ਚੰਡੀਗੜ੍ਹ, 26 ਅਪ੍ਰੈਲ ,ਬੋਲੇ ਪੰਜਾਬ ਬਿਊਰੋ;
‘ਆਪ’ ਪਾਰਟੀ ਛੱਡਣ ਦੀਆਂ ਚਰਚਾਵਾਂ ਦੇ ਚਲਦਿਆਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਸੁਰੱਖਿਆ ਵਾਪਿਸ ਲੈਣ ਦੀ ਖਬਰ ਸਾਹਮਣੇ ਆ ਰਹੀ ਹੈ। ਮੀਡੀਆ ਦੀਆਂ ਖਬਰਾਂ ਦੇ ਅਨੁਸਾਰ ਪੰਜਾਬ ਸਰਕਾਰ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ‘Z+’ ਸੁਰੱਖਿਆ ਵੀ ਵਾਪਸ ਲੈ ਲਈ ਹੈ। ਪਰ ਹਰਭਜਨ ਸਿੰਘ ਦੀ ਸੁਰੱਖਿਆ ਵਾਪਸ ਲੈਣ ਬਾਰੇ ਅਧਿਕਾਰਤ ਬਿਆਨ ਦੀ ਪੁਸ਼ਟੀ ਨਹੀਂ ਹੋਈ ਹੈ
ਜ਼ਿਕਰਯੋਗ ਹੈ ਕਿ ਪਾਰਟੀ ਛੱਡਣ ਦੀਆਂ ਚਰਚਾਵਾਂ ਦੇ ਚਲਦਿਆਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੇ ਜਲੰਧਰ ਸਥਿਤ ਘਰ ਦੇ ਬਾਹਰ ‘ਆਪ’ ਵਰਕਰਾਂ ਵੱਲੋਂ ਬੀਤੇ ਦਿਨ ਤਿੱਖਾ ਪ੍ਰਦਰਸ਼ਨ ਕੀਤਾ ਗਿਆ ਸੀ। ਹਰਭਜਨ ਸਿੰਘ ਦੇ ਘਰ ਦੇ ਬਾਹਰ ‘ਆਪ’ ਵਰਕਰਾਂ ਵੱਲੋਂ ਹੰਗਾਮਾ ਅਤੇ ਧਰਨਾ ਦਿੱਤਾ ਗਿਆ। ਇਹ ਹੀ ਨਹੀਂ ਇਸ ਪ੍ਰਦਰਸ਼ਨ ਦੌਰਾਨ ਵਰਕਰਾਂ ਵੱਲੋਂ ਉਨ੍ਹਾਂ ਦੇ ਘਰ ਦੀਆਂ ਕੰਧਾਂ ‘ਤੇ ‘ਗੱਦਾਰ’ ਲਿਖਿਆ ਗਿਆ।
ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਖੁਦ ‘ਆਪ’ ਛੱਡਣ ਦਾ ਐਲਾਨ ਨਹੀਂ ਕੀਤਾ ਹੈ ਪਰ ਰਾਘਵ ਚੱਢਾ ਨੇ ਉਨ੍ਹਾਂ ਦੇ ਨਾਲ ਹੋਣ ਦਾ ਦਾਅਵਾ ਕੀਤਾ ਸੀ। ਇਸ ਤੋਂ ਬਾਅਦ ਅੱਜ ਐਤਵਾਰ ਨੂੰ ਪਾਰਟੀ ਨੇ ਪੰਜਾਬ ਪੁਲਿਸ ਦੀ ਸੁਰੱਖਿਆ ਵਾਪਸ ਲੈ ਲਈ। 24 ਅਪ੍ਰੈਲ 2026 ਨੂੰ ਪੰਜਾਬ ਤੋਂ ਰਾਜ ਸਭਾ ਲਈ ਗਏ ‘ਆਪ’ ਦੇ 3 ਸੰਸਦ ਮੈਂਬਰ ਭਾਜਪਾ ‘ਚ ਸ਼ਾਮਲ ਹੋ ਗਏ ਸਨ, ਜਦਕਿ 3 ਹੋਰਾਂ ਦੇ ਵੀ ਭਾਜਪਾ ‘ਚ ਹੋਣ ਦਾ ਦਾਅਵਾ ਕੀਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਬਾਕੀ MPS ‘ਤੇ ਵੀ ਛੇਤੀ ਹੀ ਕਾਰਵਾਈ ਹੋ ਸਕਦੀ ਹੈ।











