ਨੌਕਰੀ ਤੋਂ ਕੱਢੇ ਨੌਕਰ ‘ਤੇ ਜਬਰ-ਜ਼ਨਾਹ ਅਤੇ ਹੱਤਿਆ ਦਾ ਸ਼ੱਕ
ਨਵੀਂ ਦਿੱਲੀ 22 ਅਪ੍ਰੈਲ,ਬੋਲੇੋ ਪੰਜਾਬ ਬਿਊਰੋ;
ਦਿੱਲੀ ਦੇ ਅਮਰ ਕਲੋਨੀ ਇਲਾਕੇ ਵਿੱਚ ਇੱਕ 1997 ਬੈਚ ਦੇ ਆਈ.ਆਰ.ਐਸ. (IRS) ਅਫ਼ਸਰ ਦੀ 22 ਸਾਲਾ ਧੀ ਦਾ ਉਸ ਦੇ ਹੀ ਘਰ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕੈਲਾਸ਼ ਹਿਲਜ਼ ਸਥਿਤ ਬਿਲਡਿੰਗ ਨੰਬਰ 180 ਵਿੱਚ ਵਾਪਰੀ ਇਸ ਘਟਨਾ ਨੇ ਪੂਰੇ ਇਲਾਕੇ ਨੂੰ ਦਹਿਸ਼ਤ ਵਿੱਚ ਪਾ ਦਿੱਤਾ ਹੈ।
ਪੁਲਿਸ ਅਨੁਸਾਰ ਇਹ ਘਟਨਾ ਸਵੇਰੇ 6:30 ਤੋਂ 7:30 ਵਜੇ ਦੇ ਦਰਮਿਆਨ ਵਾਪਰੀ। ਉਸ ਸਮੇਂ ਅਧਿਕਾਰੀ ਅਤੇ ਉਨ੍ਹਾਂ ਦੀ ਪਤਨੀ ਸੈਰ ਅਤੇ ਜਿਮ ਲਈ ਗਏ ਹੋਏ ਸਨ। ਮ੍ਰਿਤਕਾ, ਜੋ ਇੰਜੀਨੀਅਰਿੰਗ ਤੋਂ ਬਾਅਦ UPSC ਦੀ ਤਿਆਰੀ ਕਰ ਰਹੀ ਸੀ, ਘਰ ਵਿੱਚ ਇਕੱਲੀ ਸੀ। ਜਦੋਂ ਮਾਪੇ ਵਾਪਸ ਪਰਤੇ ਤਾਂ ਉਨ੍ਹਾਂ ਨੂੰ ਆਪਣੀ ਧੀ ਦੀ ਲਾਸ਼ ਖ਼ੂਨ ਨਾਲ ਲਿਥਪਥ ਮਿਲੀ।
ਪੁਲਿਸ ਦੀ ਸ਼ੱਕ ਦੀ ਸੂਈ ਘਰ ਦੇ ਪੁਰਾਣੇ ਨੌਕਰ ਰਾਹੁਲ ‘ਤੇ ਹੈ, ਜੋ ਰਾਜਸਥਾਨ ਦਾ ਰਹਿਣ ਵਾਲਾ ਹੈ। ਰਾਹੁਲ ਨੂੰ ਡੇਢ ਮਹੀਨਾ ਪਹਿਲਾਂ ਪੈਸਿਆਂ ਦੀ ਹੇਰਾਫੇਰੀ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਰਾਹੁਲ ਨੇ ਪਹਿਲਾਂ ਲੜਕੀ ਨਾਲ ਜਬਰ-ਜ਼ਨਾਹ ਕੀਤਾ ਅਤੇ ਫਿਰ ਪਛਾਣੇ ਜਾਣ ਦੇ ਡਰ ਤੋਂ ਮੋਬਾਈਲ ਚਾਰਜਰ ਦੀ ਕੇਬਲ ਨਾਲ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੂੰ ਖ਼ਦਸ਼ਾ ਹੈ ਕਿ ਮੁਲਜ਼ਮ ਘਰੋਂ ਕੀਮਤੀ ਸਾਮਾਨ ਲੁੱਟ ਕੇ ਫ਼ਰਾਰ ਹੋ ਗਿਆ ਹੈ।
ਫੋਰੈਂਸਿਕ ਟੀਮਾਂ ਅਤੇ ਉੱਚ ਪੁਲਿਸ ਅਧਿਕਾਰੀ ਮੌਕੇ ‘ਤੇ ਸਬੂਤ ਇਕੱਠੇ ਕਰ ਰਹੇ ਹਨ। ਜਿਨਸੀ ਸ਼ੋਸ਼ਣ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੋਵੇਗੀ। ਇਸ ਘਟਨਾ ਨੇ ਦਿੱਲੀ ਦੇ ਪੌਸ਼ ਇਲਾਕਿਆਂ ਵਿੱਚ ਸੁਰੱਖਿਆ ਅਤੇ ਘਰੇਲੂ ਨੌਕਰਾਂ ਦੀ ਵੈਰੀਫਿਕੇਸ਼ਨ ਦੀ ਲੋੜ ‘ਤੇ ਮੁੜ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਨੇ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਉਸ ਦੀ ਗ੍ਰਿਫ਼ਤਾਰੀ ਦਾ ਦਾਅਵਾ ਕੀਤਾ ਹੈ।











