ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ
ਚੰਡੀਗੜ੍ਹ, 12 ਦਸੰਬਰ, ਬੋਲੇ ਪੰਜਾਬ ਬਿਊਰੋ
ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਇੱਕ ਵਾਰ ਫਿਰ ਐਨਕਾਊਂਟਰ ਹੋਣ ਦੀ ਸੂਚਨਾ ਮਿਲੀ ਹੈ। ਪੰਜਾਬ ਦੇ ਮਾਨਸਾ ਦੇ ਬੁਢਲਾਡਾ ਕਸਬੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਗੋਲੀਬਾਰੀ ਹੋਈ। ਖੁਸ਼ਕਿਸਮਤੀ ਨਾਲ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਗੁਪਤ ਸੂਚਨਾ ਦੇ ਆਧਾਰ ‘ਤੇ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ।ਇਸੇ ਦੌਰਾਨ ਮਾਨਸਾ ਵਿੱਚ ਗੈਂਗਸਟਰਾਂ ਨੇ ਪਹਿਲਾਂ ਪੁਲੀਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਗੋਲੀਆਂ ਚਲਾਈਆਂ। ਪੁਲਿਸ ਨੇ ਵੀ ਮੌਕੇ ‘ਤੇ ਗੋਲੀਬਾਰੀ ਕਰਕੇ ਜਵਾਬੀ ਕਾਰਵਾਈ ਕੀਤੀ ਪਰ ਗੈਂਗਸਟਰ ਭੱਜਣ ਵਿੱਚ ਕਾਮਯਾਬ ਹੋ ਗਏ। ਗੱਡੀ ਵਿੱਚ ਸਵਾਰ ਗੈਂਗਸਟਰਾਂ ਦੀ ਪਛਾਣ ਜੱਸਾ ਨਾਨਕਸਰੀਆ ਵਜੋਂ ਹੋਈ ਹੈ। ਇਸ ਦੌਰਾਨ ਉਸ ਦੇ ਨਾਲ ਚਾਰ ਹੋਰ ਸਾਥੀ ਵੀ ਮੌਜੂਦ ਸਨ। ਗੈਂਗਸਟਰ ਬਠਿੰਡਾ ਨਾਲ ਸਬੰਧਤ ਦੱਸੇ ਜਾਂਦੇ ਹਨ ਅਤੇ ਪੁਲੀਸ ਵੀ ਬਠਿੰਡਾ ਤੋਂ ਇਨ੍ਹਾਂ ਦਾ ਪਿੱਛਾ ਕਰ ਰਹੀ ਸੀ। ਫਿਲਹਾਲ ਪੁਲਿਸ ਨੇ ਨਾਕਾਬੰਦੀ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਜੱਸਾ ਨਾਨਕਸਰੀਆ ਕਈ ਅਪਰਾਧਿਕ ਮਾਮਲਿਆਂ ‘ਚ ਸ਼ਾਮਲ ਹੈ ਅਤੇ ਜ਼ਮਾਨਤ ‘ਤੇ ਬਾਹਰ ਸੀ।












