ਪੰਜਾਬ ਦੀ ਫ਼ਿਜ਼ਾ ਵਿੱਚ ਪੰਜ ਸ਼ਬਦ ਦਾ ਅਹਿਮ ਯੋਗਦਾਨ ਹੈ। ਜਦੋਂ ਪੰਜ ਦਾ ਪਾਜਾ ਬਣਦਾ ਹੈ ਤਾਂ ਇਸ ਦੇ ਅਧਿਆਤਮਿਕ ਅਰਥ ਬਦਲ ਜਾਂਦੇ ਹਨ ਅਤੇ ਇਸ ਦਾ ਸਤਿਕਾਰ ਵਧ ਜਾਂਦਾ ਹੈ। ਇਹ ਸਤਿਕਾਰ ਬਣਿਆ ਹੋਇਆ ਸੀ ਪਰ ਹੁਣ ਪੰਜ ਦਾ ਪਾਜਾ ਸੱਤਾ ਦਾ ਪੀਲਾ ਪੰਜਾ ਬਣ ਗਿਆ ਹੈ। ਇਹ ਪੰਜਾ ਮਨੁੱਖੀ ਜੀਵਨ ਲਈ ਆਸ਼ਾਵਾਦੀ ਨਹੀਂ ਸਗੋਂ ਨਿਰਾਸ਼ਾਵਾਦੀ ਬਣ ਗਿਆ ਹੈ। ਸਿਆਸਤ ਵਿੱਚ ਪੀਲਾ ਪੰਜਾ ਚਲਾਉਣ ਦਾ ਫ਼ੈਸਲਾ ਅਧਿਆਤਮਕ ਗੁਰੂ ਤੋਂ ਸਿਆਸਤਦਾਨ ਬਣੇ ਅਦਿੱਤਿਆ ਨਾਥ ਯੋਗੀ ਨੇ ਸ਼ੁਰੂ ਕੀਤਾ ਸੀ। ਜਿਹੜਾ ਪੰਜਾਬ ਦੀ ਇਨਕਲਾਬੀ ਸਰਕਾਰ ਨੇ ਦਿਨ ਦਿਹਾੜੇ ਚੋਰੀ ਕਰ ਲਿਆ ਸੀ। ਉਹਨਾਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਸੀ, ਜਿਹੜਾ ਪੀਲਾ ਪੰਜਾ ਚਲਾਉਣ ਦਾ ਫ਼ੈਸਲਾ ਕੀਤਾ, ਉਸਦੀ ਵਿਆਖਿਆ ਪੰਜਾਬ ਸਰਕਾਰ ਦੇ ਪੁਲਿਸ ਮੁਖੀ ਨੇ ਕਰਦਿਆਂ ਦੱਸਿਆ ਸੀ, ਕਿ ਇਹ ਪੀਲਾ ਪੰਜਾ ਉਹਨਾਂ ਗ਼ੈਰ ਕਾਨੂੰਨੀ ਕਬਜ਼ਿਆਂ ਵਿਰੁੱਧ ਕੀਤਾ ਸੀ ਨਾ ਕਿ ਨਸ਼ਿਆਂ ਦੇ ਵਪਾਰੀਆਂ ਵਿਰੁੱਧ। ਨਸ਼ਿਆਂ ਵਿਰੁੱਧ ਮੁਹਿੰਮ ਦਾ ਜਲੂਸ ਹਰ ਰੋਜ਼ ਪੰਜਾਬ ਦੇ ਲੋਕ ਹੀ ਨਹੀਂ ਸਗੋਂ ਪੁਲਿਸ ਅਧਿਕਾਰੀਆਂ ਵਲੋਂ ਕੱਢਿਆ ਜਾ ਰਿਹਾ ਹੈ। ਲੋਕ ਆਖਦੇ ਹਨ ਕਿ ਚੋਰ ਤੇ ਪੁਲਿਸ ਰਲ਼ੇ ਹੋਈ ਹੈ। ਇਸੇ ਕਰਕੇ ਨਸ਼ੇ ਦੀ ਸਪਲਾਈ ਬੰਦ ਨਹੀਂ ਹੋਈ। ਕਿਉਂਕਿ ਪੁਲਿਸ ਅਧਿਕਾਰੀ ਇਸ ਧੰਦੇ ਵਿੱਚ ਸ਼ਾਮਲ ਹਨ। ਨਸ਼ਾ ਵੇਚਣ ਤੇ ਖਰੀਦਣ ਵਾਲੇ ਪੰਜਾਬੀ ਹਨ। ਖਾਣ ਵਾਲੇ ਤੇ ਮਰਨ ਵਾਲੇ ਪੰਜਾਬੀ ਤੇ ਉਹਨਾਂ ਦੇ ਨਾਮ ਤੇ ਨੋਟ ਬਣਾਉਣ ਵਾਲੇ ਪੁਲਿਸ ਅਧਿਕਾਰੀ ਤੇ ਨਸ਼ਿਆਂ ਦੇ ਵਪਾਰੀ ਹਨ। ਇਸੇ ਕਰਕੇ ਇਹ ਚੇਨ ਕਦੇ ਵੀ ਟੁੱਟ ਨਹੀਂ ਸਕਦੀ। ਚਿੱਟੇ ਦਾ ਧੰਦਾ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਸਮੇਂ ਸ਼ੁਰੂ ਹੋਇਆ ਸੀ, ਜਿਹੜਾ ਹੁਣ ਕੌਮਾਂਤਰੀ ਪੱਧਰ ਤੱਕ ਫੈਲ ਗਿਆ ਹੈ।
ਇਤਿਹਾਸ ਗਵਾਹ ਹੈ ਕਿ 1925 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਆਰ ਐਸ ਐਸ ਦੀ ਸਥਾਪਨਾ ਹੋਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਵਿਵਾਦਾਂ ਵਿੱਚ ਘਿਰੀ ਰਹੀ ਹੈ। ਗੁਰੂ ਦੀ ਗੋਲਕ ਦੀ ਦੁਰਵਰਤੋਂ ਤੇ ਇੱਕ ਪਰਵਾਰ ਦੇ ਕਬਜ਼ੇ ਦੀਆਂ ਗੱਲਾਂ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਜਿਹੜਾ ਹੁਣ ਉਹ ਨਹੀਂ ਰਿਹਾ ਜਿਹੜਾ 1920 ਵਿੱਚ ਬਣਿਆ ਸੀ। ਹੁਣ ਡੇਢ ਦਰਜਨ ਸ਼੍ਰੋਮਣੀ ਅਕਾਲੀ ਦਲ ਹਨ। ਇਹ ਨਾ ਤਾਂ ਪੰਜਾਬ ਦੀ ਤੇ ਨਾ ਹੀ ਸਿੱਖਾਂ ਦੀ ਨੁਮਾਇੰਦਗੀ ਕਰਦੇ ਹਨ। ਉਂਝ ਇਹ ਪ੍ਰਚਾਰ ਇਹ ਕਰਦੇ ਹਨ ਕਿ ਉਹ ਸਿੱਖ ਕੌਮ ਦੀ ਅਗਵਾਈ ਕਰਦੇ ਹਨ। ਸ਼੍ਰੋਮਣੀ ਅਕਾਲੀ ਦਲ ਜਿਹੜਾ ਹੁਣ ਬਾਦਲ ਅਕਾਲੀ ਦਲ ਬਣ ਕੇ ਰਹਿ ਗਿਆ ਹੈ, ਇਸ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਇਹ ਤਰਸਯੋਗ ਹਾਲਤ ਲੋਕਾਂ ਨੇ ਨਹੀਂ ਸਗੋਂ ਇਹਨਾਂ ਦੇ ਆਗੂਆਂ ਨੇ ਬਣਾਈ ਹੈ।
ਉਧਰ ਆਰ ਐਸ ਐਸ ਨੇ ਭਾਜਪਾ ਨੂੰ ਅੱਗੇ ਲਗਾ ਕੇ ਦੇਸ਼ ਉਪਰ ਕਬਜ਼ਾ ਕਰ ਲਿਆ ਹੈ। ਹੁਣ ਉਹ ਇਸ ਕਬਜ਼ੇ ਨੂੰ ਬਰਕਰਾਰ ਮੈਂਰੱਖਣ ਲਈ ਭਾਰਤ ਦੇ ਸੰਵਿਧਾਨ ਨੂੰ ਬਦਲਣ ਲਈ ਨਵੇਂ ਰਾਹ ਤਲਾਸ਼ ਰਹੀ ਹੈ। ਉਹਨਾਂ ਦੀ ਦਿਲੀ ਇੱਛਾ ਹੈ ਕਿ ਉਹ ਭਾਰਤ ਵਿੱਚ ਲੋਕਤੰਤਰ ਨੂੰ ਖ਼ਤਮ ਕਰਕੇ ਮਨੂਵਾਦੀ ਕਾਨੂੰਨ ਲਾਗੂ ਕਰਨ। ਇੱਕ ਕੌਮ, ਇੱਕ ਦੇਸ਼ ਤੇ ਇੱਕ ਬੋਲੀ ਬਣਾਉਣ ਲਈ ਉਹਨਾਂ ਨੇ ਚੋਰ ਮੋਰੀਆਂ ਰਾਹੀਂ ਕਦਮ ਚੁੱਕੇ ਹਨ। ਭਾਜਪਾ ,!ਦਾ ਇੱਕ ਨੁਕਾਤੀ ਫਾਰਮੂਲਾ ਹੈ। ਗਲੀਆਂ ਹੋਵਣ ਸੁੰਨੀਆਂ ਵਿੱਚ ਮੋਦੀ ਸ਼ਾਹ ਫਿਰੇ।
ਮੋਦੀ ਸਰਕਾਰ ਨੇ ਪਿਛਲੇ ਸਮਿਆਂ ਵਿੱਚ ਜਿਸ ਤਰ੍ਹਾਂ ਦੇਸ਼ ਦਾ ਸਿਰ ਨੀਵਾਂ ਕਰਵਾਇਆ ਹੈ, ਉਹ ਪਿਛਲੇ ਸੱਤ ਦਹਾਕਿਆਂ ਵਿੱਚ ਨਹੀਂ ਹੋਇਆ। ਜਿਸ ਤਰ੍ਹਾਂ ਭਾਰਤ ਸਰਕਾਰ ਨੇ ਅਮਰੀਕਾ ਅੱਗੇ ਗੋਡੇ ਟੇਕੇ ਹਨ। ਇਸ ਤਰ੍ਹਾਂ ਕਦੇ ਨਹੀਂ ਟੇਕੇ। ਹੁਣ ਭਾਜਪਾ ਨੇ ਔਰਤਾਂ ਨੂੰ ਵੱਧ ਅਧਿਕਾਰ ਤੇ ਸੰਸਦ ਮੈਂਬਰ ਵਿੱਚ ਤੇਤੀ ਪ੍ਰਤੀਸ਼ਤ ਸੀਟਾਂ ਦੇਣ ਦੀ ਆੜ ਵਿੱਚ ਉਹ ਕੁੱਝ ਕਰਨਾ ਸੀ, ਜਿਹੜਾ ਇਸ ਬਿੱਲ ਦੇ ਫੇਲ੍ਹ ਹੋਣ ਨਾਲ ਗੱਲ ਸਪੱਸ਼ਟ ਹੋ ਗਈ। ਭਾਜਪਾ ਸਰਕਾਰ ਵਲ ਨੂੰ ਈਡੀ, ਸੀਬੀਆਈ ਤੇ ਪੁਲਿਸ ਰਾਹੀਂ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜਦੋਂ ਵੀ ਕਿਸੇ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਆਉਂਦੀਆਂ ਹਨ ਤੇ ਇਹ ਏਜੰਸੀਆਂ ਸਰਗਰਮ ਹੋ ਜਾਂਦੀਆਂ ਹਨ। ਜਿਹੜਾ ਵੀ ਅਪਰਾਧੀ ਤੇ ਭ੍ਰਿਸ਼ਟਾਚਾਰ ਨਾਲ ਲਿਬੜਿਆ ਸਿਆਸੀ ਆਗੂ ਇਹਨਾਂ ਦੀ ਸ਼ਰਨ ਵਿੱਚ ਜਾਂਦਾ ਹੈ, ਉਹ ਇਮਾਨਦਾਰ ਬਣ ਜਾਂਦਾ ਹੈ। ਭਾਜਪਾ ਦੇ ਕੋਲ ਕਿਹੜੀ ਵਾਸ਼ਿੰਗ ਮਸ਼ੀਨ ਹੈ ? ਇਹ ਕਿਸੇ ਨੂੰ ਪਤਾ ਨਹੀਂ। ਹਰ ਭ੍ਰਿਸ਼ਟਾਚਾਰ ਨਾਲ ਲਿਬੜਿਆ ਸਿਆਸੀ ਆਗੂ ਇਹਨਾਂ ਵੱਲ ਇਉਂ ਭੱਜਿਆ ਜਾਂਦਾ ਹੈ, ਜਿਵੇਂ ਚੁੰਬਕ ਲੋਹੇ ਵੱਲ ਜਾਂਦੀ ਹੈ।
ਈਡੀ ਨੂੰ ਸੀੜੀ ਬਣਾ ਕੇ ਪੱਕੀ ਪੀੜੀ ਬਣਾਉਣ ਲਈ ਭਾਜਪਾ ਸਰਕਾਰ ਪੱਬਾਂ ਭਾਰ ਹੋਈ ਪਈ ਹੈ। ਵਿਰੋਧੀਆਂ ਪਾਰਟੀਆਂ ਦੇ ਆਗੂਆਂ ਵਿੱਚ ਇਸ ਵਿਰੁੱਧ ਸੰਘਰਸ਼ ਕਰਨ ਦੀ ਤਾਕਤ ਨਹੀਂ। ਉਹਨਾਂ ਨੂੰ ਆਪੋ ਆਪਣਾ ਘਰ ਸਤਾ ਤੋਂ ਰਿਹਾ ਹੈ। ਭਾਜਪਾ ਤੇ ਆਰਐਸਐਸ ਦੇ ਅੱਖਾਂ ਵਿੱਚ ਪੰਜਾਬ ਰੜਕ ਰਿਹਾ ਹੈ। ਉਹਨਾਂ ਨੇ ਪੰਜਾਬ ਦੀਆਂ ਵਾਗਾਂ ਨੂੰ ਕਸਣਾ ਸ਼ੁਰੂ ਕਰ ਦਿੱਤਾ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਲੋਕ ਇਹਨਾਂ ਭ੍ਰਿਸ਼ਟਾਚਾਰ ਨਾਲ ਲਿਬੜੀਆਂ ਹੋਈਆਂ ਪਾਰਟੀਆਂ ਦੇ ਆਗੂਆਂ ਨੂੰ ਅਗਲੇ ਪੰਜ ਸਾਲਾਂ ਆਪਣੇ ਸਿਰ ਤੇ ਬਠਾਉਣਗੇ ? ਪੰਜਾਬ ਦੇ ਲੋਕ ਭੁਲੱਕੜ ਮਾਨਸਿਕਤਾ ਦੇ ਹਨ। ਇਹਨਾਂ ਨੂੰ ਅਤੀਤ ਦੀਆਂ ਸੱਟਾਂ ਭੁੱਲ ਗਈਆਂ ਹਨ। ਇਹਨਾਂ ਦੀ ਸੋਚ ਮੰਗਤਿਆਂ ਵਰਗੀ ਬਣ ਗਈ ਹੈ। ਇਸੇ ਕਰਕੇ ਇਹ ਬੁੱਲਾਂ ਤੇ ਜੀਭ ਫੇਰ ਰਹੇ ਹਨ। ਜਿਵੇਂ ਕੁੱਤਾ ਹੱਡੀ ਨੂੰ ਚੱਬਦਾ ਹੈ। ਆਪਣੇ ਲ਼ਹੂ ਦਾ ਸੁਆਦ ਲੈਂਦਾ ਹੈ। ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਦਾ ਜੀਵਨ ਬਣਿਆ ਹੋਇਆ ਹੈ।
ਜਿਹੜੇ ਸੁਚੇਤ ਹਨ, ਉਹਨਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ, ਮੌਕਾਪ੍ਰਸਤ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਭਾਜਪਾ ਨੇ ਪੰਜਾਬ ਨੂੰ ਪ੍ਰਯੋਗਸ਼ਾਲਾ ਬਣਾਇਆ ਹੋਇਆ ਹੈ। ਉਹ ਸਫ਼ਲ ਤਜਰਬੇ ਕਰ ਰਹੀ ਹੈ। ਹੁਣ ਉਹ ਅਗਲੀਆਂ ਚੋਣਾਂ ਵਿੱਚ ਧਰਮ ਦਾ ਲਿਬਾਸ ਪਹਿਨ ਕੇ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਲਈ ਆਪਣੀ ਮਰਜ਼ੀ ਅਨੁਸਾਰ ਨਵੇਂ ਚਿਹਰੇ ਤੇ ਨਵੀਂ ਖੇਡ ਖੇਡਣਗੇ। ਇਸ ਖੇਡ ਵਿੱਚ ਪੰਜਾਬ ਬੁਰੀ ਤਰ੍ਹਾਂ ਫਸ ਕੇ ਰਹਿ ਜਾਵੇਗਾ।
ਉਹ ਕੈਂਸਰ ਦੇ ਮਰੀਜ਼ਾਂ ਵਾਂਗ ਤਿੱਲ ਤਿੱਲ ਕਰਕੇ ਮਰੇਗਾ।
ਮਰਨਾ ਜੰਮਣਾ ਭਾਵੇਂ ਕੁਦਰਤ ਦੇ ਰੰਗ ਹਨ, ਹਾਕਮ ਜਮਾਤਾਂ ਆਪਣੇ ਆਪ ਨੂੰ ਰੱਬ ਸਮਝਦੀਆਂ ਹਨ। ਅਸੀਂ ਰੱਬ ਦੇ ਪੁਜਾਰੀ ਹਾਂ, ਮੂਰਤੀਆਂ ਦੀ ਪੂਜਾ ਕਰਦੇ ਹਾਂ, ਗਿਆਨ ਸਾਡੇ ਕੋਲ ਦੀ ਲੰਘਣ ਤੋਂ ਡਰਦਾ ਹੈ। ਡਰਿਆ ਹੋਇਆ ਬੰਦਾ ਕੁੱਝ ਵੀ ਕਰ ਸਕਦਾ ਹੈ।
ਹੁਣ ਡਰ ਕਰਕੇ ਹੀ ਸਿਆਸੀ ਪਾਰਟੀਆਂ ਦੇ ਅੰਦਰ ਹਲਚਲ ਪੈਦਾ ਹੋਈ ਹੈ। ਉਹ ਈਡੀ ਤੇ ਸੀਬੀਆਈ ਜਾਂਚ ਤੋਂ ਡਰਦਿਆਂ ਕਮਲ ਦਾ ਫੁੱਲ ਆਪਣੀਆਂ ਹਿੱਕਾਂ ਉਤੇ ਲਗਾ ਰਹੇ ਹਨ। ਅਗਲੇ ਦਿਨਾਂ ਵਿੱਚ ਹੋਰ ਕਿਹੜੇ ਕਿਹੜੇ ਸਿਆਸੀ ਆਗੂ ਉਡ ਕੇ ਭਾਜਪਾ ਦੀ ਵਾਸ਼ਿੰਗ ਮਸ਼ੀਨ ਤੱਕ ਪੁੱਜਦੇ ਹਨ? ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਹਾਲਾਤ ਬਹੁਤ ਗੰਭੀਰ ਹਨ।












