ਪਟਿਆਲਾ, 5 ਮਈ,ਬੋਲੇ ਪੰਜਾਬ ਬਿੳਰੋ
ਸੀ.ਆਈ.ਏ ਸਟਾਫ਼ ਪਟਿਆਲਾ ਦੀ ਪੁਲਿਸ ਨੇ ਘਰਾਂ ‘ਚ ਚੋਰੀਆਂ ਕਰਨ ਵਾਲੇ ਅੰਤਰਰਾਜੀ ਚੋਰ ਨੂੰ ਕਾਬੂ ਕੀਤਾ ਹੈ, ਜਿਸ ਕੋਲੋਂ 5 ਲੱਖ ਰੁਪਏ ਦੀ ਨਕਦੀ ਤੇ ਸੋਨਾ ਬਰਾਮਦ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਐੱਸ.ਪੀ. ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ, ਡੀ.ਐਸ.ਪੀ. ਇਨਵੈਸਟੀਗੇਸ਼ਨ ਅਵਤਾਰ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ਼ ਪਟਿਆਲਾ ਦੀ ਪੁਲਿਸ ਨੇ ਇਸ ਮਾਮਲੇ ‘ਚ ਰਵੀ ਸੈਣੀ ਪੁੱਤਰ ਰਾਧੇ ਸ਼ਾਮ ਵਾਸੀ ਰਾਜੀਵ ਨਗਰ ਹਿਸਾਰ ਨੂੰ ਗਿ੍ਫ਼ਤਾਰ ਕੀਤਾ ਹੈ।
ਉਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਨਿਲ ਕੁਮਾਰ ਵਾਸੀ ਕੁਆਰਟਰ ਨੰ. 73 ਸ਼ਕਤੀ ਕਲੋਨੀ, ਨੇੜੇ ਸ਼ਕਤੀ ਵਿਹਾਰ ਕਲੋਨੀ ਥਾਣਾ ਸਿਵਲ ਲਾਈਨ, ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪ੍ਰਾਈਵੇਟ ਨੌਕਰੀ ਕਰਦਾ ਹੈ ਅਤੇ ਉਸ ਦੀ ਪਤਨੀ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਵਿੱਚ ਕੰਮ ਕਰਦੀ ਹੈ। 23 ਅਪ੍ਰੈਲ ਨੂੰ ਕੋਈ ਅਣਪਛਾਤੇ ਵਿਅਕਤੀ ਉਸ ਦੇ ਕੁਆਰਟਰ ਦੇ ਤਾਲੇ ਤੋੜ ਕੇ ਘਰ ‘ਚ ਪਏ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਕੇ ਲੈ ਗਏ
ਐਸ.ਐਸ.ਪੀ. ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਨੇ ਇੱਕ ਟੀਮ ਬਣਾਈ ਅਤੇ ਸੀ.ਆਈ.ਏ. ਸਟਾਫ਼ ਪਟਿਆਲਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਰਵੀ ਸੈਣੀ ਪੁੱਤਰ ਰਾਧੇ ਸ਼ਾਮ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ ਨਕਦੀ ਅਤੇ ਸੋਨਾ ਬਰਾਮਦ ਕੀਤਾ।ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਹਿਸਾਰ, ਹਰਿਆਣਾ, ਚੁਰੂ, ਰਾਜਸਥਾਨ ਅਤੇ ਸੰਗਰੂਰ ਪੰਜਾਬ ਵਿੱਚ ਚੋਰੀ ਦੇ ਕੇਸ ਦਰਜ ਹਨ ਅਤੇ ਉਹ ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਰਿਹਾ ਹੈ।












