ਧਰਮ ਸ਼ਾਸ਼ਤਰੀ ਤੇ ਲੇਖਕ -ਸੰਤ ਨਾਭਾ ਦਾਸ
———————————————
ਇਤਿਹਾਸ ਦੇ ਵਰਕੇ ਫਰੋਲਣ ਤੋਂ ਪਤਾ ਚਲਦਾ ਹੈ ਕਿ ਨਰਾਇਣ ਦਾਸ ਦੇ ਰੂਪ ਚ ਪੈਦਾ ਹੋਏ ਸੰਤ ਨਾਭਾ ਦਾਸ ਇੱਕ ਹਿੰਦੂ ਸੰਤ,ਧਰਮ ਸ਼ਾਸ਼ਤਰੀ ਤੇ ਮਹਾਨ ਲੇਖਕ ਸਨ।ਉਹ ਮਹਾਸ਼ਾ ਡੂਮ ਭਾਈਚਾਰੇ ਨਾਲ ਸਬੰਧ ਰੱਖਦੇ ਸਨ।ਜੋ ਨਾਭਦਾਸੀਆਂ ਨਾਲ ਵੀ ਜਾਣੇ ਜਾਂਦੇ ਹਨ।ਸੰਤ ਨਾਭਾ ਦਾਸ ਦਾ ਜਨਮ 8ਅਪ੍ਰੈਲ 1537 ਨੂੰ ਭਾਰਤ ਦੇ ਤੇਲੰਗਾਨਾ ਰਾਜ ਚ ਪੈਂਦੇ ਜ਼ਿਲ੍ਹਾ ਖ਼ੰਮਮ ਗੁਰਦਾਵਰੀ ਦੇ ਕੰਡੇ ਵਸੇ ਪਿੰਡ ਭਦਰਚਲਮ ਚ ਪਿਤਾ ਰਾਮ ਦਾਸ ਤੇ ਮਾਤਾ ਜਾਨਕੀ ਦੇਵੀ ਦੇ ਘਰ ਹੋਇਆ।ਸ਼ੁਰੂ ਚ ਸੰਤ ਨਾਭਾ ਦਾਸ ਦੇ ਮਾਤਾ ਪਿਤਾ ਦੇ ਘਰ ਕੋਈ ਔਲਾਦ ਨਹੀਂ ਸੀ।ਜਿਸ ਕਰਕੇ ਪਿੰਡ ਵਾਲੇ ਉਨ੍ਹਾਂ ਨੂੰ ਤਾਅਨੇ ਮਾਰਦੇ ਸਨ।ਤਦ ਉਨਾਂ ਭਗਵਾਨ ਸ੍ਰੀ ਰਾਮ ਅੱਗੇ ਅਰਦਾਸ ਕੀਤੀ ਕਿ ਉਨ੍ਹਾਂ ਨੂੰ ਪੁੱਤਰ ਦਾ ਅਸ਼ੀਰਵਾਦ ਦਿੱਤਾ ਜਾਵੇ।ਫਿਰ ਉਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ।ਜਿਸਦਾ ਨਾਂ ਨਾਰਾਇਣ ਦਾਸ ਰੱਖਿਆ ਗਿਆ।ਜਦੋ ਨਾਰਾਇਣ ਦਾਸ ਅਜੇ ਪੰਜ ਕੁ ਵਰ੍ਹਿਆਂ ਦੇ ਹੀ ਸਨ ਕੇ ਉਨਾਂ ਦੇ ਮਾਤਾ ਪਿਤਾ ਦਾ ਸਾਇਆ ਉਨਾਂ ਤੋਂ ਉਠ ਗਿਆ ਤੇ ਉਹ ਇਕੱਲੇ ਰਹਿ ਗਏ।ਜਦੋ ਉਹ ਮੰਦਰ ਚ ਪੂਜਾ ਕਰਦੇ ਹੁੰਦੇ ਸਨ ਤਾਂ ਇਕ ਵਾਰ ਉਨਾਂ ਕੋਲ ਦੋ ਸਾਧੂ ਆਏ।ਜਿਨਾਂ ਤੋ ਪ੍ਰਭਾਵਤ ਹੋ ਕੇ ਸੰਤ ਨਾਭਾ ਦਾਸ ਉਨਾਂ ਨਾਲ ਜੈਪੁਰ ਚਲੇ ਗਏ।ਉਥੇ ਰਹਿ ਕੇ ਉਹ ਸ਼ਰਧਾਲੂਆਂ ਨੂੰ ਪਿਆਰ ਤੇ ਸਤਕਾਰ ਨਾਲ ਭੋਜਨ ਛਕਾਇਆ ਕਰਦੇ ਸਨ।ਉਨਾਂ ਦੀ ਇਹ ਸੇਵਾ ਭਾਵਨਾ ਵੇਖ ਕੇ ਦੋਵਾਂ ਸਾਧੂਆਂ ਨੇ ਉਨਾਂ ਦਾ ਨਵਾਂ ਨਾਂ ਨਾਭ ਦਾਸ ਰੱਖ ਦਿੱਤਾ।ਇੱਥੇ ਰਹਿੰਦੇ ਹੋਏ ਹੀ ਸੰਤ ਨਾਭਾ ਦਾਸ ਵੱਲੋਂ ਸੰਨ 1585 ਚ ਸਤਯੁੱਗ ਤੋਂ ਲੈ ਕੇ ਕਲਯੁਗ ਤੱਕ ਦੇ 200 ਦੇ ਕਰੀਬ ਸੰਤਾ ਦਾ ਜੀਵਨ ਇਤਿਹਾਸ ਲਿਖਿਆ ਗਿਆ।ਇਹ ਪਵਿੱਤਰ ਗ੍ਰੰਥ ਭਗਤਮਾਲ ਬ੍ਰਿਜ਼ ਭਾਸ਼ਾ ਚ ਹੈ।ਇਸ ਕਾਰਜ ਨੂੰ ਸੰਪੂਰਨ ਕਰਨ ਮਗਰੋਂ ਆਪ ਵਾਰਾਨਸੀ ਚਲੇ ਗਏ ਅਤੇ ਵਾਰਾਨਸੀ ਜਾਣ ਸਮੇਂ ਉਹ ਆਪਣੇ ਨਾਲ ਕਾਫੀ ਸਾਧੂ ਸੰਤਾਂ ਨੂੰ ਵੀ ਨਾਲ ਲੈ ਗਏ।ਫਿਰ ਇਥੋਂ ਉਹ ਮਥੁਰਾ ਤੇ ਬ੍ਰਿੰਦਾਵਨ ਦੀ ਯਾਤਰਾ ਤੇ ਚਲੇ ਗਏ।ਜਿੱਥੇ ਉਨਾਂ ਸ੍ਰੀ ਭਗਵਾਨ ਕ੍ਰਿਸ਼ਨ ਦੀ ਅਰਾਧਨਾ ਕੀਤੀ।ਇੱਥੇ ਹੀ ਉਨਾਂ ਤੁਲਸੀ ਦਾਸ ਰਮਾਇਣ ਦੇ ਲੇਖਕ ਤੁਲਸੀ ਦਾਸ ਨਾਲ ਮੁਲਾਕਾਤ ਕੀਤੀ।ਉਹ ਭਗਵਾਨ ਸ੍ਰੀ ਰਾਮ ਦੇ ਪੱਕੇ ਸ਼ਰਧਾਲੂ ਸਨ।ਕਿਉਂਕਿ ਸ੍ਰੀ ਰਾਮ ਦਾ ਭਦਰਚਲਮ ਚ ਮੰਦਰ ਸੀ।ਇਸ ਮੰਦਰ ਨੂੰ ਰਾਮ ਭਦਰਾਚਲਮ ਆਖਿਆ ਜਾਂਦਾ ਹੈ।ਸੰਤ ਨਾਭਾ ਦਾਸ ਗੁਰਦਾਸਪੁਰ ਦੇ ਪਿੰਡ ਪੰਡੋਰੀ ਚ ਠਾਕੁਰਦੁਆਰ ਭਾਗਵਾਨ ਨਾਰਾਇਣ ਜੀ ਦੇ ਮੰਦਰ ਵੀ ਦਰਸ਼ਨਾ ਲਈ ਜਾਂਦੇ ਸਨ।ਜਿੱਥੇ ਡੂਮ ਭਾਈਚਾਰੇ ਦੇ ਲੋਕ ਰਹਿੰਦੇ ਸਨ।ਆਪਣੇ ਪ੍ਰਸਿੱਧ ਵੈਸ਼ਨਵ ਪਾਠ ਭਗਤਮਾਲ ਚ ਸੰਤ ਨਾਭਾ ਦਾਸ ਨੇ ਪੰਡੋਰੀ ਧਾਮ ਦੇ ਰਾਮਾ ਨੰਦੀ ਸੰਤ ਭਗਵਾਨ ਜੀ ਅਤੇ ਨਾਰਾਇਣ ਜੀ ਬਾਰੇ ਲਿਖਿਆ ਹੈ।ਜ਼ਿਕਰਯੋਗ ਹੈ ਕੇ ਗੁਆਂਢੀ ਰਾਜ ਹਿਮਾਚਲ ਤੇ ਜੰਮੂ ਕਸ਼ਮੀਰ ਚ ਭਾਈਚਾਰੇ ਦੀ ਵੱਡੀ ਗਿਣਤੀ ਹੈ।ਇਹ ਵੀ ਧਾਰਨਾ ਹੈ ਕੇ ਕੁੱਲੂ ਦਾ ਦੁਸਹਿਰਾ ਸੰਤ ਨਾਭਾ ਦਾਸ ਦੇ ਆਦੇਸ਼ਾਂ ਤੇ ਇੱਕ ਹਫ਼ਤਾ ਮਨਾਇਆ ਜਾਂਦਾ ਹੈ।
ਇਸ ਵਕਤ ਪੰਜਾਬ ਅੰਦਰ ਮਹਾਸ਼ਾ ਭਾਈਚਾਰੇ ਦੇ ਲਗਭੱਗ 30 ਲੱਖ ਲੋਕ ਹਨ। ਜਿਨਾਂ ਚੋਂ ਇਕੱਲੇ ਪਠਾਨਕੋਟ ਚ ਇਨਾਂ ਦੀ ਗਿਣਤੀ ਇੱਕ ਲੱਖ ਤੋ ਉਪਰ ਹੈ।ਪਵਿੱਤਰ ਗ੍ਰੰਥ ਭਗਤਮਾਲ ਤੋਂ ਇਲਾਵਾ ਸੰਤ ਨਾਭਾ ਦਾਸ ਵੱਲੋਂ ਰਾਮਸ਼ਟਯਾਮ,ਅਸ਼ਟਯਮ ਅਤੇ ਰਾਮ ਚਰਿਤ ਕੇ ਬਾਦ ਕੁਛ ਹੋਰ ਰਚਨਾਵਾਂ ਵੀ ਲਿਖੀਆਂ।ਉਨਾਂ ਸਾਰੀ ਉਮਰ ਸਾਹਿਤ ਦੀ ਰਚਨਾ ਕੀਤੀ।ਅਖ਼ੀਰ ਸੰਨ 1643 ਚ 106ਵਰ੍ਹਿਆਂ ਦੀ ਉਮਰ ਚ ਸੰਤ ਨਾਭਾ ਦਾਸ ਅਕਾਲ ਚਲਾਣਾ ਕਰ ਗਏ।ਪੰਜਾਬ ਸਰਕਾਰ ਵੱਲੋਂ 8 ਅਪ੍ਰੈਲ ਨੂੰ ਸੰਤ ਨਾਭਾ ਦਾਸ ਜੀ ਦੇ ਜਨਮ ਦਿਨ ਉੱਤੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਉਨਾਂ ਦੇ ਲੱਖਾਂ ਸ਼ਰਧਾਲੂ ਮਨੁੱਖ ਦੇ ਕੰਮ ਕਰਨ ਦੇ ਸੰਕਲਪ ਨੂੰ ਯਾਦ ਕਰਦੇ ਹੋਏ ਉਨਾਂ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਤੇ ਸਤਕਾਰ ਸਹਿਤ ਮਨਾ ਸਕਣ ।
ਲੈਕਚਰਾਰ ਅਜੀਤ ਖੰਨਾ
ਮੋਬਾਈਲ:76967-54669