ਫਾਜ਼ਿਲਕਾ, 28 ਅਪ੍ਰੈਲ ,ਬੋਲੇ ਪੰਜਾਬ ਬਿਉਰੋ;
ਫਾਜ਼ਿਲਕਾ-ਮਲੋਟ ਹਾਈਵੇਅ ‘ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਮਲੋਟ ਤੋਂ ਪ੍ਰੀਖਿਆ ਦੇ ਕੇ ਪਰਤ ਰਹੇ ਤਿੰਨ ਵਿਦਿਆਰਥੀਆਂ ਦੀ ਕਾਰ ਗੰਗ ਕੈਨਾਲ ਵਿੱਚ ਜਾ ਡਿੱਗੀ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਅਚਾਨਕ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ। ਇਸ ਘਟਨਾ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ, ਜਦਕਿ ਦੋ ਹੋਰਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਜਾਣਕਾਰੀ ਅਨੁਸਾਰ, ਕਾਰ ਵਿੱਚ ਸਵਾਰ ਤਿੰਨ ਨੌਜਵਾਨ ਹਨੀ (ਨਿਵਾਸੀ ਲੁਧਿਆਣਾ), ਅਰੁਣਪ੍ਰੀਤ ਸਿੰਘ (ਨਿਵਾਸੀ ਸਲੇਮਸ਼ਾਹ ਰੋਡ, ਫਾਜ਼ਿਲਕਾ) ਅਤੇ ਅਰਸ਼ਦੀਪ ਮਲੋਟ ਤੋਂ ਪੇਪਰ ਦੇ ਕੇ ਫਾਜ਼ਿਲਕਾ ਪਰਤ ਰਹੇ ਸਨ। ਰਸਤੇ ਵਿੱਚ ਕਿਸੇ ਅਣਪਛਾਤੇ ਕਾਰਨ ਕਰਕੇ ਕਾਰ ਬੇਕਾਬੂ ਹੋ ਗਈ ਅਤੇ ਗੰਗ ਕੈਨਾਲ ਨਹਿਰ ਵਿੱਚ ਜਾ ਡਿੱਗੀ। ਕਾਰ ਦੇ ਨਹਿਰ ਵਿੱਚ ਡਿੱਗਦੇ ਹੀ ਤਿੰਨੋਂ ਨੌਜਵਾਨ ਪਾਣੀ ਵਿੱਚ ਡੁੱਬਣ ਲੱਗੇ।
ਘਟਨਾ ਦਾ ਪਤਾ ਲਗਦੇ ਹੀ ਆਸ-ਪਾਸ ਦੇ ਪਿੰਡ ਵਾਸੀ ਅਤੇ ਗੋਤਾਖੋਰ ਮੌਕੇ ‘ਤੇ ਪਹੁੰਚ ਗਏ। ਪਿੰਡ ਦੇ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤੇ। ਗੋਤਾਖੋਰਾਂ ਦੀ ਮਦਦ ਨਾਲ ਹਨੀ ਅਤੇ ਅਰੁਣਪ੍ਰੀਤ ਨੂੰ ਨਹਿਰ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਾਲਾਂਕਿ, ਤੀਜੇ ਨੌਜਵਾਨ ਅਰਸ਼ਦੀਪ ਨੂੰ ਬਾਹਰ ਕੱਢਣ ਵਿੱਚ ਕਾਫ਼ੀ ਸਮਾਂ ਲੱਗ ਗਿਆ, ਕਿਉਂਕਿ ਕਾਰ ਨਹਿਰ ਵਿੱਚ ਡਿੱਗਣ ਤੋਂ ਬਾਅਦ ਕਰੀਬ 70 ਮੀਟਰ ਤੱਕ ਰੁੜ੍ਹ ਗਿਆ ਸੀ।
ਕਾਫ਼ੀ ਮੁਸ਼ੱਕਤ ਤੋਂ ਬਾਅਦ ਅਰਸ਼ਦੀਪ ਨੂੰ ਵੀ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਉਹ ਬੇਹੋਸ਼ ਹੋ ਚੁੱਕਾ ਸੀ। ਜ਼ਖ਼ਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਉੱਥੇ ਡਾਕਟਰਾਂ ਨੇ ਅਰਸ਼ਦੀਪ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਹਨੀ ਅਤੇ ਅਰੁਣਪ੍ਰੀਤ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਹਾਦਸੇ ਨੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।












