ਨਵੀਂ ਦਿੱਲੀ 27 ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਰਾਮਗੜ੍ਹੀਆ ਸਮਾਜ ਦੀ ਸਿੱਖ ਬੰਧੂ ਵੈਲਫ਼ੇਰ ਟ੍ਰਸਟ ਵਲੋਂ ਰਿਟਜ਼ ਬੇਨਕੁਏਟ ਹਾਲ ਵਿਚ ਸਾਲਾਨਾ 10ਵਾਂ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਐਸੋਸੀਏਸ਼ਨ ਅਤੇ ਸਿੱਖ ਬੰਧੂ ਵੈਲਫ਼ੇਰ ਟ੍ਰਸਟ ਦੇ ਮੁੱਖੀ ਸੁਖਦੇਵ ਸਿੰਘ ਰਿਆਤ, ਸਕੱਤਰ ਕਿਰਨਦੀਪ ਸਿੰਘ ਰਿਆਤ, ਦਿੱਲੀ ਦੇ ਕੈਬਿਨਟ ਮਨਿਸਟਰ ਮਨਜਿੰਦਰ ਸਿੰਘ ਸਿਰਸਾ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸਕੱਤਰ ਜਗਦੀਪ ਸਿੰਘ ਕਾਹਲੋਂ, ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ, ਰਾਜੌਰੀ ਗਾਰਡਨ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ, ਸਾਬਕਾ ਐਮਪੀ ਤਰਲੋਚਨ ਸਿੰਘ, ਸਮੇਤ ਕਈ ਪਤਵੰਤੇ ਸੱਜਣ ਹਾਜਿਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਭਾਈ ਹਰਨਾਮ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸੀਸ ਗੰਜ ਸਾਹਿਬ ਵਲੋਂ ਅਰਦਾਸ ਨਾਲ ਕੀਤੀ ਗਈ। ਉਪਰੰਤ ਸਟੇਜ ਸਕੱਤਰ ਵਲੋਂ ਹਾਜ਼ਰੀਨ ਸੰਗਤਾਂ ਨੂੰ ਰਾਮਗੜ੍ਹੀਆ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਦੇਂਦਿਆ ਦਸਿਆ ਕਿ ਤਕਰੀਬਨ ਪੰਜ ਹਜਾਰ ਬੱਚਿਆਂ ਦੇ ਰਿਸ਼ਤੇ ਦੀਆਂ ਸੇਵਾਵਾਂ, ਜਰੂਰਤਮੰਦ ਬੱਚਿਆਂ ਦੀ ਸਕੂਲ ਫੀਸਾਂ ਵਿਚ ਮਦਦ, ਤਖਤ ਸ਼੍ਰੀ ਹਜੂਰ ਸਾਹਿਬ ਵਿਖ਼ੇ ਸੰਗਤਾਂ ਦੇ ਰਹਿਣ ਲਈ ਸਰਾਂ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖ਼ੇ ਬੁੰਗਾ ਰਾਮਗੜੀਆਂ ਦੀ ਪੁੰਨ ਉਸਾਰੀ ਕੀਤੀ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਵਿਰੋਧੀ ਧਿਰ ਉਪਰ ਨਿਸ਼ਾਨਾ ਵਿੰਗਦੇ ਹੋਏ ਦਿੱਲੀ ਕਮੇਟੀ ਦੇ ਉਪਰਾਲੇਆ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਦਿੱਲੀ ਦੇ ਕੈਬਿਨਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਦੇਸ਼ ਦੇ ਪੀਐਮ ਮੋਦੀ ਦੇ ਗੁਣ ਗਾਦਿਆਂ ਉਨ੍ਹਾਂ ਵਲੋਂ ਸਿੱਖਾਂ ਲਈ ਕੀਤੇ ਕਾਰਜ ਅਤੇ ਆਪਣੀਆਂ ਪ੍ਰਾਪਤੀ ਬਾਰੇ ਦਸਿਆ। ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਨੇ ਰਾਮਗੜ੍ਹੀਆ ਬੈੰਕ ਜੋ ਕਿ ਬੰਦ ਹੋਣ ਦੇ ਹਾਲਾਤਾਂ ਵਿਚ ਪੁੱਜ ਗਿਆ ਸੀ, ਨੂੰ ਭਾਰੀ ਭਗਦੌੜ ਉਪਰੰਤ ਮਨਜਿੰਦਰ ਸਿੰਘ ਸਿਰਸਾ ਰਾਹੀਂ ਅਤੇ ਦਿੱਲੀ ਦੀ ਮੁੱਖਮੰਤਰੀ ਰੇਖਾ ਗੁਪਤਾ ਦੀ ਮਦਦ ਨਾਲ ਕਿਸ ਤਰ੍ਹਾਂ ਬਚਾਇਆ ਓਸ ਬਾਰੇ ਵਿਸਥਾਰ ਨਾਲ ਦਸਿਆ। ਰਾਮਗੜ੍ਹੀਆ ਐਸੋਸੀਏਸ਼ਨ ਵਲੋਂ ਸਮਾਜ ਵਿਚ ਸਲਾਘਾਯੋਗ ਕਾਰਜ ਕਰਣ ਵਾਲੇ ਭਾਈ ਹਰਨਾਮ ਸਿੰਘ ਖਾਲਸਾ, ਭਾਈ ਹਰਜੋਤ ਸ਼ਾਹ ਸਿੰਘ, ਸਾਬਕਾ ਐਮਪੀ ਤਰਲੋਚਨ ਸਿੰਘ ਸਮੇਤ ਕੁਝ ਪਤਵੰਤੇ ਸੱਜਣਾ ਨੂੰ ਮੌਮੇਟੋ ਅਤੇ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਤੇ ਹਾਜ਼ਰੀਨ ਸੰਗਤਾਂ ਲਈ ਖਾਣ ਪੀਣ ਦਾ ਵਧੀਆ ਇੰਤਜਾਮ ਕੀਤਾ ਗਿਆ ਸੀ। ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਐਸੋਸੀਏਸ਼ਨ ਅਤੇ ਸਿੱਖ ਬੰਧੂ ਵੈਲਫ਼ੇਰ ਟ੍ਰਸਟ ਦੇ ਮੁੱਖੀ ਸੁਖਦੇਵ ਸਿੰਘ ਰਿਆਤ ਨੇ ਦਸਿਆ ਕਿ ਕੁਝ ਵਿਰੋਧੀਆਂ ਵਲੋਂ ਪ੍ਰੋਗਰਾਮ ਨੂੰ ਰੋਕਣ ਲਈ ਹੋਛੇ ਹਥਕੰਡੇ ਅਪਣਾਇ ਜਾ ਰਹੇ ਸਨ ਪਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਪ੍ਰੋਗਰਾਮ ਚੜ੍ਹਦੀਕਲਾ ਨਾਲ ਸੰਪੂਰਨ ਹੋਇਆ ਤੇ ਇਸ ਵਿਚ ਹਾਜ਼ਿਰੀ ਭਰਣ ਵਾਲੇ ਪਤਵੰਤੇ ਸੱਜਣਾ ਸਮੇਤ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦੇ ਹਾਂ।












