ਹੁਣ ਹਾਈ ਕੋਰਟ ਵਿੱਚ ਦਾਇਰ ਕਰਾਂਗੇ ਮਾਣਹਾਨੀ ਪਟੀਸ਼ਨ
ਪਹਿਲਾਂ ਇੰਟਰ ਵਿਲੇਜ਼ ਵੋਟਰ ਸ਼ਿਫਟ ਹੋਏ, ਹੁਣ ਇੰਟਰ ਵਾਰਡ ਹੋਈ ਸ਼ਿਫਟਿੰਗ
ਜ਼ੀਰਕਪੁਰ 6 ਮਈ ,ਬੋਲੇ ਪੰਜਾਬ ਬਿਊਰੋ;
ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਡੇਰਾਬੱਸੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵਿੱਚ ਦਾਇਰ ਕੀਤੇ ਗਏ ਹਲਫ਼ਨਾਮੇ ਦੇ ਬਾਵਜੂਦ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਦੀ ਵਾਰਡਬੰਦੀ ਵਿੱਚ ਧੋਖਾਧੜੀ ਕੀਤੀ ਗਈ ਹੈ। ਇਸ ਸਬੰਧੀ ਹੁਣ ਹਾਈ ਕੋਰਟ ਵਿੱਚ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਜਾਵੇਗੀ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਨ.ਕੇ. ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਆਪਣਾ ਕੰਮ ਛੱਡ ਕੇ ਸਰਕਾਰ ਦੇ ਇਸ਼ਾਰੇ ‘ਤੇ ਧੋਖਾਧੜੀ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ੀਰਕਪੁਰ ਵਿੱਚ 44 ਹਜ਼ਾਰ ਵੋਟਾਂ ਸ਼ਿਫਟ ਕੀਤੀਆਂ ਗਈਆਂ ਹਨ। ਅਕਾਲੀ ਦਲ ਨੇ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਐਸਡੀਐਮ ਅਤੇ ਚੋਣ ਕਮਿਸ਼ਨ ਕੋਲ ਇਤਰਾਜ਼ ਦਰਜ ਕਰਵਾਇਆ। ਹਾਈ ਕੋਰਟ ਵਿੱਚ ਵੀ ਪਟੀਸ਼ਨ ਦਾਇਰ ਕੀਤੀ। ਹਾਈ ਕੋਰਟ ਵਿੱਚ ਚੋਣ ਕਮਿਸ਼ਨ ਨੇ ਪ੍ਰਸ਼ਾਸਨ ਦੇ ਹਵਾਲੇ ਨਾਲ ਕਿਹਾ ਕਿ ਐਸਡੀਐਮ ਡੇਰਾਬੱਸੀ ਵੋਟਰ ਸੂਚੀਆਂ ਨੂੰ ਦਰੁਸਤ ਕਰਕੇ ਪਟੀਸ਼ਨਕਰਤਾਵਾਂ ਨੂੰ ਸੰਤੁਸ਼ਟ ਕਰਨਗੇ।
ਐਨਕੇ ਸ਼ਰਮਾ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਹਾਈ ਕੋਰਟ ਵਿੱਚ 30 ਅਪ੍ਰੈਲ ਨੂੰ ਸਪਿਕਿੰਗ ਆਰਡਰ ਜਮਾ ਕਰਵਾਏ। ਇਸ ਵਿੱਚ ਵੀ ਅਨੇਕਾਂ ਖਾਮੀਆਂ ਹਨ। ਪਹਿਲਾਂ, ਵੋਟਰ ਸੂਚੀਆਂ ਵਿੱਚ ਇੰਟਰ ਵਿਲੇਜ਼ ਨੂੰ ਸ਼ਿਫਟ ਕੀਤਾ ਗਿਆ ਸੀ, ਹੁਣ ਇੰਟਰ ਵਾਰਡ ਸ਼ਿਫਟਿੰਗ ਕਰ ਦਿੱਤੀ ਗਈ ਹੈ। ਸ਼ਰਮਾ ਨੇ ਦੱਸਿਆ ਕਿ ਉਲਝਣ ਕਾਰਨ, ਲਾਲੜੂ ਵਿੱਚ ਇੱਕੋ ਘਰ ਵਾਰਡ ਨੰਬਰ 12 ਵਿੱਚ ਅਤੇ ਵਾਰਡ ਨੰਬਰ 17 ਵਿੱਚ ਦਿਖਾਇਆ ਗਿਆ ਹੈ।
ਜ਼ੀਰਕਪੁਰ ਵਿੱਚ, 13,000 ਵੋਟਾਂ ਇੱਕ ਵਾਰਡ ਤੋਂ ਦੂਜੇ ਵਾਰਡ ਵਿੱਚ ਸ਼ਿਫਟ ਕੀਤੀਆਂ ਗਈਆਂ ਹਨ। ਵਾਰਡ ਨੰਬਰ 5 ਵਿੱਚ 1,100, ਵਾਰਡ ਨੰਬਰ 31 ਵਿੱਚ 1,000, 7 ਦੀਆਂ 453, ਵਾਰਡ ਨੰਬਰ 20 ਵਿੱਚ 864 ਅਤੇ ਵਾਰਡ ਨੰਬਰ 8 ਵਿੱਚ 700 ਵੋਟਾਂ ਸ਼ਿਫਟ ਕਰ ਦਿੱਤੀਆਂ। ਡੇਰਾਬੱਸੀ, ਰੌਣੀ ਮੁਹੱਲਾ ਵਿੱਚ 50 ਵੋਟਾਂ ਇੱਕ ਵਾਰਡ ਵਿੱਚ, ਜਦੋਂ ਕਿ ਵਾਰਡ 14 ਅਤੇ 15 ਤੋਂ 1,200 ਵੋਟਾਂ ਵਾਰਡ ਨੰਬਰ 1 ਵਿੱਚ ਸ਼ਿਫ਼ਰ ਕਰ ਦਿੱਤੀਆਂ ਗਈਆਂ। ਐਨਕੇ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਦਾ ਵਫ਼ਦ ਨਵੀਂ ਧੋਖਾਧੜੀ ਦਾ ਵਿਰੋਧ ਕਰਨ ਅਤੇ ਉਨ੍ਹਾਂ ਨੂੰ ਨਵੇਂ ਘੁਟਾਲੇ ਬਾਰੇ ਜਾਣੂ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਮਿਲੇਗਾ। ਇਸ ਤੋਂ ਇਲਾਵਾ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਜਾਵੇਗੀ। ਪਟੀਸ਼ਨ ਨਾਲ ਤਿੰਨ ਨਗਰ ਕੌਂਸਲਾਂ ਦੇ ਨਕਸ਼ੇ ਵੀ ਨੱਥੀ ਕੀਤੇ ਜਾਣਗੇ।












