ਨਵੀਂ ਦਿੱਲੀ 8 ਨਵੰਬਰ ,ਬੋਲੇ ਪੰਜਾਬ ਬਿਊਰੋ;
ਚੋਣ ਕਮਿਸ਼ਨ ਕੋਲ ਦਾਖ਼ਲ ਤਾਜ਼ਾ ਰਿਪੋਰਟ ਅਨੁਸਾਰ 2025-26 ਦੌਰਾਨ ਕਾਂਗਰਸ ਪਾਰਟੀ ਨੂੰ 20,000 ਰੁਪਏ ਤੋਂ ਵੱਧ ਦੇ ਮਿਲਣ ਵਾਲੇ ਚੰਦੇ (Donations) ਵਿੱਚ ਲਗਪਗ 75 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਾਰਟੀ ਨੂੰ ਇਸ ਸ਼੍ਰੇਣੀ ਤਹਿਤ ਸਿਰਫ਼ 130.69 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ, ਜਦਕਿ 2024-25 ਵਿੱਚ ਇਹ ਅੰਕੜਾ 517.39 ਕਰੋੜ ਰੁਪਏ ਸੀ। ਪਿਛਲੇ ਇੱਕ ਦਹਾਕੇ ਵਿੱਚ ਆਈ ਇਹ ਸਭ ਤੋਂ ਵੱਡੀ ਸਾਲਾਨਾ ਗਿਰਾਵਟ ਹੈ। ਇਸ ਤੋਂ ਪਹਿਲਾਂ 2015-16 ਵਿੱਚ 86 ਫੀਸਦੀ ਦੀ ਵੱਡੀ ਗਿਰਾਵਟ ਆਈ ਸੀ।
ਦੂਜੇ ਪਾਸੇ, ਭਾਜਪਾ ਨੂੰ 2024-25 ਵਿੱਚ ਇਸੇ ਸ਼੍ਰੇਣੀ ਤਹਿਤ 6,074.02 ਕਰੋੜ ਰੁਪਏ ਦਾ ਚੰਦਾ ਮਿਲਿਆ ਸੀ, ਜੋ ਕਾਂਗਰਸ ਨਾਲੋਂ ਲਗਪਗ 12 ਗੁਣਾ ਵੱਧ ਸੀ। ਭਾਜਪਾ ਦੇ 2025-26 ਦੇ ਅੰਕੜੇ ਅਜੇ ਜਨਤਕ ਨਹੀਂ ਹੋਏ ਹਨ, ਪਰ ਪਿਛਲੇ 12 ਸਾਲਾਂ ਵਿੱਚ ਭਾਜਪਾ ਨੇ ਹਮੇਸ਼ਾ ਕਾਂਗਰਸ ਨਾਲੋਂ ਵੱਧ ਚੰਦਾ ਇਕੱਠਾ ਕੀਤਾ ਹੈ।ਕਾਂਗਰਸ ਦੇ ਫੰਡ ਵਿੱਚ ਆਈ ਇਸ ਕਮੀ ਦਾ ਮੁੱਖ ਕਾਰਨ ‘ਪ੍ਰੂਡੈਂਟ ਇਲੈਕਟੋਰਲ ਟਰੱਸਟ’ ਤੋਂ ਮਿਲਣ ਵਾਲੇ ਚੰਦੇ ਦਾ ਘਟਣਾ ਹੈ। ਇਸ ਟਰੱਸਟ ਦਾ ਯੋਗਦਾਨ ਪਿਛਲੇ ਸਾਲ ਦੇ 216.34 ਕਰੋੜ ਰੁਪਏ ਤੋਂ ਘਟ ਕੇ 2025-26 ਵਿੱਚ ਮਹਿਜ਼ 25 ਕਰੋੜ ਰੁਪਏ (ਲਗਪਗ 88% ਕਮੀ) ਰਹਿ ਗਿਆ। ਪਾਰਟੀ ਦੀ ਰਿਪੋਰਟ ਵਿੱਚ ਸਿਰਫ਼ ਇਸੇ ਟਰੱਸਟ ਦਾ ਜ਼ਿਕਰ ਹੈ। ਹੋਰ ਵੱਡੇ ਚੰਦਾ ਦੇਣ ਵਾਲਿਆਂ ਵਿੱਚ ਸਟਾਰ ਸੀਮੈਂਟ (5 ਕਰੋੜ), ਸੱਜਣ ਭਜੰਕਾ (4 ਕਰੋੜ) ਅਤੇ ਪ੍ਰੇਮ ਕੁਮਾਰ ਭਜੰਕਾ (2 ਕਰੋੜ) ਸ਼ਾਮਲ ਹਨ ਜ਼ਿਕਰਯੋਗ ਹੈ ਕਿ ਇਸ ਰਿਪੋਰਟ ਵਿੱਚ ਪਾਰਟੀ ਦੀ ਕੁੱਲ ਆਮਦਨ (ਛੋਟੇ ਚੰਦੇ, ਮੈਂਬਰਸ਼ਿਪ ਫੀਸ ਅਤੇ ਕੂਪਨ) ਸ਼ਾਮਲ ਨਹੀਂ ਹੈ, ਜਿਸ ਦਾ ਮੁਕੰਮਲ ਖੁਲਾਸਾ ਪਾਰਟੀ ਦੇ ਆਡਿਟ ਖਾਤੇ ਤੋਂ ਹੀ ਹੋਵੇਗਾ।












