ਖੜ੍ਹੇ ਕੈਂਟਰ ’ਚ ਪਿੱਛਿਓਂ ਤੇਜ਼ ਰਫ਼ਤਾਰ ਵੈਗਨਆਰ ਕਾਰ ਵੱਜੀ, ਪੰਜ ਲੋਕਾਂ ਦੀ ਮੌਤ
ਗ੍ਰੇਟਰ ਨੋਇਡਾ, 11 ਨਵੰਬਰ,ਬੋਲੇ ਪੰਜਾਬ ਬਿਊਰੋ :
ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈੱਸਵੇ ’ਤੇ ਪੰਕਚਰ ਹੋਣ ਤੋਂ ਬਾਅਦ ਖੜ੍ਹੇ ਕੈਂਟਰ ’ਚ ਪਿੱਛਿਓਂ ਤੇਜ਼ ਰਫ਼ਤਾਰ ਵੈਗਨਆਰ ਕਾਰ ਵੱਜੀ।ਇਸ ਹਾਦਸੇ ‘ਚ ਕਾਰ ਸਵਾਰ ਜੋੜੇ ਤੇ ਪੁੱਤਰ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਹਾਦਸੇ ਦੇ ਸਮੇਂ ਕੈਂਟਰ ਚਾਲਕ ਤੇ ਸਹਾਇਕ ਟਾਇਰ ਬਦਲ ਰਹੇ ਸਨ। ਪੁਲਿਸ ਨੇ ਕਾਰ ’ਚ ਫਸੇ ਪੰਜਾਂ ਲੋਕਾਂ ਨੂੰ ਬਾਰੀ ਕੱਟ ਕੇ ਕੱਢਿਆ। ਏਡੀਸੀਪੀ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਹਾਦਸੇ ’ਚ ਮਰਨ ਵਾਲਿਆਂ ਦੀ ਪਛਾਣ ਦੇਵੀ ਸਿੰਘ, ਉਨ੍ਹਾਂ ਦੀ ਪਤਨੀ ਰਾਜਕੁਮਾਰੀ ਤੇ ਪੁੱਤਰ ਅਮਨ ਵਜੋਂ ਹੋਈ ਹੈ। ਕਾਰ ’ਚ ਸਵਾਰ ਰਾਜਕੁਮਾਰੀ ਦੀਆਂ ਦੋ ਭੈਣਾਂ ਵਿਮਲੇਸ਼ ਤੇ ਕਮਲੇਸ਼ ਦੀ ਵੀ ਮੌਤ ਹੋ ਗਈ। ਸਾਰੇ ਲੋਕ ਦਾਦਰੀ ਦੇ ਘੋੜੀ ਬਛੇਰਾ ਪਿੰਡ ਦੇ ਨੇੜੇ ਕਾਸ਼ੀਰਾਮ ਕਾਲੋਨੀ ’ਚ ਰਹਿੰਦੇ ਸਨ। ਦੇਵੀ ਸਿੰਘ ਮੁੱਢਲੇ ਤੌਰ ’ਤੇ ਹਰਿਆਣਾ ਤੇ ਵਿਮਲੇਸ਼ ਬਰਸਾਨਾ ਦੀ ਰਹਿਣ ਵਾਲੀ ਸੀ। ਸਾਰੇ ਲੋਕ ਅਮਨ ਦੇ ਭਤੀਜੇ ਢਾਈ ਸਾਲਾ ਦੀਪਾਂਸ਼ੂ ਉਰਫ ਬਿੱਪੂ ਨੂੰ ਦਿੱਲੀ ਸਥਿਤ ਹਸਪਤਾਲ ’ਚ ਦਾਖ਼ਲ ਕਰਵਾ ਕੇ ਪਰਤ ਰਹੇ ਸਨ। ਕਾਰ ਅਮਨ ਚਲਾ ਰਿਹਾ ਸੀ। ਹਾਦਸਾ ਹੁੰਦਿਆਂ ਹੀ ਚਾਲਕ ਤੇ ਸਹਾਇਕ ਮੌਕੇ ਤੋਂ ਫ਼ਰਾਰ ਹੋ ਗਏ। ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।












