ਜਦੋਂ ਨੋਟਾਂ ਦੀ ਹੋਈ ਬਰਸਾਤ, ਸਾਰੀ ਰਾਤ ਲੁੱਕਦੇ ਰਹੇ!
ਪੰਜਾਬ ਤੇ ਚੰਡੀਗੜ੍ਹ ਵਿੱਚ ਛਾਪੇਮਾਰੀ ਬਿਲਡਰਾਂ ਦੇ ਘਰਾਂ ਤੇ ਦਫਤਰਾਂ ਉਪਰ ਹੋਈ ਤੇ ਆਮ ਆਦਮੀ ਪਾਰਟੀ ਦੇ ਇਮਾਨਦਾਰ ਆਗੂ ਸਾਰੀ ਰਾਤ ਲੁੱਕਦੇ ਰਹੇ। ਉਹ ਆਪਣੇ ਆਪ ਨੂੰ ਦੁੱਧ ਧੋਤਾ ਦੱਸਣ ਲਈ ਗੋਦੀ ਮੀਡੀਆ ਨੂੰ ਫੋਨ ਕਰਕੇ ਦੱਸਦੇ ਹੋਏ ਹੁਕਮ ਕਰਦੇ ਰਹੇ। ਸਾਡੇ ਪੱਖ ਵਿੱਚ ਪੋਸਟਰ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰੋ। ਉਧਰ ਭਗਵੰਤ ਮਾਨ ਵੀਹ ਸੈਂਕੜੇ ਸੁਰੱਖਿਆ ਕਰਮਚਾਰੀਆਂ ਦੇ ਨਾਲ ਪੰਜਾਬ ਵਿੱਚ ਸ਼ੁਕਰਾਨਾ ਯਾਤਰਾ ਉਪਰ ਨਿਕਲਿਆ ਹੈ। ਜਲੰਧਰ ਤੇ ਅੰਮ੍ਰਿਤਸਰ ਵਿੱਚ ਦੋ ਬੰਬ ਧਮਾਕੇ ਹੋ ਗਏ। ਪੰਜਾਬ ਸਰਕਾਰ ਵੱਲੋਂ ਇਹਨਾਂ ਬੰਬ ਧਮਾਕੇ ਕਰਨ ਲਈ ਭਾਜਪਾ ਨੂੰ ਦੋਸ਼ੀ ਕਰਾਰ ਦਿੱਤਾ ਤੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹਨਾਂ ਧਮਾਕਿਆਂ ਦਾ ਸਬੰਧ ਆਈਏਐਸ ਪਾਕਿਸਤਾਨ ਨਾਲ ਜੁੜਦਾ ਹੈ। ਇਹਨਾਂ ਦੋਹਾਂ ਹੀ ਜ਼ੁੰਮੇਵਾਰ ਵਿਅਕਤੀਆਂ ਨੇ ਗ਼ੈਰ ਜੁੰਮੇਵਾਰ ਬਿਆਨ ਬਿਨਾਂ ਕਿਸੇ ਜਾਂਚ ਪੜਤਾਲ ਕਰਨ ਦੇ ਜਾਰੀ ਕੀਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਪੰਜਾਬ ਦਾ ਆਪਸੀ ਸੰਬੰਧ ਸਪਸ਼ਟ ਹੋ ਗਿਆ ਹੈ। ਪੰਜਾਬ ਦੇ ਲੋਕ ਸੋਚਦੇ ਹਨ ਕਿ ਪੰਜਾਬ ਨੂੰ ਚਲਾ ਕੌਣ ਰਿਹਾ ਹੈ? ਕੀ ਪੰਜਾਬ ਦੇ ਵਿੱਚ ਕੋਈ ਭੂਤ ਪ੍ਰੇਤ ਆਤਮਾ ਆ ਗਈ ਹੈ। ਜਿਵੇਂ ਕਿਸੇ ਕੁੜੀ ਦੇ ਵਿਆਹ ਤੋਂ ਬਾਅਦ ਉਸ ਦੀ ਸੱਸ ਆਖਦੀ ਹੈ ਕਿ ਇਸ ਵਿੱਚ ਕੋਈ ਓਪਰੀ ਸ਼ੈਅ ਆਉਂਦੀ ਹੈ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਕੋਈ ਭੂਤ ਪ੍ਰੇਤ ਆ ਕੇ ਬੰਬ ਧਮਾਕੇ ਕਰਕੇ ਇਸ ਤਰ੍ਹਾਂ ਗ਼ੈਬ ਹੋ ਜਾਂਦਾ ਹੈ। ਜਿਵੇਂ ਗੈਸ ਏਜੰਸੀਆਂ ਤੋਂ ਗੈਸ ਗ਼ਾਇਬ ਹੋ ਗਈ ਹੈ। ਪੁਲਿਸ ਤੇ ਸੁਰੱਖਿਆ ਸ਼ਕਤੀਆਂ ਦਾ ਕੰਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਹੁੰਦਾ ਹੈ। ਪਰ ਇਹ ਸੁਰੱਖਿਅਤ ਏਜੰਸੀਆਂ ਸੱਤਾਧਾਰੀ ਹਾਕਮਾਂ ਦੀਆਂ ਦਲਾਲ ਬਣ ਗਈਆਂ ਹਨ। ਇਹਨਾਂ ਸੁਰੱਖਿਆ ਕਰਮਚਾਰੀਆਂ ਦੀ ਕਾਰਗੁਜ਼ਾਰੀ ਬੰਗਾਲ ਵਿੱਚ ਦੁਨੀਆਂ ਦੇਖ ਰਹੀ ਹੈ। ਜਿਸ ਤਰ੍ਹਾਂ ਇਹਨਾਂ ਨੇ ਤਾਂਡਵ ਨਾਚ ਪੱਛਮੀ ਬੰਗਾਲ ਵਿੱਚ ਕਰਵਾਇਆ ਹੈ ਤੇ ਕਰਵਾ ਰਹੇ ਹਨ, ਪੰਜਾਬ ਦੇ ਲੋਕਾਂ ਨੂੰ ਹੁਣ ਆਪਣੇ ਭਵਿੱਖ ਦਾ ਅੰਦਾਜ਼ਾ ਲਗਾ ਕੇ ਸੋਚਣ ਦੀ ਲੋੜ ਨਹੀਂ ਹੈ। ਹੁਣ ਸੋਚਣ ਦਾ ਕੰਮ ਸਿਰਫ਼ ਉਹਨਾਂ ਦਾ ਹੈ ਜਿਹਨਾਂ ਨੇ ਇਹ ਨਾਅਰਾ ਲਾਇਆ ਹੈ ਕਿ ਪੱਛਮੀ ਬੰਗਾਲ ਤੋਂ ਬਾਅਦ ਭਗਵਾਂ ਬ੍ਰਿਗੇਡ ਪੰਜਾਬ ਉਪਰ ਭਗਵਾਂ ਲਗੋਟ ਲਹਿਰਾਏਗਾ। ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਡਰਾਉਣ ਤੇ ਧਮਕਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਹਾਕਮ ਧਿਰ ਦੀ ਇਹ ਨੀਤੀ ਹੈ, ਚੋਣਾਂ ਤੋਂ ਪਹਿਲਾਂ ਦੰਗੇ, ਬੰਬ ਧਮਾਕੇ ਤੇ ਕਤਲੋਗਾਰਤ ਸ਼ੁਰੂ ਕੀਤੀ ਜਾਂਦੀ ਹੈ। ਪਿਛਲੇ ਸਮਿਆਂ ਦੀਆਂ ਚੋਣਾਂ ਤੋਂ ਪਹਿਲਾਂ ਤੇ ਹੁਣ ਪੱਛਮੀ ਬੰਗਾਲ ਵਿੱਚ ਚੋਣਾਂ ਤੋਂ ਬਾਅਦ ਦਾ ਤਾਂਡਵ ਨਾਚ ਦੇਖਿਆ ਜਾ ਸਕਦਾ ਹੈ।
ਅਜੇ ਤਾਂ ਮੌੜ ਮੰਡੀ ਵਿੱਚ ਹੋਏ ਬੰਬ ਧਮਾਕੇ ਦੀਆਂ ਪੈੜਾਂ ਨਹੀਂ ਲੱਭੀਆਂ, ਇਹਨਾਂ ਦੀਆਂ ਪੈੜਾਂ ਕੀ ਲੱਭਣੀਆਂ ਹਨ। ਪੰਜਾਬ ਦੇ ਵਿੱਚ ਇਸ ਸਮੇਂ ਡਰ ਦਾ ਮਾਹੌਲ ਬਣਿਆ ਹੋਇਆ ਹੈ। ਕੋਈ ਵੀ ਵਿਅਕਤੀ ਕਿਤੇ ਵੀ ਸੁਰੱਖਿਅਤ ਨਹੀਂ ਹੈ। ਭਗਵੰਤ ਮਾਨ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਕਿਸੇ ਸੂਬੇ ਨੂੰ ਤੇ ਭੰਡਾਂ ਦੀ ਸਟੇਜ ਚਲਾਉਣ ਵਿੱਚ ਕੀ ਅੰਤਰ ਹੁੰਦਾ ਹੈ। ਇਸੇ ਕਰਕੇ ਉਹ ਊਲ ਜਲੂਲ ਚੁੱਟਕਲੇ ਸੁਣਾ ਕੇ ਲੋਕਾਂ ਨੂੰ ਭਰਮਾਉਣ ਦਾ ਯਤਨ ਕਰਦਾ ਹੈ। ਜਿਸ ਦਿਨ ਤੋਂ ਜਗਤ ਗੁਰੂ ਐਕਟ ਬਣਾਇਆ ਗਿਆ ਹੈ, ਉਸ ਦਿਨ ਤੋਂ ਭਗਵਿਆਂ ਦਾ ਜੇਠਾ ਪੁੱਤਰ ਸੁਖਬੀਰ ਬਾਦਲ ਗ਼ਾਇਬ ਹੋ ਗਿਆ ਹੈ। ਪੰਜਾਬ ਸਰਕਾਰ ਦੇ ਝੋਲੀਚੁੱਕ ਸਾਧ ਲਾਣੇ ਨੇ ਪੂੰਛਾਂ ਚੁੱਕੀਆਂ ਹਨ ਉਹ ਇਸ ਕਾਨੂੰਨ ਦਾ ਸਵਾਗਤ ਕਰਦੇ ਹਨ। ਉਹਨਾਂ ਦੀ ਹਾਲਤ ਇਹ ਬਣੀ ਹੋਈ ਹੈ ਕਿ ਜਿਸ ਦੀ ਖਾਈਏ ਬਾਜਰੀ ਉਸਦੀ ਭਰੀਏ ਹਾਜ਼ਰੀ। ਉਹਨਾਂ ਵਲੋਂ ਪੰਜਾਬ ਸਰਕਾਰ ਦਾ ਗੁਣਗਾਨ ਕਰਨ ਲੱਗ ਪਏ ਹਨ। ਜਦਕਿ ਕਾਨੂੰਨੀ ਮਾਹਿਰਾਂ ਵਲੋਂ ਇਸ ਐਕਟ ਦੇ ਤਹਿਤ ਪੁਲਿਸ ਨੂੰ ਮਿਲਣ ਵਾਲੇ ਅਧਿਕਾਰ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕਰਦੇ ਹਨ। ਜਿਵੇਂ ਟਾਡਾ ਕਾਨੂੰਨ ਦੀ ਦੁਰਵਰਤੋਂ ਕਾਂਗਰਸ ਦੇ ਸਮਿਆਂ ਵਿੱਚ ਹੋਈ ਸੀ। ਇਸੇ ਤਰ੍ਹਾਂ ਹੁਣ ਇਸ ਕਾਨੂੰਨ ਦੀ ਹੋਵੇਗੀ। ਇਹ ਕਾਨੂੰਨ ਸਿੱਖ ਕੌਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਤੋੜੇਗਾ। ਕਿਉਂਕਿ ਉਹਨਾਂ ਨੂੰ ਹੁਣ ਇਹ ਡਰ ਮਹਿਸੂਸ ਹੋਣ ਲੱਗਿਆ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਤੇ ਭਾਜਪਾ ਵਿਚਾਲੇ ਨੂਰਾ ਕੁਸ਼ਤੀ ਦੰਗਲ ਹੋ ਰਿਹਾ ਹੈ। ਇਸ ਵਿੱਚ ਪੰਜਾਬ ਦੇ ਲੋਕਾਂ ਦੀ ਹਾਲਤ ਛੁਰੀ ਖ਼ਰਬੂਜੇ ਉੱਤੇ ਡਿੱਗੇ ਜਾਂ ਖ਼ਰਬੂਜਾ ਛੁਰੀ ਉਤੇ। ਨੁਕਸਾਨ ਲੋਕਾਂ ਦਾ ਹੋਣਾ ਹੈ। ਦੋਵੇਂ ਪਾਰਟੀਆਂ ਵਲੋਂ ਹਰ ਦਿਨ ਨਵਾਂ ਬਿਰਤਾਂਤ ਸਿਰਜਿਆ ਜਾਂਦਾ ਹੈ। ਪੰਜਾਬ ਦੇ ਅਸਲੀ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਕੇ ਨਵੇਂ ਨਵੇਂ ਤਰੀਕੇ ਨਾਲ ਬਿਰਤਾਂਤ ਸਿਰਜਿਆ ਜਾਂਦਾ ਹੈ।
ਪੰਜਾਬ ਦੀ ਅਰਥ ਵਿਵਸਥਾ ਦੀ ਸਥਿਤੀ ਐਨੀ ਨਾਜ਼ੁਕ ਹੋ ਗਈ ਹੈ ਕਿ ਪੰਜਾਬ ਸਰਕਾਰ ਉਪਰ ਕਰਜ਼ਾ ਪੰਜ ਲੱਖ ਕਰੋੜ ਤੱਕ ਪੁੱਜ ਗਿਆ ਹੈ। ਇਸ਼ਤਿਹਾਰਬਾਜ਼ੀ ਕਰਕੇ ਪੰਜਾਬ ਨੂੰ ਹੋਰ ਕਰਜ਼ੇ ਦੀ ਪੰਡ ਹੇਠ ਦਰੜਿਆ ਦਾ ਰਿਹਾ ਹੈ। ਅਜੇ ਪੰਜਾਬ ਦੀਆਂ ਬੀਬੀਆਂ ਨੂੰ ਹਜ਼ਾਰ ਤੇ ਪੰਦਰਾਂ ਰੁਪਏ ਦੇਣ ਦੀ ਪ੍ਰਕਿਰਿਆ ਸ਼ੁਰੂ ਹੋਈ ਨਹੀਂ। ਪੰਜਾਬ ਸਰਕਾਰ ਨੇ ਮੁੰਬਈ ਦੀ ਇੱਕ ਇਸ਼ਤਿਹਾਰਬਾਜ਼ੀ ਕਰਨ ਵਾਲ਼ੀ ਕੰਪਨੀ ਨੂੰ ਸਾਢੇ ਸੱਤ ਕਰੋੜ ਰੁਪਏ ਦਾ ਟੈਂਡਰ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਹਰ ਖੇਤਰ ਵਿੱਚ ਇਸ਼ਤਿਹਾਰਬਾਜ਼ੀ ਉਤੇ ਕਰੋੜਾਂ ਰੁਪਏ ਖਰਚ ਕੀਤੇ ਹਨ। ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਛੜਯੰਤਰ ਕੀਤਾ ਹੈ। ਪੰਜਾਬ ਸਰਕਾਰ ਦੇ ਇਸ਼ਤਿਹਾਰ ਅਨੁਸਾਰ ਚਰੰਜਾ ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਫੂਕ ਪੁਲਿਸ ਤੇ ਆਮ ਪਾਰਟੀ ਦੇ ਆਗੂ ਕੱਢ ਰਹੇ ਹਨ। ਸਿੱਖਿਆ ਕ੍ਰਾਂਤੀ ਦਾ ਇਨਕਲਾਬ ਆ ਗਿਆ ਹੈ। ਸਿਹਤ ਵਿਭਾਗ ਦੇ ਸਰਕਾਰੀ ਹਸਪਤਾਲ ਨਿੱਜੀ ਅਦਾਰਿਆਂ ਨੂੰ ਸੋਂਪਣ ਦੇ ਲਈ ਰੂਪ ਰੇਖਾ ਤਿਆਰ ਕੀਤੀ ਗਈ ਹੈ। ਕਿਸਾਨਾਂ ਨੂੰ ਧਰਨਿਆਂ ਮੁਜ਼ਾਹਰਿਆਂ ਤੋਂ ਰੋਕਣ ਲਈ ਉਹਨਾਂ ਨੂੰ ਘਰਾਂ ਵਿੱਚ ਕੈਦ ਕਰ ਲਿਆ ਜਾਂਦਾ ਹੈ। ਹੁਣ ਭਗਵੰਤ ਮਾਨ ਆਪਣੇ ਸ਼ੁਕਰਾਨੇ ਦੀ ਯਾਤਰਾ ਕਰ ਰਿਹਾ ਹੈ। ਜਿਹੜੇ ਜਿਹੜੇ ਸ਼ਹਿਰ ਤੇ ਕਸਬੇ ਵਿੱਚ ਦੀ ਉਸ ਨੇ ਲੰਘਣਾ ਹੁੰਦਾ ਹੈ, ਉਹਨਾਂ ਇਲਾਕਿਆਂ ਦੇ ਅਗਾਂਹਵਧੂ ਕਿਸਾਨਾਂ ਤੇ ਨੌਜਵਾਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਪੰਜਾਬ ਦੇ ਲੋਕ ਉਸ ਉਪਰ ਛਿੱਤਰਾਂ ਦੀ ਬਰਸਾਤ ਕਰਨ ਦੀ ਵਜਾਏ ਫੁੱਲਾਂ ਦੀ ਵਰਖਾ ਕਰਦੇ ਹਨ। ਇਹ ਲਾਹਨਤੀ ਲੋਕ ਕੌਣ ਹਨ, ਜਿਹਨਾਂ ਨੂੰ ਆਪਣਾ ਵਰਤਮਾਨ ਤੇ ਬੱਚਿਆਂ ਦਾ ਭਵਿੱਖ ਨਜ਼ਰ ਨਹੀਂ ਆਉਂਦਾ?
ਬਹੁਤ ਦੇਰ ਪਹਿਲਾਂ ਹੰਸ ਰਾਜ ਹੰਸ ਦਾ ਗੀਤ ਚੇਤੇ ਆਉਂਦਾ ਹੈ, ਰਾਤੀਂ ਇਸ਼ਕੇ ਦੀ ਹੋਈ ਬਰਸਾਤ ਸਾਰੀ ਰਾਤ ਭਿੱਜਦੇ ਰਹੇ। ਹੁਣ ਤੱਕ ਪੰਜਾਬ ਸਰਕਾਰ ਤੇ ਉਨ੍ਹਾਂ ਦੇ ਚਹੇਤਿਆਂ ਨੇ ਜਿਹੜੀ ਲੁੱਟ ਮਾਰ ਕੀਤੀ ਹੈ, ਉਸਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਮੋਹਾਲੀ ਦੇ ਛੱਜੂ ਪਿੰਡ ਦੇ ਲੋਕਾਂ ਨੇ ਨੋਟਾਂ ਦੀ ਬਰਸਾਤ ਅੱਖੀਂ ਵੇਖੀ ਹੈ। ਉਹਨਾਂ ਵਾਸਤੇ ਗੱਲਾਂ ਕਰਨ ਲਈ ਮਸਾਲਾ ਮਿਲ਼ ਗਿਆ ਹੈ। ਮੋਹਾਲੀ ਦੇ ਇਹਨਾਂ ਇਲਾਕਿਆਂ ਵਿੱਚ ਬਹੁਤੇ ਧਨਾਢ ਲੋਕ ਵਸਦੇ ਹਨ, ਜੀਹਨਾਂ ਦੇ ਕਾਰੋਬਾਰ ਪੰਜਾਬ ਦੇ ਵਿੱਚ ਚੱਲਦੇ ਹਨ।
ਲੋਕ ਲਾਲ ਜੀਤ ਸਿੰਘ ਭੁੱਲਰ ਤੇ ਹਰਦੀਪ ਸਿੰਘ ਮੁੰਡੀਆ ਦੇ ਕਿੱਸਿਆਂ ਨੂੰ ਭੁੱਲ ਗਏ ਹਨ। ਕਿਉਂਕਿ ਪੰਜਾਬ ਦੇ ਲੋਕਾਂ ਨੂੰ ਭੁੱਲਣ ਤੇ ਬੇਗਾਨਿਆਂ ਉਪਰ ਡੁੱਲਣ ਦੀ ਬੀਮਾਰੀ ਲੱਗੀ ਹੋਈ ਹੈ। ਜਿਸ ਦਾ ਇਲਾਜ ਕਿਸੇ ਡਾਕਟਰ ਤੇ ਸਾਧ ਸੰਤ ਕੋਲ ਨਹੀਂ ਹੈ। ਪੰਜਾਬ ਦੇ ਹਿਤੈਸ਼ੀ ਉਹਨਾਂ ਨੂੰ ਸਮਝਾ ਕੇ ਥੱਕ ਗਏ ਹਨ। ਉਹਨਾਂ ਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਉਹਨਾਂ ਦਾ ਦੁਸ਼ਮਣ ਕੌਣ ਹੈ? ਉਹ ਤਾਂ ਆਪਸੀ ਦੁਸ਼ਮਣੀਆਂ ਕੱਢਣ ਲਈ ਨਵੇਂ ਨਵੇਂ ਤਰੀਕੇ ਵਰਤ ਰਹੇ ਹਨ।
ਸਮਾਜ ਵਿੱਚ ਫੈਲੀਆਂ ਸਮਾਜਿਕ ਕੁਰੀਤੀਆਂ ਨੇ ਨਵੇਂ ਨਵੇਂ ਚੰਦ ਚਾੜ੍ਹ ਦਿੱਤੇ ਹਨ। ਬਹੁਗਿਣਤੀ ਲੋਕਾਂ ਨੇ ਕਾਮ ਨੂੰ ਕਾਮਬਲੀ ਬਣਾਇਆ ਹੋਇਆ ਹੈ। ਕਾਮ ਮਹਾਂਬਲੀ ਨੇ ਕਿੰਨਿਆਂ ਦੇ ਘਰਾਂ ਦੇ ਚਿਰਾਗ਼ ਬੁਝਾ ਦਿੱਤੇ ਹਨ, ਇਹਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਹੁਣ ਤੁਸੀਂ ਕਿਸੇ ਵੀ ਥਾਂ ਤੇ ਚਲੇ ਜਾਓ ਤੁਹਾਨੂੰ ਮਨ ਪਸੰਦ ਕੱਚਾ ਮਾਸ ਕੋਠੀਆਂ ਤੇ ਹੋਟਲਾਂ ਵਿੱਚ ਮਿਲ ਸਕਦਾ ਹੈ। ਤੁਹਾਡੇ ਸੰਗ ਸ਼ਰਮ ਨਾ ਹੋਵੇ ਤਾਂ ਚੰਗੀ ਗੱਲ ਹੈ, ਤੁਹਾਡੇ ਕੋਲ ਗਾਂਧੀ ਦੇ ਨੋਟ ਹੋਣੇ ਚਾਹੀਦੇ ਹਨ। ਇਹ ਸਭ ਕੁੱਝ ਪੁਲਿਸ ਪ੍ਰਸ਼ਾਸਨ ਦੇ ਨੱਕ ਹੇਠ ਸ਼ਰੇਆਮ ਹੋਈ ਜਾ ਰਿਹਾ ਹੈ। ਦੇਹ ਵਪਾਰ ਦੇ ਧੰਦੇ ਵਿੱਚ ਪੁਲਿਸ ਪ੍ਰਸ਼ਾਸਨ ਤੇ ਧੰਦਾ ਕਰਨ ਵਾਲੇ ਬਹੁਤ ਇਮਾਨਦਾਰ ਹਨ। ਉਹਨਾਂ ਵਲੋਂ ਇੱਕ ਦੂਜੇ ਦਾ ਖ਼ਿਆਲ ਰੱਖਿਆ ਜਾਂਦਾ ਹੈ। ਕਿਉਂਕਿ ਹਰ ਧੰਦਾ ਇਮਾਨਦਾਰੀ ਤੇ ਵਿਸ਼ਵਾਸ ਨਾਲ ਚੱਲਦਾ ਹੈ। ਉਹ ਭਾਵੇਂ ਨਕਲੀ ਤੇ ਜ਼ਹਿਰੀ ਧੰਦਾ ਹੋਵੇ। ਕਿਉਂਕਿ ਇਸ ਧਰਤੀ ਤੇ ਹਰ ਕੋਈ ਵਿਕਾਊ ਮਾਲ ਬਣਿਆ ਹੋਇਆ ਹੈ। ਤੁਸੀਂ ਖਰੀਦਣ ਦੀ ਸਮਰੱਥਾ ਰੱਖਦੇ ਓ ਤਾਂ ਕਿਸੇ ਨੂੰ ਵੀ ਖਰੀਦ ਸਕਦੇ ਹੋ। ਸਰਕਾਰੀ ਅਧਿਕਾਰੀ ਤੇ ਕਰਮਚਾਰੀ ਤਾਂ ਬਹੁਗਿਣਤੀ ਹਰ ਦਿਨ ਮੋਟੀ ਕਮਾਈ ਕਰਦੇ ਹਨ। ਜਿਹੜੇ ਇਮਾਨਦਾਰੀ ਨੂੰ ਹੱਥ ਵਿੱਚ ਰੱਖਦੇ ਹਨ, ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਬਦਲੀ ਤੇ ਖੂੰਜੇ ਲਗਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਹੁਣ ਨੋਟਾਂ ਦੀ ਬਰਸਾਤ ਹੁੰਦੀ ਹੈ, ਇਸ ਬਰਸਾਤ ਵਿੱਚ ਕੌਣ ਭਿੱਜਦਾ ਹੈ ਤੇ ਇਸ ਦੇ ਉਲਟ ਕੌਣ ਸੋਕੇ ਵਰਗੀਆਂ ਅਲਾਮਤਾਂ ਨੂੰ ਜਰਦਾ ਹੈ, ਇਹ ਤਾਂ ਉਹੀ ਜਾਣਦੇ ਹਨ ਜੀਹਨਾਂ ਦੇ ਨਾਲ ਬੀਤਦੀ ਹੈ। ਜਦੋਂ ਸੁਰੱਖਿਆ ਬਲ ਹੀ ਦੁਸ਼ਮਣ ਬਣ ਜਾਣ ਤਾਂ ਸੁਰੱਖਿਆ ਲਈ ਆਖਿਆ ਜਾ ਸਕਦਾ ਹੈ ਕਿ ਹੁਣ ਤਾਂ ਰੱਬ ਹੀ ਰਾਖਾ ਹੈ। ਰੱਬ ਪਤਾ ਨਹੀਂ ਕਿਉਂ ਚੁੱਪ ਚਾਪ ਤਮਾਸ਼ਾ ਦੇਖਣ ਲੱਗਿਆ ਹੋਇਆ ਹੈ, ਉਸਨੂੰ ਦਿਖਣਾ, ਸੁਨਣਾ ਤੇ ਬੋਲਣਾ ਕਿਉਂ ਭੁੱਲ ਗਿਆ ਹੈ। ਕੀ ਰੱਬ ਹੈ ਕਿ ਨਹੀਂ ਕਿ ਐਵੇਂ ਲੋਕ ਮਨਾਂ ਨੂੰ ਧਰਵਾਸ ਦੇਣ ਲਈ ਠੁੰਮਣਾ ਬਣਾਇਆ ਹੈ? ਇਹ ਵੀ ਕਿਹਾ ਜਾਂਦਾ ਹੈ ਕਿ ਉਹ ਦੀ ਮਰਜ਼ੀ ਬਗ਼ੈਰ ਪੱਤਾ ਨਹੀਂ ਹਿੱਲਦਾ, ਫੇਰ ਜਿਹੜੇ ਦਿਨ ਦਿਹਾੜੇ ਹੀ ਪੱਤੇ ਵਜਾਉਂਦੇ ਫਿਰਦੇ ਹਨ, ਉਹ ਕਿਉਂ ਨਹੀਂ ਦਿਖਦੇ ? ਰੱਬ ਦੀ ਹਾਲਤ ਉਸ ਕੰਨਾਂ ਤੋਂ ਬੋਲੇ ਵਰਗੀ ਹੈ ਜਿਸ ਨੂੰ ਆਪਣੇ ਕੰਮ ਦੀ ਹੀ ਗੱਲ ਸੁਣਦੀ ਹੈ, ਹੋਰ ਕੁੱਝ ਨਹੀਂ ਸੁਣਦਾ। ਇਸ ਹਾਲਤ ਵਿੱਚ ਜੇ ਕੋਈ ਮੋਟਾ ਸੰਤਰਾ ਪੀ ਕੇ ਬੋਲਦਾ ਹੈ ਤਾਂ ਉਸ ਨੂੰ ਲੋਕ ਸ਼ਰਾਬੀ ਆਖਦੇ ਹਨ। ਜਿਹੜੇ ਸੋਫ਼ੀ ਬੰਦੇ ਹਨ, ਗੁਰੂ ਵਾਲੇ ਬਣੇ ਹੋਏ ਹਨ, ਉਹ ਕਿੰਨਾਂ ਕੁ ਬੋਲਦੇ ਹਨ ਇਸ ਅੰਨ੍ਹੇ ਨਜ਼ਾਮ ਬਾਰੇ? ਉਹ ਵੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਗਾਏ ਗੀਤ ਸੁਣ ਕੇ ਨਜ਼ਾਰੇ ਲੈਂਦੇ ਹਨ। ਉਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ, ਰੋਟੀ ਤੱਤੀ ਤੇ ਠੰਢੀ ਦਾ। ਕਿਉਂਕਿ ਉਹਨਾਂ ਕੋਲ ਬਹੁਤ ਸਾਧਨ ਹਨ, ਰੇਤ ਬੱਜਰੀ ਦੀਆਂ ਖੱਡਾਂ ਤੇ ਨਸ਼ਿਆਂ ਦਾ ਕਾਰੋਬਾਰ ਹੈ। ਉਹਨਾਂ ਦੇ ਘਰਾਂ ਵਿੱਚ ਨੋਟਾਂ ਦੀ ਬਰਸਾਤ ਹੁੰਦੀ ਹੈ, ਉਹ ਭਾਵੇਂ ਅਰੋੜਾ ਹੋਵੇ, ਭੁੱਲਰ ਹੋਵੇ ਜਾਂ ਫਿਰ ਮੁੰਡੀਆ ਹੋਏ। ਫ਼ਰਕ ਤਾਂ ਆਮ ਲੋਕਾਂ ਨੂੰ ਪੈਂਦਾ ਹੈ।
ਖ਼ੈਰ ਆਪਾਂ ਵੀ ਕੀ ਲੈਣਾ ਹੈ ਇਸ ਸਿੜੀ ਸਿਆਪੇ ਤੋਂ।
ਤੁਸੀਂ ਸਿਰਹਾਣੇ ਥੱਲੇ ਬਾਂਹ ਰੱਖ ਕੇ ਸੌਂ ਜਾਓ।
ਕਿਸੇ ਨੇ ਅੰਨ੍ਹੇ ਬੋਲ਼ੇ ਨੂੰ ਆਖਿਆ ਕਿ ਸੌਂ ਜਾ, ਉਹ ਕਹਿੰਦਾ ਮੂੰਹ ਹੀ ਬੰਦ ਕਰਨਾ ਹੈ, ਸੁੱਤੇ ਪਏ ਹਾਂ। ਕਿੰਨੇ ਕੁ ਲੋਕ ਜਾਗਦੇ ਹਨ? ਹਾਲਾਤ ਦੇਖਿਆ ਲੱਗਦਾ ਹੈ ਸਭ ਸੁਖ ਦੀ ਨੀਂਦ ਸੁੱਤੇ ਪਏ ਹਨ।
ਵਾਹਿਗੁਰੂ ਭਲੀ ਕਰੇ।
+++
ਬੁੱਧ ਸਿੰਘ ਨੀਲੋਂ
9464370823











