ਕੁੱਝ ਉਜੜ ਗਏ, ਕੁੱਝ ਉਜਾੜ ਦਿੱਤੇ!

Uncategorized

ਕੁੱਝ ਉਜੜ ਗਏ, ਕੁੱਝ ਉਜਾੜ ਦਿੱਤੇ!

ਪੱਛਮੀ ਬੰਗਾਲ ਵਿੱਚ ਮੌਤ ਦਾ ਤਾਂਡਵ ਨਾਚ ਹੋ ਰਿਹਾ ਹੈ, ਨੀਰੋ ਬੰਸਰੀ ਵਜਾ ਰਿਹਾ ਹੈ, ਲੋਕ ਮਾਰੇ ਜਾ ਰਹੇ, ਭਗਵਾਂ ਬ੍ਰਿਗੇਡ ਦੀਆਂ ਵਰਦੀਧਾਰੀ ਫੌਜਾਂ ਗਲੀਆਂ, ਬਜ਼ਾਰਾਂ ਤੇ ਘਰਾਂ ਵਿੱਚ ਮੌਤ ਵੰਡ ਰਹੀਆਂ ਹਨ। ਕੁੱਝ ਉਜੜ ਗਏ ਹਨ ਅਤੇ ਕੁੱਝ ਨੂੰ ਉਜਾੜਿਆ ਤੇ ਸਾੜਿਆ ਜਾ ਰਿਹਾ ਹੈ। ਮਾਣਯੋਗ ਸੁਪਰੀਮ ਕੋਰਟ ਇਸ ਤਾਂਡਵ ਨਾਚ ਉਤੇ ਚੁੱਪ ਹੈ। ਹੁਣ ਆਮ ਲੋਕ ਕਿਸ ਕੋਲ ਗੁਹਾਰ ਲਗਾਉਣ? ਭਾਰਤੀ ਚੋਣ ਕਮਿਸ਼ਨ ਭਾਜਪਾ ਦਾ ਹੱਥ ਠੋਕਾ ਬਣਿਆ ਹੋਇਆ ਹੈ। ਚੋਰ ਤੇ ਰਾਜਾ, ਉਚ ਅਦਾਲਤ ਤੇ ਉਚ ਅਧਿਕਾਰੀ ਰਲ ਕੇ ਬੰਗਾਲੀਆਂ ਨੂੰ ਉਜਾੜਨ ਲੱਗੇ ਹਨ। ਗੋਦੀ ਮੀਡੀਆ ਖਾਮੋਸ਼ ਹੈ, ਨਿੱਜੀ ਚੈਨਲਾਂ ਤੇ ਦਿਲ ਹਿਲਾਉਣ ਵਾਲੀਆਂ ਵੀਡੀਓ ਆ ਰਹੀਆਂ ਹਨ। ਭਾਜਪਾ ਦੇ ਗੁੰਡਿਆਂ ਵਲੋਂ ਬੁਲਡੋਜ਼ਰਾਂ ਦੀ ਮੱਦਦ ਨਾਲ ਮੁ‌ਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਜਪਾ ਦੇ ਆਗੂਆਂ ਵਲੋਂ ਨਫ਼ਰਤੀ ਬਿਆਨ ਆ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਅੱਗ ਉੱਤੇ ਪਟਰੋਲ ਨਾ ਰਿਹਾ ਹੈ। ਉਹ ਆਖਦਾ ਹੈ ਕਿ, ਬੰਗਾਲ ਆਜ਼ਾਦ ਹੋ ਗਿਆ ਹੈ, ਇਸ ਆਜ਼ਾਦੀ ਦੇ ਬਹਾਨੇ ਭਾਜਪਾ ਨੇ ਮੁੱਖ ਚੋਣ ਕਮਿਸ਼ਨਰ ਤੇ ਢਾਈ ਲੱਖ ਪੁਲਿਸ ਦੇ ਜਵਾਨਾਂ ਦੇ ਨਾਲ ਪੱਛਮੀ ਬੰਗਾਲ ਦੀਆਂ ਚੋਣਾਂ ਲੁੱਟੀਆਂ ਹਨ। ਉਹਨਾਂ ਦੀ ਇਹ ਲੁੱਟ ਜਗ ਜ਼ਾਹਿਰ ਹੈ। ਭਾਜਪਾ ਦੇ ਆਗੂ ਹੁਣ ਆਖਦੇ ਹਨ ਕਿ ਅਗਲੀ ਵਾਰ ਪੰਜਾਬ। ਪੰਜਾਬੀਓ ਹੁਣ ਤੁਹਾਡੀ ਵਾਰੀ ਆਉਣ ਵਾਲੀ ਹੈ। ਕਿਉਂਕਿ ਸਿਆਸੀ ਪਾਰਟੀਆਂ ਦੇ ਆਗੂ ਤਾਂ ਪਹਿਲਾਂ ਹੀ ਭਾਜਪਾ ਗੋਦ ਵਿੱਚ ਬੈਠੇ ‌ਹਨ। ਉਹਨਾਂ ਨੂੰ ਈਡੀ ਦਾ ਡਰ ਸਤਾ ਰਿਹਾ ਹੈ। ਪੰਜਾਬ ਦੇ ਲੋਕ ਜੁੱਤੀਆਂ ਤੇ ਗੰਢੇ ਖਾਣ ਲਈ ਮਸ਼ਹੂਰ ਹੋ ਗਏ ਹਨ। ਇਹ ਪੰਜਾਬ ਨੂੰ ਬਚਾਉਣ ਲਈ ਇ‌ੱਕ ਮੰਚ ਤੇ ਇਕੱਠੇ ਨਹੀਂ ਹੋ ਸਕਦੇ। ਕਿਉਂਕਿ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਬਣਨਾ ਹੈ। ਸਿਆਸੀ ਪਾਰਟੀਆਂ ਦੇ ਆਗੂਆਂ ਵਿਚਕਾਰ ਸਿਆਸੀ ਜੰਗ ਚੱਲਦੀ ਹੈ। ਕੀ ਬਣੇਗਾ ਪੰਜਾਬ ਦੇ ਲੋਕਾਂ, ਇਹ ਪੱਛਮੀ ਬੰਗਾਲ ਦੇ ਹਾਲਾਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਕਿਤਾਬਾਂ ਵਿੱਚ ਪੜ੍ਹਦੇ, ਸੁਣਦੇ ਸੀ, ਅੱਗ ਲਾਈ ਡੱਬੂ ਕੰਧ ਉਤੇ ; ,
ਹੁਣ ਇਹ ਗੱਲ ਹੋਈ ਪਈ ਐ। ਅੱਗਾਂ ਲਾਉਣ ਵਾਲੇ ਆ ਗਏ ਹਨ।
ਜਦ ਆਪਣੇ ਘਰ ਅੱਗ ਲੱਗੀ ਫੇਰ ਦਿਨੇ ਤਾਰੇ ਦਿਖਣ ਲੱਗਦੇ ਹਨ ; ਸਿਆਣੇ ਲੋਕ ਇਹੋ ਜਿਹੀਆਂ ਸਿਆਪਣਾਂ ਦੀਆਂ ਉਦਾਹਰਣ ਦੇ ਕੇ ਬਗੈਰ ਸਿਰ ਤੋਂ ਪਿੰਡ ਵਿੱਚ ਦਹਿਸ਼ਤ ਪੈਦਾ ਕਰਨ ਵਾਲਿਆਂ ਨੂੰ ਸੁਣਾਇਆ ਕਰਦੇ ਸੀ, ਹੁਣ ਸਭ ਅੱਖਾਂ ਰਾਹੀ ਦੇਖ ਰਹੇ ਹਾਂ, ਕਹਿੰਦੇ ਅੱਖਾਂ ਨਾਲ ਦੇਖਿਆ ਵੀ ਪੂਰਾ ਸੱਚ ਨਹੀਂ ਹੁੰਦਾ, ਸਿਫਤ ਬਿਗਾਨੇ ਤੋਂ ਸੁਣ ਕਿ ਬਜ਼ੁਰਗ ਧੀ ਦਾ ਰਿਸ਼ਤਾ ਕਰ ਆਇਆ ਕਰਦੇ ਸੀ ਜਦ ਅੱਖਾਂ ਨਾਲ ਦੇਖ ਕੇ ਜਵਾਬ ਦੇਦੇ ਸੀ ; ਆਪਣੇ ਫਾਇਦੇ ਹਰ ਕੋਈ ਗੱਲ ਵਧਾ ਕੇ ਦੱਸਦਾ ਹੈ ; ਬਿਗਾਨੇ ਦੇ ਖੇਤਾਂ ਨੂੰ ਵੀ ਆਪਣਾ ਬਣਾ ਕੇ ਦੂਜੇ ਦੇ ਅੱਖਾਂ ਘੱਟਾ ਪਾਉਣਾ ਮਨੁੱਖੀ ਸੁਭਾਅ ਹੈ, ਮਨੁੱਖ ਦੀਆਂ ਆਦਤਾਂ ਨਹੀਂ ਬਦਲ ਦੀਆਂ, ਚੋਰ ਚੋਰੀ ਕਰਨੋ ਹਟ ਜੂ ਪਰ ਹੇਰਾ ਫੇਰੀ ਕਰਨੋ ਨਹੀਂ।

ਪੰਜਾਬ ਨੂੰ ਬਾਰ ਬਾਰ ਉਜਾੜਨ ਦੇ ਲਈ ਭਾਰਤੀ ਹਾਕਮਾਂ ਨੇ ਦੇਸ ਦੀ ਵੰਡ ਤੋਂ ਹੀ ਅਜਿਹੇ ਮਨਸੂਬੇ ਬਣਾਏ ਹਨ ; ਪੰਜਾਬ ਹਰ ਦਸ ਬਾਅਦ ਉਜੜਦਾ ਹੈ, ਜਿਵੇਂ ਪਾਣੀ ਨੀਵੇਂ ਪਾਸੇ ਨੂੰ ਵਗਦਾ ਹੈ; ਉਹ ਹਾਲ ਪੰਜਾਬ ਦਾ ਹੋਇਆ ਪਿਆ ਹੈ। ਪੰਜਾਬੀਆਂ ਨੂੰ ਕਦੇ ਝਮਲਾਅ ਕੇ, ਕਦੇ ਲਾਲਚ ਵਿੱਚ ਉਲਝਾ ਕੇ, ਕਦੇ ਵਿਕਾਸ ਦੇ ਨਾਮ ਉਤੇ ਤੇ ਕਾਨੂੰਨ ਦੇ ਡਰ ਵਿੱਚ ਫਸਾ ਕੇ ਉਜਾੜਿਆ ਜਾ ਰਿਹਾ ਹੈ। ਪੰਜਾਬ ਨੂੰ ਇਸ ਹਾਲਤ ਤੱਕ ਪੁਜਦਾ ਕਰਨ ਦੇ ਲਈ ਭਾਰਤੀ ਸਟੇਟ ਦਾ ਜਿੰਨਾਂ ਹੱਥ ਹੈ; ਓਨਾ ਹੀ ਪੰਜਾਬੀਆਂ ਦਾ ਹੈ। ਜਿਹੜੇ ਹੁਣ ਤੱਕ ਝੁਰਲੂ ਬਣੇ ਰਹੇ । ਸਿਆਸੀ ਪਾਰਟੀਆਂ ਨੇ ਉਨ੍ਹਾਂ ਪੰਜਾਬੀਆਂ ਨੂੰ ਕਾਂਗਰਸ ਤੇ ਅਕਾਲੀ ਦਲ ਵਿੱਚ ਵੰਡ ਕੇ ਆਪਣਾ ਤਾਂ ਉਲੂ ਸਿੱਧਾ ਕਰ ਲਿਆ ਪਰ ਪੰਜਾਬੀਆਂ ਦੇ ਹੱਥਾਂ ਵਿੱਚ ਠੂਠਾ ਫੜਾ ਦਿੱਤਾ। ਹੁਣ ਆਮ ਆਦਮੀ ਪਾਰਟੀ ਵਾਲਿਆਂ ਨੇ ਜਵਾਂ ਨੰਗ ਬਣਾ ਦਿੱਤਾ ਐ। ਮੁਹਾਲੀ ਵਿੱਚ ਨੋਟਾਂ ਦੀ ਬਰਸਾਤ ਹੋਈ ਹੈ। ਇਸ ਬਰਸਾਤ ਦੇ ਬੱਦਲਾਂ ਦੀਆਂ ਤਾਰਾਂ ਪੰਜਾਬ ਦੇ ਹਾਕਮਾਂ ਨਾਲ ਜੁੜੀਆਂ ਹੋਈਆਂ ਹਨ। ਇਹ ਹੋ ਕੀ ਰਿਹਾ ਐ ? ਪੰਜਾਬ ਦੇ ਵਿੱਚ ਬੰਬ ਧਮਾਕੇ ਹੋ ਰਹੇ ਹਨ, ਨੀਰੋ ਬੰਸਰੀ ਵਜਾ ਕੇ ਸ਼ੁਕਰਾਨਾ ਯਾਤਰਾ ਉਪਰ ਨਿਕਲਿਆ ਹੈ। ਉਵੇਂ ਜਿਵੇਂ ਬਾਬਰੀ ਮਸਜਿਦ ਢਾਹੇ ਜਾਣ ਤੋਂ ਪਹਿਲਾਂ ਲਾਲ ਕ੍ਰਿਸ਼ਨ ਅਡਵਾਨੀ ਰੱਥ ਯਾਤਰਾ ਲੈ ਕੇ ਨਿਕਲਿਆ ਸੀ। ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਜਾਂ ਉਹ ਸਮਝਣਾ ਨਹੀਂ ਚਾਹੁੰਦੇ। ਆਮ ਆਦਮੀ ਪਾਰਟੀ ਦੇ ਆਗੂਆਂ ਦੇ ਲੱਛਣ ਭਗਵਾਂ ਬ੍ਰਿਗੇਡ ਨਾਲ ਮਿਲਦੇ ਜੁਲਦੇ ਹਨ। ਪੰਜਾਬ ਦੇ ਲੋਕ ਨੀਰੋ ਦੇ ਉਪਰ ਫੁੱਲਾਂ ਦੀ ਵਰਖਾ ਕਰਦੇ ਹਨ। ਕਮਾਲ ਦੇ ਪੰਜਾਬੀ ਹਨ। ਪੰਜਾਬੀਆਂ ਨੇ ਸੰਗ ਸ਼ਰਮ ਘੋਲ ਕੇ ਪੀ ਲਈ ਹੈ। ਜਾਂ ਫਿਰ ਚਿੱਟੇ ਨੇ ਉਹਨਾਂ ਦਾ ਲ਼ਹੂ ਸਫ਼ੈਦ ਕਰ ਦਿੱਤਾ ਹੈ? ਪੰਜਾਬ ਦੇ ਸਿਆਣੇ ਤੇ ਸਮਝਦਾਰ ਲੋਕ ਸਿਰਫ਼ ਖ਼ਾਨਾਪੂਰਤੀ ਲਈ ਨੁਕੜ ਮੀਟਿੰਗਾਂ ਕਰਕੇ ਆਪਣੇ ਆਪ ਨੂੰ ਤਸੱਲੀ ਦੇ ਰਹੇ ਹਨ। ਉਹ ਖੁਸ਼ ਫਹਿਮੀ ਵਿੱਚ ਹਨ ਕਿ ਉਹ ਬਚ ਜਾਣਗੇ। ਅੱਗ ਤੇ ਹਿੰਸਾ ਦਾ ਕੋਈ ਧਰਮ ਤੇ ਜਾਤ ਨਹੀਂ ਹੁੰਦੀ।
ਜਦੋਂ ਆਪਣੇ ਨਿੱਜੀ ਮੁਫਾਦਾਂ ਦੇ ਲਈ ਧਰਮ ਦੀ ਆੜ ਦੇ ਵਿਚ ਜਦੋਂ ਸੱਤਾਧਾਰੀ ਆਪਣਾ ‘ਉਲੂ ਸਿੱਧਾ’ ਕਰਨ ਲੱਗ ਪੈਣ ਤਾਂ ਆਮ ਲੋਕਾਂ ਦੇ ਘਰਾਂ ਵਿੱਚ ‘ਉਲੂ ਬੋਲਣ’ ਲੱਗ ਪੈਂਦੇ ਹਨ। ਜਿਵੇਂ ਪੱਛਮੀ ਬੰਗਾਲ ਵਿੱਚ ਬੋਲ ਰਹੇ ਹਨ। ਭਗਵਾਂ ਬ੍ਰਿਗੇਡ ਦੀਆਂ ਫੌਜਾਂ ਉਥੇ ਤਾਂਡਵ ਨਾਚ ਨੱਚ ਰਹੀਆਂ ਹਨ।
ਜਿਹਨਾਂ ਨੇ ਜ਼ਿੰਦਗੀ ਦਾ ਫ਼ਲਸਫਾ ਦੱਸਣਾ ਹੁੰਦਾ, ਉਹ ਉਚਿਆਂ ਚੁਬਾਰਿਆਂ ਦੇ ਨਾਲ ਆੜੀ ਪਾ ਕੇ ਫਿਰ ਆਪਣਿਆਂ ਦੀ ਮੰਜੀ ਠੋਕਦੇ ਹਨ। ਉਹਨਾਂ ਤੋਂ ਡਰਦੇ ਆਮ ਲੋਕ ਉਚਾ-ਨੀਵਾਂ ਥਾਂ ਵੇਖਦੇ ਹੋਏ ਉਚੇ ਦੁਆਰੇ ਤੇ ਚੁਬਾਰੇ ਲੱਭਣ ਦੇ ਚੱਕਰ ‘ਚ ਫਸ ਜਾਂਦੇ ਹਨ।
ਸਿਆਸੀ ਆਗੂ ਜਦੋਂ ‘ਊਟ-ਪਟਾਂਗ ਗੱਲਾਂ’ ਮਾਰਨ ਲੱਗ ਜਾਣ ਤਾਂ ‘ਲੋਕ ਉਜਾੜ’ ਮੱਲਣ ਤੁਰ ਪੈਂਦੇ ਹਨ। ਜਿਹੜੇ ‘ਉਚਾ ਝਾਕਣ’ ਲੱਗਦੇ ਹਨ, ਉਨ੍ਹਾਂ ਨੂੰ ਨੀਵੀਆਂ ਦੀਆਂ ਗੱਲਾਂ ਨਹੀਂ ਸਮਝ ਆਉਦੀਆਂ ਤੇ ਉਹਨਾਂ ਨੂੰਢ ਉਡਦੇ ਸੱਪ ਕੀਲਣੇ ਮੁਸ਼ਕਿਲ ਹੋ ਜਾਂਦੇ ਹਨ।
ਜਿਹੜੇ ਹਰ ਕੰਮ ਲਈ ਉਡ ਉਡ ਪੈਣ ਉਹ ਉਤਲੇ ਮੂੰਹੋਂ ਤੇਰਾ ਤੇਰਾ ਕਹਿਣ ਦੇ ਆਦੀ ਬਣ ਜਾਂਦੇ ਹਨ। ਪਰ ਲੋਕ ਵੀ ਉਹਨਾਂ ਨੂੰ ਉਡਣ ਜੋਗਾ ਨਹੀਂ ਛੱਡਦੇ। ਇਕ ਦਿਨ ਉਤੇ ਪਟਕਾ ਕੇ ਮਾਰਦੇ ਹਨ ।
ਜਿਹੜੇ ਐਂਵੇ ਹੀ ਹਰ ਕਿਸੇ ਦੇ ਉੱਤੇ ਚੜ੍ਹਨ ਦੀ ਹਿਮਾਕਤ ਕਰਦੇ ਹਨ, ਉਨ੍ਹਾਂ ਦੀ ਕੋਈ ਉਂਗਲ ਨਹੀਂ ਫੜਦਾ। ਜਿਹੜੇ ਹਰ ਕਿਸੇ ਦੇ ਨਾਲ ਉਸਤਾਦੀ ਕਰਨ ਲੱਗ ਪੈਣੇ ਉਹਨਾਂ ਨੂੰ ਇੱਕ ਦਿਨ ਉਂਗਲਾਂ ਟੁੱਕਣੀਆਂ ਪੈਂਦੀਆਂ ਹਨ, ਫੇਰ ਉਹਨਾਂ ਦੀ ਕੋਈ ਉਘ ਸੁੱਘ ਨਹੀਂ ਲੱਗਦੀ।
ਜਿਨ੍ਹਾਂ ਦੇ ਮਨਾਂ ਵਿੱਚ ਸੁਪਨੇ ਉਸਲਵੱਟੇ ਭੰਨਣ ਲੱਗ ਪੈਣ, ਉਨ੍ਹਾਂ ਨੂੰ ਹਰ ਕੰਮ ਲਈ ਫੇਰ ਉੱਖਲੀ ਵਿੱਚ ਸਿਰ ਦੇਣਾ ਪੈਂਦਾ ਹੈ। ਜਦੋਂ ਕਿਸੇ ਨੂੰ ਕੋਈ ਉਲਟੀ ਪੱਟੀ ਪੜ੍ਹਾਉਣ ਲੱਗ ਪਏ ਤਾਂ ਲੋਕ ਉਸ ਉਪਰ ਉਂਗਲਾਂ ਕਰਨਢ ਲੱਗ ਪੈਂਦੇ ਹਨ। ਉਹਨਾਂ ਦੇ ਸਦਾ ਉਖੜੇ-ਉੱਖੜੇ ਰਹਿਣ ਕਰਕੇ ਉਸ ਦੇ ਮੂੰਹ ‘ਤੇ ਉਦਾਸੀ ਸਦਾ ਹੀ ਛਾਈ ਰਹਿੰਦੀ ਹੈ। ਜਿਨ੍ਹਾਂ ਨੂੰ ਉਧਾਰ ਖਾਣ ਦੀ ਆਦਤ ਪੈ ਜਾਵੇ, ਉਹ ਹਮੇਸ਼ਾ ਉਧੇੜ ਬੁਣ ਕਰਦੇ ਰਹਿੰਦੇ ਹਨ। ਜਿਹੜੇ ਰਸ ਚੂਸ ਕੇ ਉੱਡ ਜਾਣ ਫੇਰ ਉਨ੍ਹਾਂ ਦੇ ਲਈ ਕੋਈ ਉਡ ਉਡ ਨਹੀਂ ਪੈਂਦਾ। ਫਿਰ ਇਹੋ ਜਿਹਿਆਂ ਨੂੰ ਉਚਾ ਸੁਨਣ ਲੱਗਦਾ ਹੈ।
ਜਦੋਂ ਬੰਦੇ ਦਾ ਉਮਰ ਕੱਟਣ ਦਾ ਸੁਭਾਅ ਬਣ ਜਾਂਦਾ ਹੈ ਤਾਂ ਫਿਰ ਉਸ ਲਈ ਉਲਝੀ ਤਾਣੀ ਸੁਲਝਾਉਣੀ ਔਖੀ ਹੋ ਜਾਂਦੀ ਹੈ। ਹੁਣ ਇਹੀ ਹਾਲਤ ਸਿਆਸਤਦਾਨਾਂ ਨੇ ਸਾਡੀ ਬਣਾਈ ਹੋਈ ਹੈ। ਸਮੇਂ ਨੇ ਸਾਨੂੰ ਉਲਟੇ ਛੁਰੇ ਨਾਲ ਮੁੰਨਣਾ ਸ਼ੁਰੂ ਕਰ ਦਿੰਦਾ ਹੈ ਤੇ ਅਸੀਂ ਉਲਟੇ ਪੈਰੀਂ ਵਾਪਸ ਜਾ ਰਹੇ ਹਾਂ ਪਰ ਹਰ ਵੇਲੇ ਲੋਕਾਂ ਨੂੰ ਉਲੂ ਬਣਾਇਆ ਨਹੀਂ ਜਾ ਸਕਦਾ। ਅਸੀਂ ਉਲੂ ਬਣ ਰਾਤਾਂ ਉਡਦੇ ਹਾਂ।
ਜਦੋਂ ਕੋਈ ਊਚ-ਨੀਚ ਵਿਚਾਰਨਾ ਭੁੱਲ ਜਾਵੇ ਤਾਂ ਉਸ ਦੇ ਆਲੇ ਦੁਆਲੇ ਉਲਟੀ ਹਵਾ ਚੱਲ ਪੈਂਦੀ ਹੈ। ਜਦੋਂ ਕੋਈ ਹਰ ਕਿਸੇ ਨਾਲ ਉਲਝ ਪੈਣ ਦੀ ਆਦਤ ਬਣਾ ਲਵੇ, ਉਹ ਛੇਤੀ ਹੀ ਕੈਨਵਸ ਤੋਂ ਓਹਲੇ ਹੋ ਜਾਂਦਾ ਹੈ।
ਫੇਰ ਦੁਆਰਾ ਓਹੜ-ਪੋਹੜ ਕਰਨ ਲਈ ਵਰੇ ਲੱਗ ਜਾਂਦੇ ਹਨ। ਉਸ ਦੀ ਹਾਲਤ ਊਠ ਵਰਗੀ ਬਣ ਜਾਂਦੀ ਹੈ। ਉਹ ਲੋਕਾਂ ਵੱਲ ਮੂੰਹ ਚੁੱਕਦਾ ਹੈ ਪਰ ਲੋਕ ਉਸ ਨੂੰ ਓਪਰੀ ਨਜ਼ਰ ਦਾ ਨਾਲ ਵੀ ਨੀਂ ਵੇਖਦੇ।
ਜਦੋਂ ਸਮਾਜ ਦਾ ਊੜਾ ਐੜਾ ਨਾ ਜਾਨਣ ਵਾਲੇ ਸਮਾਜ ਦੇ ਚੌਧਰੀ ਬਣ ਜਾਣ ਫੇਰ ਉਨ੍ਹਾਂ ਦੇ ‘ਉਡਦਾ ਛਾਪਾ’ ਵੀ ਗਲੇ ਆ ਲੱਗਦਾ ਹੈ। ਫੇਰ ਉਹਦੀ ਉਤੋਂ ਦੀ ਪੈਣ ਦੀ ਰੀਤ ਨੂੰ ਉਠਾਲਾ ਕਰਨਾ ਪੈਂਦਾ ਹੈ ਤੇ ਕੋਈ ਉਨ੍ਹਾਂ ਦੀ ਉਂਗਲ ਉਤੇ ਮੂਤਰ ਨਹੀਂ ਕਰਦਾ।
ਜਿਹੜੇ ਆਪਣੇ ਆਪ ਨੂੰ ਉਸਤਾਦ ਮੰਨਣ ਦਾ ਭਰਮ ਪਾ ਲੈਂਦੇ ਹਨ, ਉਹ ਉਚਾ-ਨੀਵਾਂ ਬੋਲਣ ਲੱਗੇ ਥਾਂ-ਕੁ-ਥਾਂ ਨਹੀਂ ਦੇਖਦੇ। ਇਹੋ ਜਿਹਾ ਸਿਆਸਤਦਾਨਾਂ ਦਾ ਜਦੋਂ ਲੋਕ ਉਧਾਰ ਵਿਆਜ਼ ਸਮੇਤ ਮੋੜਦੇ ਹਨ ਤਾਂ ਉਹ ਉਪਰ ਦੇਖਣਾ ਹੀ ਭੁੱਲ ਜਾਂਦੇ ਹਨ।
ਭਾਵੇਂ ਹਰ ਵੇਲੇ ਉਲੂ ਸਿੱਧਾ ਨਹੀਂ ਹੁੰਦਾ, ਪਰ ਉੱਲੂ ਬਨਾਉਣ ਵਾਲੇ ਜਦੋਂ ਉਸਤਾਦੀ ਘੋਟਣ ਲੱਗਦੇ ਹਨ ਤਾਂ ਲੋਕ ਉਸ ਨੂੰ ਨਜ਼ਰ ਅੰਦਾਜ਼ ਕਰਨ ਲੱਗਦੇ ਹਨ।ਭਮ
‘ਉਂਗਲਾਂ’ਉਤੇ ਨੱਚਣਾ ਤੇ ਨਚਾਉਣਾ ਔਖਾ ਹੁੰਦਾ ਹੈ। ਜਦੋਂ ਸੱਤਾ ਉਜਾੜ ਭਾਲਣ ਦੇ ਰਸਤੇ ਤੁਰਦਿਆਂ ਵਿਕਾਸ ਦੀਆਂ ਗੱਲਾਂ ਕਰਦੀ ਹੈ ਤਾਂ ਉਲਟੀ ਗੰਗਾ ਪਹੇਵੇ ਵੱਲ ਨੂੰ ਤੁਰਨ ਲੱਗਦੀ ਹੈ, ਇਨ੍ਹਾਂ ਸਮਿਆਂ ਵਿੱਚ ਜਦੋਂ ਸ਼ਬਦਾਂ ਦੇ ਖਿਡਾਰੀ ਸ਼ਬਦਾਂ ਦੀਆਂ ਬੁੱਚੀਆਂ ਪਾਉਣ ਦੇ ਲਈ ਮਦਾਰੀ ਬਣ ਜਾਣ ਤਾਂ ਆਮ ਲੋਕਾਂ ਦੇ ਪੱਲੇ ਕੱਖ ਨਹੀਂ ਪੈਂਦਾ।
ਲੋਕ ਪੱਲੇ ਝਾੜਦੇ ਊਠ ਦੇ ਡਿੱਗਦੇ ਬੁੱਲ ਵਾਂਗ ਮਗਰ ਮਗਰ ਤੁਰਦੇ ਖਾਲੀ ਹੱਥ ਘਰਾਂ ਨੂੰ ਪਰਤ ਆਉਂਦੇ ਹਨ। ਕਈ ਵਾਰ ਘਰਾਂ ਨੂੰ ਮੁੜਨਾ ਔਖਾ ਹੁੰਦਾ ਹੈ ਪਰ ਘਰ ਅਸੀਂ ਆਏ ਨੂੰ ਕਦੇ ਦੁਰਕਾਰਦੇ ਨਹੀਂ। ਘਰ ਹਮੇਸ਼ਾਂ ਬਾਹਰ ਗਿਆਂ ਦੀ ਉਡੀਕ ਵਿੱਚ ਦਰਵਾਜ਼ੇ ਖੁੱਲੇ ਰੱਖਦੇ ਹਨ।
ਜਦੋਂ ਢਿੱਡ ਰੋਟੀ ਦੀ ਭਾਲ ਲਈ ਪਰਵਾਸ ਕਰਦਾ ਹੈ ਤਾਂ ਘਰ ਉਦਾਸ ਨਹੀਂ ਹੁੰਦੇ, ਪਰ ਜਦੋਂ ਪਰਵਾਸੀਆਂ ਦੀਆਂ ਮੋਹ ਭਰੀਆਂ ਖ਼ਬਰਾਂ ਦੀ ਵਜਾਏ ਮਾੜੀਆਂ ਖ਼ਬਰਾਂ ਆਉਣ ਤਾਂ ਘਰ ਭੁੱਬਾਂ ਮਾਰ ਕੇ ਰੋਂਦੇ ਹਨ। ਘਰਾਂ ਵਿੱਚ ਭੁੱਜਦੀ ਭੰਗ ਵੀ, ਚੁਗਲੀਆਂ ਕਰਦੀ ਹੋਈ ਨਸੀਹਤਾਂ ਦੇਣ ਲੱਗਦੀ ਹੈ। ਉਲਟੀ ਪੁਲਟੀ ਗੱਲ ਹੁਣ ਕਰਨੀ ਜਿੰਨੀ ਔਖੀ ਹੈ ਤੇ ਉਸ ਤੋਂ ਵਧੇਰੇ ਔਖੀ ਹਜ਼ਮ ਕਰਨੀ ਹੈ। ਕਿਉਂਕਿ ਹੁਣ ਹਰਿਕ ਦਾ ਹਾਜ਼ਮਾ ਖਰਾਬ ਹੈ।
ਸ਼ਬਦਾਂ ਦੇ ‘ਲਿਖਾਰੀ’ ਹੁਣ ‘ਵਪਾਰੀ’ ਬਣ ਗਏ ਹਨ। ਇਸੇ ਕਰਕੇ ਊੜਾ ਐੜਾ ਪੁਕਾਰ ਰਿਹਾ ਹੈ, ਕੋਈ ਤਾਂ ਉਸ ਦੀ ਆਵਾਜ਼ ਸੁਣੋ। ਊੜੇ ਤੇ ਜੂੜੇ ਨੂੰ ਅਸੀਂ ਘਰਾਂ ਵਿੱਚੋਂ ਕੱਢ ਕੇ ‘ਅੰਗਰੇਜ਼ੀ’ ਨੂੰ ਆਪਣੀ ਰਖੇਲ ਬਣਾ ਲਿਆ ਹੈ। ਅਸੀਂ ਭਰਮ ਦੇ ਗੁਲਾਮ ਬਣ ਗਏ ਹਾਂ ।
ਹੁਣ ਵਿਚਾਰਾ ਊੜਾ ਕਰੇ ਤਾਂ ਕੀ ਕਰੇ ? ਊੜੇ ਦੀਆਂ ਪੈਂਦੀਆਂ ਚੀਕਾਂ ਕੌਨਵੈਂਟ ਸਕੂਲਾਂ, ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰਾਂ ਵਿਚ ਸੁਣੀਆਂ ਜਾ ਸਕਦੀਆਂ ਹਨ। ਊੜੇ ਦਾ ਕੋਈ ਵਾਲੀ ਵਾਰਿਸ ਨਹੀਂ ਤੇ ਸਾਹਿਤਕਾਰ ਤੇ ਸਾਹਿਤਕ ਸੰਸਥਾਵਾਂ ਮਾਂ ਬੋਲੀ ਦੇ ਨਾਂ ‘ਤੇ ਰੋਟੀਆਂ ਸੇਕਦੀਆਂ ਹਨ। ਪਰ ਊੜੇ ਦੀ ਕੋਈ ਨੀ ਸੁਣਦਾ । ਇਸੇ ਕਰਕੇ ਇਹ ਅਪਣੇ ਹੀ ਘਰ ਵਿੱਚ ਪਰਾਇਆ ਹੋ ਗਿਆ ਹੈ। ਇਸਨੂੰ ਆਪਣਾ ਘਰ ਕਦੋਂ ਮਿਲੇਗਾ? ਪਤਾ ਨਹੀਂ । ਊੜੇ ਨੂੰ ਘਰ ਮਿਲੇ ਨਾ ਮਿਲੇ ਪਰ ਅਗਲੀਆਂ ਚੋਣਾਂ ਤੱਕ ਸਰਕਾਰ ਦੀ ਯੋਜਨਾ ਹੈ ਕਿ ਉਹ ਗਰੀਬਾਂ ਮਕਾਨ ਬਣਾ ਕੇ ਦੇ ਦੇਵੇ। ਘਰ ਤਾਂ ਜ਼ਿੰਦਗੀ ਦੇ ਵਿਚ ਸਾਰੀ ਉਮਰ ਨਹੀਂ ਬਣਦਾ, ਅੱਜ ਸਾਡੇ ਆਲੇ ਦੁਆਲੇ ਕੋਠੀਆਂ, ਮਹਿਲ, ਮੁਨਾਰੇ, ਮਕਾਨ ਤੇ ਪਤਾ ਨੀਂ ਘਰਾਂ ਦੇ ਨਾ ‘ਤੇ ਬਣਾਏ ਜਾ ਰਹੇ ਹਨ।
ਇਹਨਾਂ ਕੋਠੀਆਂ ਤੇ ਮਹਿਲਾਂ ਦੇ ਵਿਚੋਂ ‘ਊੜਾ ਤੇ ਜੂੜਾ’ ਹੀ ਨਹੀਂ ਸਾਡੇ ਮਾਪੇ ਵੀ ਬੇਦਖ਼ਲ ਹੋ ਰਹੇ ਹਨ। ਮਕਾਨਾਂ ਤੇ ਕੋਠੀਆਂ ਦੇ ਵਿਚ ਕੁੱਤੇ, ਬਿੱਲੀਆਂ, ਡੈਣਾਂ ਦਾ ਵਸੇਰਾ ਹੋ ਰਿਹਾ ਹੈ। ਇਸੇ ਕਰਕੇ ਸਾਡੇ ਆਲੇ ਦੁਆਲੇ ਬਿਰਧ ਆਸ਼ਰਮ ਵੱਧ ਰਹੇ ਹਨ। ਜਿਹਨਾਂ ਦੇ ਵਿਚ ਇਨਸਾਨ ਹੱਸਦੇ ਤੇ ਢੋਲੇ ਦੀਆਂ ਲਾਉਦੇ ਹਨ। ਕੋਠੀਆਂ ਤੇ ਮਕਾਨਾਂ ਦੇ ਵਿਚ ਚੀਕ ਚਿਹਾੜਾ ਤੇ ਚੀਕਾਂ ਪੈਂਦੀਆਂ ਹਨ। ਘਰ ਉਦਾਸ ਹਨ ਤੇ ਮਕਾਨ ਨੱਚਦੇ ਤੇ ਟੱਪਦੇ ਜਸ਼ਨ ਮਨਾਉਦੇ ਹਨ।
ਊੜਾ ਵੀ ਜਾਣਦਾ ਹਰ ਕੋਈ ਹੁਣ ਆਪਣੀ ਆਮਦਨ ਵਧਾਉਣ ਦੇ ਲਈ ਆਪਣਿਆਂ ਨੂੰ ਮਾਰ ਰਿਹਾ ਹੈ। ਹੁਣ ਘਰ ਤੇ ਕਤਲਗਾਹ ਬਣ ਰਹੇ ਨੇ।
ਹੁਣ ਇੱਥੇ ਲੜਾਈ ਇੱਕ ਦੀ ਹੀ ਨਹੀਂ ਸਭ ਦੀ ਬਣਦੀ ਜਾ ਰਹੀ ਪਰ ਸਾਨੂੰ ਸਮਝ ਨਹੀਂ ਲੱਗੀ ਕਿ ਲੜ੍ਹਾਈ ਕਿਸਦੇ ਨਾਲ ਕਰਨੀ ਹੈ। ਅਸੀਂ ਆਪਸ ਵਿੱਚ ਹੀ ਲੜੀ ਜਾ ਰਹੇ ਤੇ ਮਰ ਜਾ ਰਹੇ। ਹੁਣ ਸਾਡੇ ਆਪਣਿਆਂ ਨੇ ਹੀ ਸਾਡੇ ਗਲਾਂ ਨੂੰ ਫਾਹਾ ਪਾ ਦਿੱਤਾ ਹੈ ।
ਅਸੀਂ ਆਪੋ ਆਪਣੀ ਡੱਫਲੀ ਵਜਾ ਰਹੇ ਕੁੱਟ ਖਾ ਰਹੇ ਤੇ ਮਾਰੇ ਜਾ ਰਹੇ ਹਾਂ। ਅਸੀਂ ਹਰ ਵੇਲੇ ਅਰਦਾਸ ਸਰਬੱਤ ਦੇ ਭਲੇ ਦੀ ਕਰਦੇ ਹਾਂ ਪਰ ਘਰ ਆਪਣੇ ਭਰਦੇ ਹਾਂ ਤੇ ਗੱਲਾਂ ਸਮਾਜਵਾਦ ਤੇ ਬਰਾਬਰਤਾ ਦੀਆਂ ਕਰਦੇ ਹਾਂ। ਅਸੀਂ ਗੁਰੂ ਨਾਨਕ ਨੂੰ ਤਾਂ ਮੰਨਦੇ ਹਾਂ ਪਰ ਗੁਰੂ ਦੇ ਹੁਕਮ ਨਹੀਂ; ਗੁਰਬਾਣੀ ਨੂੰ ਸਿਰਫ ਮੱਥਾ ਟੇਕਦੇ ਹਾਂ ਪਰ ਉਸਤੇ ਅਮਲ ਨਹੀਂ ਕਰਦੇ।
ਸਾਡੀ ਫੁੱਟ ਦਾ ਉਹ ਸਿਆਸੀ ਮੌਕੇ ਅਨੁਸਾਰ ਫਾਇਦਾ ਚੁੱਕਦੇ ਹਨ। ਅਸੀਂ ਹਰ ਲੁੱਟੇ ਜੁਆਰੀਏ ਹੱਥ ਮਲਦੇ ਰਹਿ ਜਾਂਦੇ ਹਾਂ, ਹੁਣ ਲੜਨ ਦੀ ਲੋੜ ਹੈ। ਦੁਸ਼ਮਣ ਸਾਂਝਾ ਹੈ ਤੇ ਦਿਖਦਾ ਹੈ ।
ਜੰਗ ਹੁਣ ਸਿਰ ਵਾਰਨ ਦੀ ਨਹੀਂ ; ਇੱਕ ਦੂਜੇ ਨਾਲ ਸਿਰ ਜੋੜਨ ਦੀ ਲੋੜ ਹੈ। ਹੁਣ ਸਾਂਝੀ ਜੰਗ ਦੀ ਜਰੂਰਤ ਹੈ, ਇਹ ਹੁਣ ਸਮੇਂ ਦੀ ਵੀ ਮੰਗ ਹੈ। ਜੰਗ ਲੜਿਆ ਹੀ ਹੁਣ ਸਰਨਾ ਹੈ, ਡਰ ਕੇ ਵਿਦੇਸ਼ਾਂ ਨੂੰ ਭੱਜੋ ਨਾ। ਸਮੇਂ ਦੀ ਚਾਲ ਸਮਝੋ। ਆਪਣੀਆਂ ਅਗਲੀਆਂ ਵਾਲੀਆਂ ਨਸਲਾਂ ਦੇ ਕਾਤਲ ਨਾ ਬਣੋ, ਸਗੋਂ ਹਿੱਕ ਤਾਣ ਖੜੋ। ਮਰਨਾ ਤਾਂ ਸਭ ਨੇ ਹੈ। ਦੇਸ ਕੌਮ ਤੇ ਸਮਾਜ ਲਈ ਮਰੋ। ਧਾੜਵੀ ਆ ਗਏ ਹਨ। ਮੂੰਹ ਉਤੇ ਵਿਕਾਸ ਦਾ ਨਕਾਬ ਪਾ ਕੇ।
ਅੰਗਰੇਜ਼ ਕੌਮ ਕਦੇ ਸਿਰ ਵਾਰ ਦੀ ਨਹੀਂ ਸਗੋਂ ਸਿਰ ਲੈੰਦੀ ਰਹੀ ਹੈ ਤੇ ਦੁਨੀਆਂ ਉਤੇ ਰਾਜ ਕਰਦੀ ਹੈ। ਅਸੀਂ ਸਿਰ ਵਾਰਦੇ ਹਾਂ ਤੇ ਸਦਾ ਗੁਲਾਮ ਰਹਿੰਦੇ ਹਨ ; ਫੇਰ ਕਹਿੰਦੇ ਹਾਂ ” ਪੰਜਾਬੀਆਂ ਦੀ ਸ਼ਾਨ ਵੱਖਰੀ ?”
ਹੁਣ ਕਿਸੇ ਅਬਦਾਲੀ ਜਾਂ ਗੋਰੇ ਦੇ ਵਿਰੁਧ ਜੰਗ ਨਹੀਂ ਆਪਣਿਆਂ ਦੇ ਖਿਲਾਫ਼ ਲੜਨੀ ਪੈਣੀ ਹੈ। ਬਾਹਰ ਦੀ ਜੰਗ ਅਗਲਿਆਂ ਨੇ ਘਰ ਦੀ ਬਣਾ ਦਿੱਤੀ ਐ। ਪੰਜਾਬ ਫੇਰ ਕਈ ਖੇਮਿਆਂ ਵਿੱਚ ਵੰਡਿਆ ਗਿਆ ਐ। ਥਾਂ ਥਾਂ ਧਰਨੇ ਲੱਗਦੇ ਹਨ। 1970-2026 ਤੱਕ ਲੱਖਾਂ ਨੌਜਵਾਨ ਮਰਿਆ/ਮਾਰਿਆ ਗਿਆ। ਹੁਣ ਚਿੱਟੇ ਤੇ ਖੁਦਕੁਸ਼ੀਆਂ ਨੇ ਤੀਹ ਲੱਖ ਮਾਰ ਦਿੱਤਾ ਐ। ਪੰਜਾਹ ਕੁ ਲੱਖ ਵਿਦੇਸ਼ ਚਲੇ ਗਿਆ। ਪਿੰਡ ਪੰਜਾਬੀਆਂ ਕੰਨੀਂ ਖਾਲੀ ਹੋ ਗਏ। ਘਰਾਂ ਨੂੰ ਤਾਲੇ ਲੱਗ ਗਏ ਹਨ। ਗ਼ੈਰ ਪੰਜਾਬੀ ਲੋਕਾਂ ਨੇ ਆਪਣਾ ਰੂਪ ਨਿਖਾਰਿਆ ਹੈ ਕਿਉਂਕਿ ਹਾਕਮ ਜਮਾਤਾਂ ਉਸ ਦੇ ਨਾਲ ਹਨ। ਪੰਜਾਬ ਦਾ ਬਦਲ ਰਿਹਾ ਸੱਭਿਆਚਾਰਕ ਮੁਹਾਂਦਰਾ ਨਵੇਂ ਡਰ ਪੈਦਾ ਕਰ ਰਿਹਾ ਹੈ। ਤੁਸੀਂ ਆਪਸ ਵਿੱਚ ਟਕਰਾ ਕੇ ਫਨਾਹ ਹੋਈ ਜਾ ਰਹੇ ਓ। ਹੋਸ਼ ਕਰੋ ਪੰਜਾਬੀਓ।
ਕੁੱਝ ਉਜੜ ਗਏ, ਕੁੱਝ ਉਜਾੜ ਦਿੱਤੇ
ਕੁੱਝ ਮੁਫਤ ਦਾ ਰਾਸ਼ਨ ਦੇ ਘਰੀਂ ਵਾੜ ਦਿੱਤੇ,
ਚੱਲੀ ਜਦੋਂ ਦੀ ਐ ਵਾਹ ਚੰਦਰੀ
ਲੋਕ ਆਪਸ ਵਿੱਚ ਪਾੜ ਦਿੱਤੇ।
ਆਓ! ਸਾਂਝੀ ਜੰਗ ਲੜੀਏ ਤੇ ਕੱਲੇ ਕੱਲੇ ਨਾ ਮਰੀਏ। ਜਿੱਤ ਸਦਾ ਲੋਕਾਂ ਦੀ ਹੁੰਦੀ ਆਈ ਹੈ। ਜੈ ਜਨਤਾ ਦੀ ਹੁੰਦੀ ਹੈ । ਹੁਣ ਜਿੱਤ ਲੋਕਾਂ ਦੀ ਤੇ ਹਾਰ ਖੂਨ ਪੀਣੀਆਂ ਜੋਕਾਂ ਦੀ ਹੋਵੇਗੀ ।
ਹੁਣ ਸਿਰ ਜੋੜਣ ਦਾ ਵੇਲਾ ਐ,
ਪਹਿਲਾਂ ਹੀ ਬਹੁਤ ਕੁਵੇਲਾ ਐ
ਆਪਣੇ ਨਿੱਜੀ ਲਾਲਚ ਛੱਡਕੇ ਹੋਵੋ ਇਕਜੁੱਟ। ਹੁਣ ਹਰ ਬਾਰ ਉਜੜ ਕੇ ਵਸਣਾ ਮੁਸ਼ਕਿਲ ਹੈ। ਉਜੜ ਰਹੇ ਪੰਜਾਬ ਨੂੰ ਬਚਾ ਲਵੋ ਤੇ ਗਿਰਝਾਂ ਦੇ ਗਲੇ ਨੂੰ ਹੱਥ ਪਾ ਲਵੋ। ਬੰਦਿਆਂ ਦੇ ਘਰ ਤੇ ਪੰਛੀਆਂ ਦੇ ਆਲਣੇ ਬਚਾ ਲਵੋ ! ਉਠ ਜਾਗ ਪੰਜਾਬ ਸਿਆਂ ਧਾੜਵੀ ਘਰਾਂ ਵਿੱਚ ਵੜ ਗਏ। ਉਹ ਭਾਵੇਂ ਨਸ਼ਿਆਂ ਦੇ ਰੂਪ ਵਿੱਚ ਹਨ, ਜਾਂ ਲੁਟੇਰਿਆਂ ਦੇ ਰੂਪ ਵਿੱਚ। ਚਿੱਟੇ ਕੱਪੜਿਆਂ ਵਾਲੇ ਚੂਹਿਆਂ ਨੇ ਤੁਹਾਡੇ ਦਿਮਾਗ਼ ਕੁਤਰ ਕੁਤਰ ਕੇ ਖ਼ਤਮ ਕਰ ਦਿੱਤੇ ਹਨ। ਪੰਜਾਬ ਪੜ੍ਹਿਆ ਲਿਖਿਆ ਦਾ ਸਿਆਣਾ ਪੰਜਾਬ ਕਦੋਂ ਬਣੇਗਾ ਜਦੋਂ ਸਭ ਕੁੱਝ ਤਬਾਹ ਹੋ ਗਿਆ? ਪੰਜਾਬ ਪ੍ਰਯੋਗਸ਼ਾਲਾ ਬਣਾਇਆ ਗਿਆ ਹੈ, ਹੁਣ ਨਵੇਂ ਤਜਰਬਿਆਂ ਰਾਹੀਂ ਤੁਹਾਨੂੰ ਵਰਤਿਆ ਤੇ ਬਦਲਿਆ ਜਾ ਰਿਹਾ ਹੈ। ਪੰਜਾਬ ਦਾ ਹਾਕਮ ਕੌਣ ਹੈ? ਪੁਲਿਸ ਜਾਂ ਫਿਰ ਮੁੱਖ ਮੰਤਰੀ, ਕਿਉਂਕਿ ਇਹਨਾਂ ਦਾ ਆਪਸ ਵਿੱਚ ਕੋਈ ਰਾਬਤਾ ਨਹੀਂ। ਦੋਵੇਂ ਪਿਛਲੇ ਸਮਿਆਂ ਤੋਂ ਵੱਖ ਵੱਖ ਬੋਲੀਆਂ ਬੋਲਦੇ ਹਨ। ਸਿਆਸੀ ਪਾਰਟੀਆਂ ਦੇ ਆਗੂ ਵੋਟਾਂ ਭਾਲਦੇ ਹਨ। ਮੌਜੂਦਾ ਸਮੇਂ ਦਾ ਹਾਕਮ ਅਗਲੀ ਰਣਨੀਤੀ ਘੜ ਰਿਹਾ ਹੈ। ਅੱਜ ਪੱਛਮੀ ਬੰਗਾਲ ਸੜ ਰਿਹਾ ਹੈ, ਅਗਲੇ ਸਮਿਆਂ ਵਿੱਚ ਕੌਣ ਸੜੇਗਾ? ਦੇਸ਼ ਦੇ ਹਾਲਾਤ ਭਵਿੱਖਬਾਣੀ ਕਰ ਰਹੇ ਹਨ।
###
ਬੁੱਧ ਸਿੰਘ ਨੀਲੋਂ
9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।