਦਮਾਂ ਨਾਲ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਭਾਵੁਕ ਹੁੰਦਿਆਂ ਆਖਿਆ, “ਸ਼੍ਰੀ ਅਕਾਲ ਤਖ਼ਤ ਸਾਹਿਬ ਮੇਰੇ ਅਤੇ ਮੇਰੇ ਪਰਿਵਾਰ ਲਈ ਸਭ ਤੋਂ ਸੱਚਾ-ਸੁੱਚਾ ਸਥਾਨ ਹੈ। ਮੈਂ ਆਪਣੀ ਜ਼ਿੰਦਗੀ ਨਾਲੋਂ ਵੀ ਵੱਧ ਕਦਰ ਉਸ ਪਵਿੱਤਰ ਤਖ਼ਤ ਦੀ ਕਰਦਾ ਹਾਂ ਅਤੇ ਇਸ ਦੇ ਸਿਧਾਂਤਾਂ ‘ਤੇ ਪਹਿਰਾ ਦੇਣਾ ਮੇਰਾ ਪਹਿਲਾ ਧਰਮ ਹੈ।”
ਆਪਣੇ ਸਿਆਸੀ ਸਫ਼ਰ ਦਾ ਜ਼ਿਕਰ ਕਰਦਿਆਂ ਤਜਿੰਦਰ ਢਿੱਲੋਂ ਨੇ ਕਿਹਾ ਕਿ ਉਹ ਹਮੇਸ਼ਾ ਜ਼ੁਲਮ ਅਤੇ ਸਿਸਟਮ ਦੇ ਖ਼ਿਲਾਫ਼ ਚੱਟਾਨ ਵਾਂਗ ਡਟੇ ਰਹੇ ਹਨ। ਉਨ੍ਹਾਂ ਕਿਹਾ, “ਮੈਂ ਹਮੇਸ਼ਾ ਬਾਦਲ ਪਰਿਵਾਰ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਵਿਰੁੱਧ ਇਮਾਨਦਾਰੀ ਨਾਲ ਲੜਾਈ ਲੜੀ ਹੈ। ਮੈਂ ਤਾਨਾਸ਼ਾਹੀ ਬਿਊਰੋਕ੍ਰੇਸੀ ਅਤੇ ਗਲਤ ਸਿਸਟਮ ਦੇ ਖ਼ਿਲਾਫ਼ ਵੀ ਆਵਾਜ਼ ਬੁਲੰਦ ਕੀਤੀ ਹੈ। ਮੈਂ ਕਦੇ ਆਪਣੇ ਕਦਮ ਪਿੱਛੇ ਨਹੀਂ ਹਟਾਏ ਅਤੇ ਨਾ ਹੀ ਭਵਿੱਖ ਵਿੱਚ ਕਦੇ ਪਿੱਛੇ ਹਟਾਂਗਾ।”
ਤਜਿੰਦਰ ਸਿੰਘ ਢਿੱਲੋਂ ਦੇ ਇਸ ਅਚਾਨਕ ਅਸਤੀਫ਼ੇ ਨਾਲ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੂੰ ਵੱਡਾ ਝਟਕਾ ਲੱਗਾ ਹੈ। ਇਸ ਘਟਨਾਕ੍ਰਮ ਤੋਂ ਬਾਅਦ ਪੰਥਕ ਧਿਰਾਂ ਅਤੇ ਸਿਆਸੀ ਹਲਕਿਆਂ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜਥੇਬੰਦੀ ਦੀ ਹਾਈਕਮਾਂਡ ਤਜਿੰਦਰ ਢਿੱਲੋਂ ਵੱਲੋਂ ਚੁੱਕੇ ਗਏ ਇਨ੍ਹਾਂ ਗੰਭੀਰ ਸਵਾਲਾਂ ਦਾ ਕੀ ਜਵਾਬ ਦਿੰਦੀ ਹੈ?












