ਅਨੰਦਪੁਰ ਸਾਹਿਬ, 6 ਮਈ, ਬੋਲੇ ਪੰਜਾਬ ਬਿਊਰੋ :
ਸ੍ਰੀ ਆਨੰਦਪੁਰ ਸਾਹਿਬ ਵਿਖੇ’ਸ਼ੁਕਰਾਨਾ ਯਾਤਰਾ’ ਦੌਰਾਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਤੇ ਅੰਮ੍ਰਿਤਸਰ ‘ਚ ਹੋਏ ਧਮਾਕੇ ਭਾਜਪਾ ਦੀਆਂ ਚੋਣ ਤਿਆਰੀਆਂ ਦਾ ਹਿੱਸਾ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦਾ ਉਦੇਸ਼ ਛੋਟੇ ਧਮਾਕਿਆਂ ਰਾਹੀਂ ਜਨਤਾ ਵਿੱਚ ਡਰ ਪੈਦਾ ਕਰਕੇ ਵੋਟਾਂ ਹਾਸਲ ਕਰਨਾ ਹੈ। ਉਨ੍ਹਾਂ ਕਿਹਾ ਕਿ “ਇਹ ਭਾਜਪਾ ਦਾ ਸਟਾਈਲ ਹੈ ਕਿ ਚੋਣਾਂ ਵਾਲੇ ਰਾਜਾਂ ਵਿੱਚ ਧਮਾਕੇ ਅਤੇ ਦੰਗੇ ਕਰਵਾ ਦਿਓ।
ਇਸ ਦੌਰਾਨ, ਡੀਜੀਪੀ ਗੌਰਵ ਯਾਦਵ ਅੰਮ੍ਰਿਤਸਰ ਪਹੁੰਚੇ ਅਤੇ ਧਮਾਕੇ ਵਾਲੀ ਥਾਂ ਦਾ ਨਿਰੀਖਣ ਕੀਤਾ। ਉਨ੍ਹਾਂ ਦੇ ਜਲਦੀ ਹੀ ਜਲੰਧਰ ਆਉਣ ਦੀ ਉਮੀਦ ਹੈ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਹੁਣ ਇਸ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋ ਗਈ ਹੈ ਅਤੇ ਏਜੰਸੀ ਦੀਆਂ ਟੀਮਾਂ ਦੋਵਾਂ ਥਾਵਾਂ ‘ਤੇ ਪਹੁੰਚ ਰਹੀਆਂ ਹਨ। ਜਲੰਧਰ ਧਮਾਕੇ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਨੌਜਵਾਨ ਇੱਕ ਸੇਵਾਮੁਕਤ ਬੀਐਸਐਫ ਜਵਾਨ ਦਾ ਪੁੱਤਰ ਹੈ; ਉਸਦਾ ਪਰਿਵਾਰ ਕਹਿ ਰਿਹਾ ਹੈ ਕਿ ਉਹ ਬੇਕਸੂਰ ਹੈ।












