ਰੋਹਤਕ, 3 ਮਾਰਚ,ਬੋਲੇ ਪੰਜਾਬ ਬਿਊਰੋ :
ਹਰਿਆਣਾ ’ਚ ਮਹਿਲਾ ਕਾਂਗਰਸੀ ਆਗੂ ਹਿਮਾਨੀ ਨਰਵਾਲ ਦੇ ਰਹੱਸਮਈ ਕਤਲ ਮਾਮਲੇ ’ਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਕ ਸ਼ੱਕੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਦਿੱਲੀ ਵਿੱਚ ਵੀ ਛਾਪੇਮਾਰੀਆਂ ਹੋਈਆਂ।
1 ਮਾਰਚ ਨੂੰ ਰੋਹਤਕ-ਦਿੱਲੀ ਹਾਈਵੇਅ ਨੇੜੇ ਇੱਕ ਸੂਟਕੇਸ ’ਚੋਂ ਹਿਮਾਨੀ ਨਰਵਾਲ ਦੀ ਲਾਸ਼ ਮਿਲੀ ਸੀ। ਇਹ ਦੇਖਕੇ ਪੂਰੇ ਇਲਾਕੇ ’ਚ ਸਨਸਨੀ ਫੈਲ ਗਈ ਸੀ। ਪਰਿਵਾਰ ਨੇ ਕਤਲ ਦੀ ਪਿੱਛੇ ਰਾਜਨੀਤਿਕ ਦੁਸ਼ਮਨੀ ਹੋਣ ਦਾ ਦਾਅਵਾ ਕੀਤਾ ਸੀ।
ਡੀਐਸਪੀ ਰਜਨੀਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਸੂਖਮ ਜਾਂਚ ਲਈ ਐਸਆਈਟੀ ਗਠਿਤ ਕੀਤੀ ਗਈ ਹੈ। ਪੁਲਿਸ ਨੇ ਹਿਮਾਨੀ ਦਾ ਮੋਬਾਈਲ ਫ਼ੋਨ ਬਰਾਮਦ ਕਰ ਲਿਆ ਹੈ, ਜੋ ਕਿ ਕਈ ਰਾਜ਼ ਖੋਲ੍ਹ ਸਕਦਾ ਹੈ। ਸਾਈਬਰ ਟੀਮ ਅਤੇ ਐੱਫ.ਐੱਸ.ਐੱਲ. ਦੀ ਮਦਦ ਨਾਲ ਜਾਂਚ ਜਾਰੀ ਹੈ।
ਹਿਮਾਨੀ ਦੀ ਮਾਂ ਨੇ ਪੁਲਿਸ ਤੋਂ ਤੁਰੰਤ ਨਿਆਂ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ। ਹਿਮਾਨੀ ਦੀ ਮਾਂ ਨੇ ਦੁੱਖ ਭਰੇ ਸ਼ਬਦਾਂ ’ਚ ਕਿਹਾ “ਜਦ ਤਕ ਕਾਤਲ ਨਹੀਂ ਫੜੇ ਜਾਂਦੇ, ਅਸੀਂ ਬੇਟੀ ਦੀ ਲਾਸ਼ ਨਹੀਂ ਚੁੱਕਾਂਗੇ,”।
ਪੁਲਿਸ ਨੇ ਦਿੱਲੀ ਤੇ ਹੋਰ ਥਾਵਾਂ ’ਤੇ ਛਾਪੇਮਾਰੀਆਂ ਕਰਕੇ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਕਤਲ ਦੇ ਪਿੱਛੇ ਪੂਰੀ ਸਾਜ਼ਿਸ਼ ਸੀ ਜਾਂ ਕੋਈ ਨਿੱਜੀ ਰੰਜਸ਼, ਇਹ ਖੁਲਾਸਾ ਤਫ਼ਤੀਸ਼ ਤੋਂ ਬਾਅਦ ਹੋਵੇਗਾ।
