ਨਵੀਂ ਦਿੱਲੀ 15 ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਸਿੱਖ ਪੰਥ ਦੀ ਸਿਰਮੌਰ ਜੱਥੇਬੰਦੀ ਅਖੰਡ ਕੀਰਤਨੀ ਜੱਥੇ ਵਲੋਂ ਸ਼੍ਰੀ ਅੰਮ੍ਰਿਤਸਰ ਵਿਖ਼ੇ ਸਥਿਤ ਵੱਖ ਵੱਖ ਇਤਿਹਾਸਿਕ ਗੁਰਦੁਆਰਿਆਂ ਵਿਖ਼ੇ ਸਾਲਾਨਾ ਅਖੰਡ ਕੀਰਤਨ ਸਮਾਗਮ ਚੜ੍ਹਦੀਕਲਾ ਨਾਲ ਸੰਪੂਰਨ ਹੋਏ। ਇਸ ਸਮਾਗਮ ਵਿਚ ਇਤਿਹਾਸਿਕ ਗੁ: ਸ਼ਹੀਦ ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ, ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ (13 ਸਿੰਘ ਸ਼ਹੀਦ), ਗੁਰਦੁਆਰਾ ਪਿੱਪਲੀ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਮਾਲ ਮੰਡੀ, ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਰੰਗਲੇ ਸੱਜਣ ਟ੍ਰਸਟ, ਗੁਰਦੁਆਰਾ ਬਿਬੇਕਸਰ ਸਾਹਿਬ, ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖ਼ੇ ਸਵੇਰ ਅਤੇ ਸ਼ਾਮ ਦੇ ਕੀਰਤਨ ਉਪਰੰਤ ਰੈਣ ਸਬਾਈ ਕੀਰਤਨ ਦੇ ਦੀਵਾਨ ਮੰਜੀ ਸਾਹਿਬ ਹਾਲ, ਸ੍ਰੀ ਦਰਬਾਰ ਸਾਹਿਬ ਵਿਖ਼ੇ ਸਜਾਏ ਗਏ ਸਨ। ਸਮਾਗਮ ਦੌਰਾਨ ਪ੍ਰਬੰਧਕਾਂ ਵਲੋਂ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਦਾ ਇੰਤਜਾਮ ਰੰਗਲੇ ਸੱਜਣ ਟ੍ਰਸਟ ਵਿਖ਼ੇ ਰੱਖਿਆ ਗਿਆ ਸੀ। ਜਿਕਰਯੋਗ ਹੈ ਕਿ 13 ਅਪ੍ਰੈਲ 1978 ਦੀ ਵਿਸਾਖੀ ਮੌਕੇ ਅੰਮ੍ਰਿਤਸਰ ਵਿੱਚ ਹੋਇਆ ਸਾਕਾ ਨਿਰੰਕਾਰੀ ਕਾਂਡ ਵੀ ਜਥੇ ਦੇ ਲਹੂ ਭਿੱਜੇ ਇਤਿਹਾਸ ਨਾਲ ਗਹਿਰਾ ਜੁੜਿਆ ਹੋਇਆ ਹੈ, ਜਿੱਥੇ ਭਾਈ ਫੌਜਾ ਸਿੰਘ ਜੀ ਸਮੇਤ 13 ਸਿੰਘ ਸ਼ਹੀਦ ਨਿਰੰਕਾਰੀ ਗੁਰੂ ਡੰਮ ਦਾ ਵਿਰੋਧ ਕਰਦੇ ਹੋਏ ਸ਼ਹੀਦ ਹੋਏ ਸਨ। ਇਥੇ ਦਸਣਯੋਗ ਹੈ ਕਿ ਅਖੰਡ ਕੀਰਤਨੀ ਜੱਥੇ ਦੀ ਸ਼ੁਰੂਆਤ ਵਿੱਚ ਇਸ ਨੂੰ “ਭਾਈ ਰਣਧੀਰ ਸਿੰਘ ਦਾ ਜਥਾ” ਜਾਂ “ਵਾਹਿਗੁਰੂ ਸਿੰਘ” ਕਿਹਾ ਜਾਂਦਾ ਸੀ। ਲੰਮੇ ਸਮੇਂ ਤੱਕ ਚੱਲਣ ਵਾਲੇ ਨਿਰੋਲ ਕੀਰਤਨ ਸਮਾਗਮਾਂ ਕਾਰਨ ਇਸ ਦਾ ਨਾਮ “ਅਖੰਡ ਕੀਰਤਨੀ ਜਥਾ” ਮਸ਼ਹੂਰ ਹੋ ਗਿਆ। ਸ਼੍ਰੀ ਅੰਮ੍ਰਿਤਸਰ ਵਿਖ਼ੇ ਸਮਾਗਮ ਉਲੀਕਣ ਵਾਲੇ ਜੱਥੇ ਦੇ ਪ੍ਰਬੰਧਕਾਂ ਵਲੋਂ ਹਾਜ਼ਿਰੀ ਭਰਣ ਵਾਲੀ ਸੰਗਤਾਂ ਅਤੇ ਐਸਜੀਪੀਸੀ ਦੀ ਪ੍ਰਬੰਧਕੀ ਕਮੇਟੀ ਵਲੋਂ ਦਿੱਤੇ ਗਏ ਸਾਹਿਯੋਗ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦਸਿਆ ਕਿ ਅਗਲੇ ਸਮਾਗਮ ਅਖੰਡ ਕੀਰਤਨੀ ਜੱਥੇ ਦੇ ਬਾਨੀ ਸੋਨ ਚਿੜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਦਿੱਲੀ ਵਿਖ਼ੇ 21 ਤੋਂ 24 ਮਈ ਤਕ ਹੋਣਗੇ












