ਮੋਗਾ 15 ਅਪ੍ਰੈਲ ,ਬੋਲੇ ਪੰਜਾਬ ਬਿਊਰੋ;
ਮੋਗਾ ਜ਼ਿਲ੍ਹੇ ਦੇ ਅਧੀਨ ਪੈਂਦੇ ਸ਼ਹਿਰ ਧਰਮਕੋਟ ਦੇ ਪੰਡੋਰੀ ਰੋਡ ‘ਤੇ ਅੱਜ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ, ਜਿੱਥੇ ਇੱਕ ਨੌਜਵਾਨ ਕੱਪੜਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੈਰੀ (29) ਪੁੱਤਰ ਕੁਲਵੰਤ ਸਿੰਘ ਵਾਸੀ ਧਰਮਕੋਟ ਵਜੋਂ ਹੋਈ ਹੈ।
ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਗੁਰਪ੍ਰੀਤ ਸਿੰਘ ਧਰਮਕੋਟ ਵਿੱਚ ‘ਗੈਰੀ ਕੁਲੈਕਸ਼ਨ’ ਨਾਮ ਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਚਲਾਉਂਦਾ ਸੀ। ਉਹ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਆਪਣੀ ਸਕਾਰਪੀਓ ਕਾਰ ਧਵਾਉਣ (ਵਾਸ਼ ਕਰਵਾਉਣ) ਜਾ ਰਿਹਾ ਹੈ। ਜਦੋਂ ਕਾਫ਼ੀ ਦੇਰ ਤੱਕ ਉਹ ਵਾਪਸ ਨਾ ਪਰਤਿਆ ਅਤੇ ਫ਼ੋਨ ਵੀ ਨਹੀਂ ਚੁੱਕਿਆ, ਤਾਂ ਪਰਿਵਾਰ ਨੂੰ ਚਿੰਤਾ ਹੋਈ।
ਭਾਲ ਕਰਦੇ ਹੋਏ ਜਦੋਂ ਦੁਕਾਨ ਦਾ ਇੱਕ ਮੁਲਾਜ਼ਮ ਮੌਕੇ ‘ਤੇ ਪਹੁੰਚਿਆ, ਤਾਂ ਉਸ ਨੇ ਦੇਖਿਆ ਕਿ ਗੁਰਪ੍ਰੀਤ ਸਿੰਘ ਆਪਣੀ ਸਕਾਰਪੀਓ ਗੱਡੀ ਵਿੱਚ ਲਹੂ-ਲੁਹਾਨ ਹਾਲਤ ਵਿੱਚ ਪਿਆ ਸੀ। ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਪੰਡੋਰੀ ਰੋਡ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਰਹੀ ਹੈ ਤਾਂ ਜੋ ਹਮਲਾਵਰਾਂ ਦਾ ਪਤਾ ਲਗਾਇਆ ਜਾ ਸਕੇ। ਨੌਜਵਾਨ ਵਪਾਰੀ ਦੇ ਇਸ ਤਰ੍ਹਾਂ ਹੋਏ ਕਤਲ ਕਾਰਨ ਧਰਮਕੋਟ ਦੇ ਬਾਜ਼ਾਰਾਂ ਵਿੱਚ ਸ਼ੋਕ ਦੀ ਲਹਿਰ ਹੈ ਅਤੇ ਵਪਾਰੀਆਂ ਨੇ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ।












