ਜਗਰਾਉਂ, 9 ਨਵੰਬਰ ,ਬੋਲੇ ਪੰਜਾਬ ਬਿਊਰੋ;
ਦੀਵਾਲੀ ਦੀ ਰਾਤ ਜਗਰਾਉਂ ਵਿੱਚ ਵਾਪਰੇ ਦਰਦਨਾਕ ਹਾਦਸੇ ਨੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ। ਪਟਾਕਾ ਚਲਾਉਂਦੇ ਸਮੇਂ ਹੋਏ ਜ਼ੋਰਦਾਰ ਧਮਾਕੇ ਵਿੱਚ 14 ਸਾਲਾ ਬੱਚੇ ਦੀ ਜਾਨ ਚਲੀ ਗਈ, ਮ੍ਰਿਤਕ ਬੱਚੇ ਦੀ ਪਛਾਣ ਗਗਨ ਵੱਜੋਂ ਹੋਈ ਅਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਜਾਣਕਾਰੀ ਅਨੁਸਾਰ ਦੀਵਾਲੀ ਵਾਲੇ ਦਿਨ ਰਾਤ ਕਰੀਬ 9 ਵਜੇ ਗਗਨ ਦੇ ਪਿਤਾ ਸੁਰੇਸ਼ ਕੁਮਾਰ ਆਪਣੇ ਪਰਿਵਾਰ ਸਮੇਤ ਨਵੀਂ ਆਬਾਦੀ, ਅਕਾਲਗੜ੍ਹ ਵਿੱਚ ਰਹਿੰਦੇ ਆਪਣੇ ਵੱਡੇ ਭਰਾ ਦੇ ਘਰ ਮੱਥਾ ਟੇਕਣ ਗਏ ਸਨ। ਇਸ ਦੌਰਾਨ ਘਰ ਦੀ ਛੱਤ ‘ਤੇ ਬੱਚੇ ਪਟਾਕੇ ਚਲਾ ਰਹੇ ਸਨ। ਗਗਨ ਵੀ ਉਨ੍ਹਾਂ ਨਾਲ ਪਟਾਕੇ ਚਲਾ ਰਿਹਾ ਸੀ। ਇਸੇ ਦੌਰਾਨ ਉਸ ਨੇ ਇੱਕ ਪਟਾਕੇ ਨੂੰ ਅੱਗ ਲਗਾਈ, ਪਰ ਉਹ ਨਹੀਂ ਚੱਲਿਆ। ਕੁਝ ਸਮੇਂ ਬਾਅਦ ਜਦੋਂ ਉਹ ਉਸੇ ਪਟਾਕੇ ਨੂੰ ਮੁੜ ਚਲਾਉਣ ਲਈ ਉਸ ਦੇ ਨੇੜੇ ਗਿਆ ਤਾਂ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ। ਪਟਾਕਾ ਸਿੱਧਾ ਉਸ ਦੀ ਗਰਦਨ ਦੇ ਨੇੜੇ ਫਟਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਕੇ ਡਿੱਗ ਪਿਆ।
ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਸੰਭਾਲ ਕੇ ਇਲਾਜ ਲਈ ਸੁਧਾਰ ਸਥਿਤ ਸਰਬਜੀਤ ਹਸਪਤਾਲ ਲੈ ਗਏ। ਡਾਕਟਰਾਂ ਵੱਲੋਂ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ, ਪਰ ਗੰਭੀਰ ਸੱਟਾਂ ਕਾਰਨ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਇਸ ਦੁਖਦਾਈ ਘਟਨਾ ਨੇ ਤਿਉਹਾਰ ਦੀਆਂ ਖੁਸ਼ੀਆਂ ਨੂੰ ਗਮ ਵਿੱਚ ਬਦਲ ਦਿੱਤਾ। ਜਿਸ ਪਰਿਵਾਰ ਵਿੱਚ ਦੀਵਾਲੀ ਮਨਾਉਣ ਦੀਆਂ ਤਿਆਰੀਆਂ ਅਤੇ ਖੁਸ਼ੀਆਂ ਸਨ, ਉੱਥੇ ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਵਿਰਲਾਪ ਦਾ ਮਾਹੌਲ ਬਣ ਗਿਆ।












