ਅਗਲੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਣ ਤੋਂ ਪਹਿਲਾਂ ਹੀ ਪੰਜਾਬ ਵਿੱਚ ਦਲ ਬਦਲੂ ਸਿਆਸੀ ਮੌਸਮ ਸ਼ੁਰੂ ਹੋ ਗਿਆ ਹੈ। ਸਿਆਸੀ ਤੋਤਿਆਂ ਨੇ ਆਪਣੇ ਪੁਰਾਣੇ ਬਾਗ਼ ਛੱਡ ਕੇ ਨਵੇਂ ਬਾਗ਼ਾਂ ਵੱਲ ਉਡਾਰੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਹਰ ਰੋਜ਼ ਕੋਈ ਨਾ ਕੋਈ ਤੋਤਾ ਆਪਣੇ ਪੁਰਾਣੇ ਆਲ੍ਹਣੇ ਨੂੰ ਅਲਵਿਦਾ ਆਖ ਕੇ ਦੂਜੀ ਪਾਰਟੀ ਦੇ ਬਨੇਰੇ ਉੱਤੇ ਜਾ ਬੈਠਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਤੋਤਿਆਂ ਦੀ ਬੋਲੀ ਵੀ ਬਦਲ ਜਾਂਦੀ ਹੈ। ਕੱਲ੍ਹ ਤੱਕ ਜਿਸ ਆਗੂ ਨੂੰ ਬੁਰਾ-ਭਲਾ ਆਖਦੇ ਸਨ, ਅੱਜ ਉਸੇ ਦੀ ਸਿਫ਼ਤ ਦੇ ਪੁਲ ਬੰਨ੍ਹਣ ਲੱਗ ਪੈਂਦੇ ਹਨ। ਸਿਆਸਤ ਵਿੱਚ ਨਾ ਕੋਈ ਪੱਕਾ ਵੈਰੀ ਹੈ, ਨਾ ਪੱਕਾ ਮਿੱਤਰ; ਪੱਕੀ ਹੈ ਤਾਂ ਸਿਰਫ਼ ਕੁਰਸੀ ਦੀ ਭੁੱਖ!
ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਨੇ ਇਕੱਠਿਆਂ ਹੀ ਪਾਰਟੀ ਛੱਡ ਕੇ ਉਡਾਰੀ ਮਾਰ ਲਈ। ਇੱਕ ਹੋਰ ਮਹਿਲਾ ਵਿਧਾਇਕ ਨੇ ਵੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ। ਇਹ ਸਿਰਫ਼ ਵਿਧਾਇਕਾਂ ਦੇ ਪਾਰਟੀ ਛੱਡਣ ਦੀ ਘਟਨਾ ਨਹੀਂ, ਸਗੋਂ ਸੱਤਾਧਾਰੀ ਪਾਰਟੀ ਦੇ ਅੰਦਰਲੇ ਸਿਆਸੀ ਹਾਲਾਤ ਬਾਰੇ ਵੀ ਕਈ ਸਵਾਲ ਖੜ੍ਹੇ ਕਰਦੀ ਹੈ। ਜਿਹੜੇ ਲੋਕ ਕੱਲ੍ਹ ਤੱਕ ਪਾਰਟੀ ਦੀਆਂ ਨੀਤੀਆਂ ਦੇ ਗੁਣ ਗਾਉਂਦੇ ਸਨ, ਅੱਜ ਉਨ੍ਹਾਂ ਨੂੰ ਉਸੇ ਪਾਰਟੀ ਵਿੱਚ ਖ਼ਾਮੀਆਂ ਨਜ਼ਰ ਆਉਣ ਲੱਗ ਪਈਆਂ ਹਨ। ਕੀ ਸਿਆਸੀ ਸਿਧਾਂਤ ਰਾਤੋ-ਰਾਤ ਬਦਲ ਜਾਂਦੇ ਹਨ ਜਾਂ ਸਿਆਸੀ ਹਿਸਾਬ-ਕਿਤਾਬ ਬਦਲ ਜਾਂਦਾ ਹੈ?
ਇਹੋ ਜਿਹਾ ਹਾਲ ਪੁਨਰ-ਸੁਰਜੀਤ ਅਕਾਲੀ ਦਲ ਦਾ ਵੀ ਹੋ ਰਿਹਾ ਹੈ। ਉੱਥੋਂ ਵੀ ਆਗੂ ਉਡਾਰੀਆਂ ਮਾਰ ਕੇ ਸੁਖਬੀਰ ਸਿੰਘ ਬਾਦਲ ਦੇ ਸੁੱਖ ਵਿਲਾਸ ਵੱਲ ਰੁਖ਼ ਕਰਨ ਲੱਗੇ ਹਨ। ਜਿਹੜੇ ਕਦੇ ਬਾਦਲ ਪਰਿਵਾਰ ਦੀ ਸਿਆਸਤ ਨੂੰ ਚੁਣੌਤੀ ਦੇਣ ਲਈ ਮੈਦਾਨ ਵਿੱਚ ਉਤਰੇ ਸਨ, ਉਹ ਹੁਣ ਮੁੜ ਉਸੇ ਸਿਆਸੀ ਛਾਂ ਹੇਠ ਬੈਠਣ ਦੀ ਤਿਆਰੀ ਕਰ ਰਹੇ ਹਨ। ਇਸ ਤੋਂ ਸਵਾਲ ਉੱਠਦਾ ਹੈ ਕਿ ਪੁਨਰ-ਸੁਰਜੀਤ ਅਕਾਲੀ ਦਲ ਦਾ ਮਕਸਦ ਸਿਆਸੀ ਬਦਲਾਅ ਸੀ ਜਾਂ ਕੁਝ ਆਗੂਆਂ ਲਈ ਨਵਾਂ ਪੜਾਅ ਤਿਆਰ ਕਰਨਾ? ਵਾਰਿਸ ਪੰਜਾਬ ਦੇ ਅੰਦਰ ਵੀ ਹਲਚਲ ਮੱਚੀ ਹੋਈ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਕਿਹੜਾ ਤੋਤਾ ਕਿਹੜੇ ਬਾਗ਼ ਵਿੱਚ ਜਾ ਬੈਠਦਾ ਹੈ, ਇਹ ਦੇਖਣਾ ਬਾਕੀ ਹੈ।
ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਸੰਗਰੂਰ ਵਿੱਚ ਰੈਲੀ ਕਰਕੇ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਇੱਕਮੁੱਠ ਹੋਣ ਦਾ ਸੱਦਾ ਦਿੱਤਾ ਹੈ। ਪਰ ਸਵਾਲ ਇਹ ਹੈ ਕਿ ਕੀ ਸੱਦਾ ਦੇਣ ਨਾਲ ਹੀ ਏਕਤਾ ਹੋ ਜਾਂਦੀ ਹੈ? ਪੰਜਾਬ ਕਾਂਗਰਸ ਦੇ ਆਗੂ ਤਾਂ ਇੱਕ-ਦੂਜੇ ਦੀ ਲੱਤ ਖਿੱਚਣ ਅਤੇ ਇੱਕ-ਦੂਜੇ ਨੂੰ ਠਿੱਬੀ ਲਾਉਣ ਵਿੱਚ ਹੀ ਆਪਣੀ ਸਿਆਸੀ ਤਾਕਤ ਖ਼ਰਚ ਕਰ ਰਹੇ ਹਨ। ਜਿਹੜੀ ਪਾਰਟੀ ਲੋਕਾਂ ਦੇ ਮਸਲੇ ਹੱਲ ਕਰਨ ਲਈ ਇਕੱਠੀ ਨਹੀਂ ਹੋ ਸਕਦੀ, ਉਹ ਸੱਤਾ ਵਿੱਚ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਕਿਵੇਂ ਹੱਲ ਕਰੇਗੀ? ਰਾਹੁਲ ਗਾਂਧੀ ਨੇ ਖ਼ੁਦ ਸਿਆਸੀ ਸੰਘਰਸ਼ਾਂ ਵਿੱਚੋਂ ਲੰਘ ਕੇ ਪਾਰਟੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਪੰਜਾਬ ਦੇ ਆਗੂਆਂ ਨੇ ਉਸ ਸੰਘਰਸ਼ ਤੋਂ ਕੀ ਸਬਕ ਲਿਆ ਹੈ, ਇਹ ਉਨ੍ਹਾਂ ਦੇ ਆਪਸੀ ਵਿਹਾਰ ਤੋਂ ਸਪੱਸ਼ਟ ਹੋ ਜਾਂਦਾ ਹੈ।
ਦੂਜੇ ਪਾਸੇ ਭਾਜਪਾ ਦੀ ਵਾਸ਼ਿੰਗ ਮਸ਼ੀਨ ਦਾ ਮੂੰਹ ਖੁੱਲ੍ਹਾ ਪਿਆ ਹੈ। ਸਿਆਸੀ ਵਿਰੋਧੀਆਂ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਵਾਲੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਈ ਆਗੂਆਂ ਦੇ ਮਾਮਲਿਆਂ ਦੀ ਸਿਆਸੀ ਦਿਸ਼ਾ ਬਦਲਦੀ ਦਿਖਾਈ ਦਿੰਦੀ ਹੈ। ਵਿਰੋਧੀ ਧਿਰਾਂ ਇਸ ਨੂੰ ਵਾਸ਼ਿੰਗ ਮਸ਼ੀਨ ਦੀ ਸਿਆਸਤ ਆਖਦੀਆਂ ਹਨ। ਸਵਾਲ ਇਹ ਹੈ ਕਿ ਜੇ ਕੋਈ ਆਗੂ ਪਾਰਟੀ ਬਦਲ ਲਵੇ ਤਾਂ ਉਸ ਦੇ ਪੁਰਾਣੇ ਦੋਸ਼ਾਂ ਦਾ ਕੀ ਬਣਦਾ ਹੈ? ਕੀ ਭ੍ਰਿਸ਼ਟਾਚਾਰ ਦਾ ਰੰਗ ਪਾਰਟੀ ਬਦਲਣ ਨਾਲ ਧੁਲ ਜਾਂਦਾ ਹੈ ਜਾਂ ਜਾਂਚ ਦੀ ਰਫ਼ਤਾਰ ਹੀ ਬਦਲ ਜਾਂਦੀ ਹੈ?
ਪੰਜਾਬ ਵਿੱਚ ਸਿਆਸੀ ਹਲਚਲ ਵਧਾਉਣ ਲਈ ਕੇਂਦਰੀ ਜਾਂਚ ਏਜੰਸੀਆਂ ਦੀਆਂ ਕਾਰਵਾਈਆਂ ਵੀ ਚਰਚਾ ਵਿੱਚ ਹਨ। ਗਲਾਡਾ ਅਤੇ ਗਮਾਡਾ ਦੇ ਅਧਿਕਾਰੀਆਂ ਦੇ ਦਫ਼ਤਰਾਂ ਉੱਤੇ ਛਾਪੇਮਾਰੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਘੁਮਾਣ ਨੂੰ ਵੀ ਸੀਬੀਆਈ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਪੰਜਾਹ ਹਜ਼ਾਰ ਸਫ਼ਿਆਂ ਦੀ ਚਾਰਜਸ਼ੀਟ ਅਦਾਲਤ ਵਿੱਚ ਦਾਖ਼ਲ ਕੀਤੇ ਜਾਣ ਦੀ ਚਰਚਾ ਹੈ। ਇਹ ਸਾਰੇ ਮਾਮਲੇ ਆਪਣੀ ਕਾਨੂੰਨੀ ਪ੍ਰਕਿਰਿਆ ਅਨੁਸਾਰ ਅਦਾਲਤਾਂ ਵਿੱਚ ਵਿਚਾਰੇ ਜਾਣੇ ਚਾਹੀਦੇ ਹਨ। ਪਰ ਸਵਾਲ ਇਹ ਵੀ ਹੈ ਕਿ ਜਾਂਚ ਏਜੰਸੀਆਂ ਦੀ ਕਾਰਵਾਈ ਸਿਆਸੀ ਸਮੇਂ ਨਾਲ ਕਿਉਂ ਜੋੜੀ ਜਾਂਦੀ ਹੈ? ਕੀ ਕਾਨੂੰਨ ਦਾ ਪਹੀਆ ਹਰ ਸਿਆਸੀ ਆਗੂ ਲਈ ਇੱਕੋ ਰਫ਼ਤਾਰ ਨਾਲ ਘੁੰਮਦਾ ਹੈ?
ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਸਿਧਾਂਤਾਂ ਨਾਲੋਂ ਸਿਆਸੀ ਸੰਭਾਵਨਾਵਾਂ, ਲੋਕ ਮੁੱਦਿਆਂ ਨਾਲੋਂ ਟਿਕਟਾਂ ਦੀ ਵੰਡ ਅਤੇ ਜਨਤਕ ਸੇਵਾ ਨਾਲੋਂ ਸੱਤਾ ਦੀ ਸਾਂਝ ਵਧੇਰੇ ਮਹੱਤਵਪੂਰਨ ਬਣਦੀ ਜਾ ਰਹੀ ਹੈ। ਹਰ ਪਾਰਟੀ ਦੂਜੀ ਪਾਰਟੀ ਦੇ ਆਗੂਆਂ ਨੂੰ ਆਪਣੇ ਪਾਲੇ ਵਿੱਚ ਲਿਆਉਣ ਲਈ ਤਰਲੋਮੱਛੀ ਹੋ ਰਹੀ ਹੈ। ਜਿਵੇਂ ਸਿਆਸੀ ਪਾਰਟੀਆਂ ਵਿਚਾਰਾਂ ਦੀਆਂ ਜਥੇਬੰਦੀਆਂ ਨਹੀਂ, ਸਗੋਂ ਚੋਣਾਂ ਤੋਂ ਪਹਿਲਾਂ ਤੋਤੇ ਫੜਨ ਵਾਲੇ ਪਿੰਜਰੇ ਬਣ ਗਈਆਂ ਹੋਣ।
ਪਰ ਇਸ ਸਾਰੇ ਸਿਆਸੀ ਨਾਟਕ ਵਿੱਚ ਪੰਜਾਬ ਦੇ ਲੋਕ ਕਿੱਥੇ ਖੜ੍ਹੇ ਹਨ? ਕਿਸਾਨਾਂ ਦੇ ਮਸਲੇ, ਮਜ਼ਦੂਰਾਂ ਦੀ ਦੁਰਦਸ਼ਾ, ਨੌਜਵਾਨਾਂ ਦਾ ਭਵਿੱਖ, ਬੇਰੁਜ਼ਗਾਰੀ, ਨਸ਼ਿਆਂ ਦਾ ਫੈਲਾਅ, ਸਿੱਖਿਆ, ਸਿਹਤ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ਕਿਹੜੇ ਬਾਗ਼ ਵਿੱਚ ਜਾ ਬੈਠੇ ਹਨ?
ਚੋਣਾਂ ਨੇੜੇ ਆਉਂਦਿਆਂ ਆਗੂਆਂ ਦੇ ਪਾਰਟੀ ਬਦਲਣ ਦੇ ਕਾਰਨ ਵੀ ਬਦਲ ਜਾਂਦੇ ਹਨ। ਕੋਈ ਲੋਕ ਸੇਵਾ ਦਾ ਹਵਾਲਾ ਦਿੰਦਾ ਹੈ, ਕੋਈ ਵਿਚਾਰਧਾਰਾ ਦਾ, ਕੋਈ ਪਾਰਟੀ ਵਿੱਚ ਘੁਟਣ ਦਾ ਅਤੇ ਕੋਈ ਲੋਕਾਂ ਦੀ ਆਵਾਜ਼ ਬਣਨ ਦਾ ਦਾਅਵਾ ਕਰਦਾ ਹੈ। ਪਰ ਲੋਕਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਜਿਹੜਾ ਆਗੂ ਪੰਜ ਸਾਲ ਇੱਕ ਪਾਰਟੀ ਦੀਆਂ ਨੀਤੀਆਂ ਦਾ ਸਮਰਥਨ ਕਰਦਾ ਰਿਹਾ, ਉਹ ਅਚਾਨਕ ਲੋਕਾਂ ਦਾ ਸੱਚਾ ਹਮਦਰਦ ਕਿਵੇਂ ਬਣ ਗਿਆ? ਸਿਆਸੀ ਤੋਤੇ ਬਾਗ਼ ਬਦਲ ਰਹੇ ਹਨ, ਪਰ ਪੰਜਾਬ ਦੇ ਲੋਕਾਂ ਦੀ ਕਿਸਮਤ ਕਦੋਂ ਬਦਲੇਗੀ?
ਲੋਕਤੰਤਰ ਵਿੱਚ ਪਾਰਟੀ ਬਦਲਣਾ ਕਿਸੇ ਦਾ ਨਿੱਜੀ ਫ਼ੈਸਲਾ ਹੋ ਸਕਦਾ ਹੈ, ਪਰ ਲੋਕਾਂ ਦੇ ਫ਼ਤਵੇ ਦੀ ਇੱਜ਼ਤ ਕਰਨਾ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਲੋਕਾਂ ਨੇ ਵਿਧਾਇਕ ਚੁਣੇ ਹਨ, ਕਿਸੇ ਪਾਰਟੀ ਦੇ ਨਿੱਜੀ ਪੰਛੀ ਨਹੀਂ। ਹੁਣ ਲੋਕਾਂ ਨੂੰ ਵੀ ਪਾਰਟੀਆਂ ਦੇ ਚੋਣ ਨਿਸ਼ਾਨਾਂ ਦੀ ਥਾਂ ਉਮੀਦਵਾਰਾਂ ਦਾ ਕਿਰਦਾਰ, ਕੰਮ ਅਤੇ ਜਵਾਬਦੇਹੀ ਵੇਖਣੀ ਪਵੇਗੀ। ਕਿਉਂਕਿ ਬਾਗ਼ ਬਦਲਣ ਵਾਲੇ ਤੋਤਿਆਂ ਦੀ ਬੋਲੀ ਤਾਂ ਬਦਲ ਸਕਦੀ ਹੈ, ਪਰ ਪੰਜਾਬ ਦੀ ਤਕਦੀਰ ਬਦਲਣ ਲਈ ਨੀਅਤ ਅਤੇ ਨੀਤੀ ਦੋਵੇਂ ਬਦਲਣੀਆਂ ਪੈਣਗੀਆਂ!
+++
ਬੁੱਧ ਸਿੰਘ ਨੀਲੋਂ
9464370823












