ਜੇ ਦਿਤੇ ਸਮੇਂ ਵਿੱਚ ਨਾ ਮਿਲਿਆ ਇਨਸਾਫ ਤਾਂ ਥਾਣੇ ਦਾ ਘਿਰਾਓ ਰਹੇਗਾ ਬਰਕਰਾਰ: ਕੁੰਭੜਾ
ਮੋਹਾਲੀ, 2 ਫਰਵਰੀ:
ਮਿਤੀ 13 ਨਵੰਬਰ 2024 ਨੂੰ ਥਾਣਾ ਬਲੌਂਗੀ ਨਾਲ ਸੰਬੰਧਿਤ ਵਿਜਿੰਦਰ ਕੁਮਾਰ ਬਾਲਮੀਕੀ ਦੇ ਇਕਲੋਤੇ ਪੁੱਤਰ ਅਰੁਣ ਕੁਮਾਰ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਤੇ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਸੀਨੀਅਰ ਆਗੂਆਂ ਨੇ ਪੀੜਿਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮਿਤੀ ਤ ਫਰਵਰੀ 2025 ਨੂੰ ਥਾਣੇ ਦੇ ਘਿਰਾਓ ਦਾ ਐਲਾਨ ਕੀਤਾ ਸੀ। ਜਿਸ ਦੇ ਮੱਦੇ ਨਜ਼ਰ ਥਾਣਾ ਬਲੌਂਗੀ ਦੇ ਐਸਐਚਓ ਅਮਨਦੀਪ ਸਿੰਘ ਨੇ ਸ. ਕੁੰਭੜਾ ਅਤੇ ਪੀੜਿਤ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ ਤੇ ਅੱਜ ਮਿਤੀ 2 ਫਰਵਰੀ ਨੂੰ ਐਸਐਚਓ ਸਾਹਿਬ ਐਸ ਸੀ ਬੀਸੀ ਮੋਰਚੇ ਤੇ ਪਹੁੰਚੇ ਤੇ ਪੀੜਿਤ ਪਰਿਵਾਰ ਅਤੇ ਮੋਰਚੇ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕੀਤੀ। ਉਸ ਸਮੇਂ ਪੀੜਤ ਪਰਿਵਾਰ ਨਾਲ ਮਾੜੀ ਸ਼ਬਦਾਵਲੀ ਬੋਲਣ ਵਾਲੇ ਪੁਲਿਸ ਮੁਲਾਜ਼ਮ ਨੇ ਵੀ ਪੀੜਿਤ ਪਰਿਵਾਰ ਕੋਲੋਂ ਮੁਆਫੀ ਮੰਗ ਕੇ ਪਰਿਵਾਰ ਦਾ ਗੁੱਸਾ ਸ਼ਾਂਤ ਕੀਤਾ। ਐਸਐਚਓ ਸਾਹਿਬ ਨੇ ਕਿਹਾ ਕਿ ਮੈਂ ਇਹ ਕੇਸ ਪਹਿਲ ਦੇ ਆਧਾਰ ਤੇ 15 ਦਿਨਾਂ ਦੇ ਅੰਦਰ ਅੰਦਰ ਹੱਲ ਕਰ ਦੇਵਾਂਗਾ ਅਤੇ ਪੀੜਿਤ ਪਰਿਵਾਰ ਨੂੰ ਇਨਸਾਫ ਦਿਵਾਉਣ ਵਿੱਚ ਕੋਈ ਕਸਰ ਨਹੀਂ ਛੱਡਾਂਗਾ।
ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਸਾਨੂੰ ਐਸਐਚਓ ਸਾਹਿਬ ਤੇ ਪੂਰਨ ਵਿਸ਼ਵਾਸ ਹੈ ਕਿ ਉਹ ਇਸ ਪੀੜਿਤ ਪਰਿਵਾਰ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਇਹਨਾਂ ਨਾਲ ਇਨਸਾਫ ਕਰਦੇ ਹੋਏ ਦੋਸ਼ੀਆਂ ਤੇ ਕਾਰਵਾਈ ਕਰਨਗੇ। ਪਰ ਜੇਕਰ 15 ਦਿਨਾਂ ਦੇ ਅੰਦਰ ਅੰਦਰ ਇਹ ਕਾਰਵਾਈ ਮੁਕੰਮਲ ਨਹੀਂ ਹੁੰਦੀ ਤਾਂ ਘਿਰਾਉ ਦਾ ਐਲਾਨ ਬਰਕਰਾਰ ਰਹੇਗਾ।
ਇਸ ਮੌਕੇ ਪ੍ਰਿੰਸੀਪਲ ਬਨਵਾਰੀ ਲਾਲ (ਸੀਨੀਅਰ ਆਗੂ ਮੋਰਚਾ), ਮਨਜੀਤ ਸਿੰਘ ਮੇਵਾ, ਰਿਸ਼ੀਰਾਜ ਮਹਾਰ, ਪ੍ਰਧਾਨ ਦੌਲਤ ਰਾਮ, ਪ੍ਰਧਾਨ ਅਜੀਤ ਸਿੰਘ, ਮਨਜੀਤ ਸਿੰਘ, ਸੀਮਾ ਦੇਵੀ, ਗੌਰਵ ਕੁਮਾਰ, ਸਤੀਸ਼ ਕੁਮਾਰ, ਸਨੋਜ, ਚੰਦਰਵਤੀ ਆਦਿ ਹਾਜ਼ਰ ਹੋਏ।