ਨਵੀਂ ਦਿੱਲੀ, 14 ਮਈ ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਵੱਲੋਂ ਜਾਰੀ ਇਕ ਬਿਆਨ ਵਿੱਚ ਜੱਥੇ ਦੀ ਇਤਿਹਾਸਕ ਪਰੰਪਰਾ, ਜੱਥੇਦਾਰੀ ਪ੍ਰਬੰਧ ਅਤੇ ਪੰਥਕ ਇਕੱਠਾਂ ਵਿੱਚ ਜੱਥੇ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ।ਉਨ੍ਹਾਂ ਦੇ ਲਿਖਤੀ ਬਿਆਨ ਅਨੁਸਾਰ ਖਾਲਸਾ ਪੰਥ ਦੀ ਪ੍ਰਸਿੱਧ ਸੰਸਥਾ ਅਖੰਡ ਕੀਰਤਨੀ ਜੱਥੇ ਦੀ ਸਥਾਪਨਾ ਭਾਈ ਰਣਧੀਰ ਸਿੰਘ ਵੱਲੋਂ ਕੀਤੀ ਗਈ ਸੀ। ਉਨ੍ਹਾਂ ਤੋਂ ਬਾਅਦ ਬਾਓ ਮੱਲ ਸਿੰਘ ਜੱਥੇਦਾਰ ਰਹੇ, ਜਿਨ੍ਹਾਂ ਨੇ ਸੰਗਤਾਂ ਦੀ ਸਹਿਮਤੀ ਨਾਲ ਭਾਈ ਰਾਮ ਸਿੰਘ ਨੂੰ ਜੱਥੇਦਾਰ ਨਿਯੁਕਤ ਕੀਤਾ। 1978 ਦੇ ਵਿਸਾਖੀ ਸਾਕੇ ਤੋਂ ਬਾਅਦ ਭਾਈ ਰਾਮ ਸਿੰਘ ਵੱਲੋਂ “ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ” ਨੂੰ 1076 ਨੰਬਰ ਹੇਠ ਰਜਿਸਟਰ ਕਰਵਾਇਆ ਗਿਆ ਅਤੇ ਭਾਈ ਬਲਦੇਵ ਸਿੰਘ ਨੂੰ ਮੀਤ ਜੱਥੇਦਾਰ ਬਣਾਇਆ ਗਿਆ। ਭਾਈ ਰਾਮ ਸਿੰਘ ਨੇ ਆਪਣੇ ਸੰਸਾਰ ਵਿਛੋੜੇ ਤੋਂ ਪਹਿਲਾਂ ਹੀ ਜੱਥੇ ਦੀ ਜੱਥੇਦਾਰੀ ਭਾਈ ਬਲਦੇਵ ਸਿੰਘ ਨੂੰ ਸੌਂਪ ਦਿੱਤੀ ਸੀ। ਇਸ ਤੋਂ ਬਾਅਦ ਭਾਈ ਬਲਦੇਵ ਸਿੰਘ ਦੀ ਇੱਛਾ ਅਨੁਸਾਰ ਭਾਈ ਸੁਖਚੈਨ ਸਿੰਘ ਨੂੰ ਜੱਥੇ ਦੀ ਜੱਥੇਦਾਰੀ ਦੀ ਸੇਵਾ ਦਿੱਤੀ ਗਈ ਅਤੇ ਜੱਥੇ ਦਾ ਹੈੱਡਕੁਆਰਟਰ ਗੁਰਦੁਆਰਾ ਸ਼ਹੀਦ ਗੰਜ, ਬੀ ਬਲਾਕ ਰੇਲਵੇ ਕਾਲੋਨੀ, ਅੰਮ੍ਰਿਤਸਰ ਵਿਖੇ ਸਥਿਤ ਹੈ। ਭਾਈ ਸੁਖਚੈਨ ਸਿੰਘ ਨੇ ਕਿਹਾ ਕਿ ਜੱਥੇਦਾਰ ਭਾਈ ਬਲਦੇਵ ਸਿੰਘ ਅਤੇ ਜੱਥੇ ਦੇ ਹੋਰ ਪ੍ਰਤੀਨਿਧ ਸਿੰਘਾਂ ਵੱਲੋਂ ਸਮੇਂ-ਸਮੇਂ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਪੰਥਕ ਇਕੱਠਾਂ ਵਿੱਚ ਖਾਲਸਾ ਪੰਥ ਦੇ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਬੌਧਿਕ ਮਸਲਿਆਂ ਸਬੰਧੀ ਸਰਗਰਮ ਭੂਮਿਕਾ ਨਿਭਾਈ ਜਾਂਦੀ ਰਹੀ ਹੈ। ਉਨ੍ਹਾਂ ਨੇ ਭਵਿੱਖ ਵਿੱਚ ਹੋਣ ਵਾਲੀਆਂ ਸਮੂਹ ਪੰਥਕ ਇਕਤਰਤਾਵਾਂ ਵਿੱਚ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੀ ਹਾਜ਼ਰੀ ਯਕੀਨੀ ਬਣਾਉਣ ਅਤੇ ਜੱਥੇ ਅਤੇ ਭਾਈ ਰਤਿੰਦਰ ਸਿੰਘ ਇੰਦੌਰ ਨੂੰ ਲਿਖਤੀ ਸੱਦਾ ਭੇਜਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਗੈਰਹਾਜ਼ਰੀ ਵਿੱਚ ਭਾਈ ਰਤਿੰਦਰ ਸਿੰਘ ਇੰਦੌਰ ਨੂੰ ਜੱਥੇ ਦੀ ਪ੍ਰਤਿਨਿਧਤਾ ਕਰਨ ਦੇ ਅਧਿਕਾਰ ਦਿੱਤੇ ਜਾਣ ਦੀ ਜਾਣਕਾਰੀ ਵੀ ਸਾਂਝੀ ਕੀਤੀ। ਬਿਆਨ ਦੇ ਅੰਤ ਵਿੱਚ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਅਤੇ ਖਾਲਸਾਈ ਪਰੰਪਰਾਵਾਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਗਈ।












