ਪੰਚਾਇਤ ਅਤੇ ਬਲਾਕ ਸਮਿਤੀ ਚੋਣਾਂ ਲੜੇਗੀ ਭਾਜਪਾ : ਡਾ: ਸੁਭਾਸ਼ ਸ਼ਰਮਾ

ਚੰਡੀਗੜ੍ਹ ਪੰਜਾਬ

ਕਿਹਾ- ਲੋਕ ਸਭਾ ਚੋਣਾਂ ‘ਚ ਭਾਜਪਾ ਦਾ ਵੋਟ ਪ੍ਰਤੀਸ਼ਤ ਤਿੰਨ ਗੁਣਾ ਵਧਿਆ

ਭਾਜਪਾ ਨੂੰ ਸਮੱਰਥਨ ਦੇਣ ਲਈ ਹਲਕੇ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ

ਹਲਕੇ ਦੇ ਲੋਕਾਂ ਦੀ ਦਿਨ ਰਾਤ ਸੇਵਾ ਕਰਦਾ ਰਹਾਂਗਾ :-ਡਾਕਟਰ ਸ਼ੁਭਾਸ ਸ਼ਰਮਾ

ਮੋਹਾਲੀ 7 ਜੂਨ,ਬੋਲੇ ਪੰਜਾਬ ਬਿਓਰੋ:

ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜੇ ਡਾਕਟਰ ਸੁਭਾਸ਼ ਸ਼ਰਮਾ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ’ਤੇ ਤਸੱਲੀ ਪ੍ਰਗਟਾਈ ਹੈ।ਉਹਨਾ ਨੇ ਕਿਹਾ ਕਿ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਲਈ ਘੱਟ ਸਮਾਂ ਮਿਲਣ ਦੇ ਬਾਵਜੂਦ ਵੀ ਭਾਜਪਾ ਨੂੰ ਇੰਨਾ ਵੱਡਾ ਸਮੱਰਥਨ ਦੇਣ ਲਈ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ।ਉਹਨਾ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀ ਸੇਵਾ ਲਈ ਦਿਨ ਰਾਤ ਇੱਕ ਕਰ ਦੇਣਗੇ ।ਉਨ੍ਹਾਂ ਕਿਹਾ ਕਿ ਭਾਜਪਾ ਨੇ ਹੁਣ ਆਉਣ ਵਾਲੀਆਂ ਪੰਚਾਇਤ ਅਤੇ ਬਲਾਕ ਸਮਿਤੀ ਤੇ ਹੋਰ ਸਥਾਨਿਕ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਗਲੇ ਚਾਰ ਮਹੀਨਿਆਂ ਵਿੱਚ ਭਾਜਪਾ ਵੱਲੋਂ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਅਤੇ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾਵੇਗਾ ।
ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਵੋਟਰਾਂ ਦਾ ਧੰਨਵਾਦ ਕਰਦਿਆਂ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਬੇਸ਼ੱਕ ਮੈਂ ਚੋਣ ਹਾਰ ਗਿਆ ਹਾਂ ਪਰ ਚੋਣਾਂ ਤੋਂ ਪਹਿਲਾਂ ਆਪਣੇ ਪੱਧਰ ‘ਤੇ ਜਾਰੀ ਕੀਤੇ ਗਏ ਸੰਕਲਪ ਪੱਤਰ ਵਿੱਚ ਦਿੱਤੇ ਸਾਰੇ ਕੰਮ ਕਰਵਾਉਣ ਦੀ ਕੋਸ਼ਿਸ਼ ਕਰਨਗੇ ।ਉਨ੍ਹਾਂ ਕਿਹਾ ਕਿ ਬੇਸ਼ੱਕ ਭਾਜਪਾ ਪੰਜਾਬ ‘ਚ ਜਿੱਤ ਹਾਸਲ ਨਹੀਂ ਕਰ ਸਕੀ ਪਰ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆ ਗਈ ਹੈ ਅਤੇ ਉਹ ਅਗਲੇ ਤਿੰਨ-ਚਾਰ ਮਹੀਨਿਆਂ ਵਿੱਚ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੋ-ਤਿੰਨ ਨਵੀਆਂ ਉਡਾਣਾਂ ਸ਼ੁਰੂ ਕਰਵਾਉਣਗੇ ਤੇ ਹਲਕੇ ਦੇ ਹੋਣ ਵਾਲੇ ਹੋਰ ਸਾਰੇ ਕੰਮ ਕਰਵਾਉਣ ਦੀ ਕੋਸ਼ਿਸ਼ ਕਰਨਗੇ ,ਇਸ ਨਾਲ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਕਾਰੋਬਾਰ ਵਧੇਗਾ ਅਤੇ ਲੋਕਾਂ ਨੂੰ ਆਉਣ-ਜਾਣ ਵਿੱਚ ਸਹੂਲਤ ਮਿਲੇਗੀ। ਡਾਕਟਰ ਸ਼ੁਭਾਸ ਸ਼ਰਮਾ ਨੇ ਕਿਹਾ ਕਿ ਸੂਬੇ ਵਿੱਚ ਭਾਜਪਾ ਦੀ ਵੋਟ ਪ੍ਰਤੀਸ਼ਤਤਾ 6 ਤੋਂ ਵੱਧ ਕੇ 19 ਹੋ ਗਈ ਹੈ ਜੋ ਕਿ ਤਿੰਨ ਗੁਣਾ ਹੈ ਜਦਕਿ ਆਮ ਆਦਮੀ ਪਾਰਟੀ ਦੀ ਵੋਟ ਪ੍ਰਤੀਸ਼ਤਤਾ 46 ਤੋਂ ਘੱਟ ਕੇ 26 ਰਹਿ ਗਈ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੱਕ ਆਮ ਆਦਮੀ ਪਾਰਟੀ ਦਾ ਵੋਟ ਪ੍ਰਤੀਸ਼ਤ ਸਿੰਗਲ ਅੰਕਾਂ ਵਿੱਚ ਹੋਣਾ ਤੈਅ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਹੁਣ ਭਾਜਪਾ ਆਗੂ ਅਤੇ ਵਰਕਰ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿੱਚ ਜੁਟ ਗਏ ਹਨ। ਜੇਕਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਚਾਇਤ ਜਾਂ ਨਗਰ ਨਿਗਮ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਭਾਜਪਾ ਉਸ ਵਿੱਚ ਵੀ ਜ਼ਰੂਰ ਹਿੱਸਾ ਲਵੇਗੀ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਮੁਹਾਲੀ ਭਾਜਪਾ ਦੇ ਪ੍ਰਧਾਨ ਸੰਜੀਵ ਵਿਸ਼ਿਸ਼ਟ, ਖਜ਼ਾਨਚੀ ਸੁਖਵਿੰਦਰ ਗੋਲਡੀ ਅਤੇ ਪੰਜਾਬ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਉੱਭਾ ,ਜੱਗੀ ਅੋਜਲਾ,ਸੂਬਾ ਭਾਜਪਾ ਆਗੂ ਭਾਨੂ ਪ੍ਰਤਾਪ ਤੇ ਮੰਡਲ ਪ੍ਰਧਾਨ ਜਸਮਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।