ਭਾਈ ਨਿੱਝਰ ਕੇਸ ਦੀ ਹਰ ਸੁਣਵਾਈ ‘ਤੇ ਕੌਮ ਦੀ ਨਿਗਾਹ ਅਗਲੀ ਸੁਣਵਾਈ 8 ਤੋਂ 30 ਜੂਨ ਤੱਕ
ਨਵੀਂ ਦਿੱਲੀ 14 ਮਈ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-
ਭਾਈ ਨਰਿੰਦਰ ਸਿੰਘ ਰੰਧਾਵਾ ਅਤੇ ਭਾਈ ਗੁਰਮੀਤ ਸਿੰਘ ਤੂਰ ਨੇ ਮੀਡੀਆ ਨਾਲ ਕੀਤੀ ਗੱਲਬਾਤ ਰਾਹੀਂ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਨਾਲ ਜੁੜੇ ਸਬੂਤਾਂ ਨੂੰ ਜਨਤਕ ਨਾ ਕਰਨ ਲਈ ਸਰਕਾਰ ਵੱਲੋਂ ਕੀਤੀ ਗਈ ਅਪੀਲ ਨੇ ਸਿੱਖ ਕੌਮ ਅੰਦਰ ਗੰਭੀਰ ਚਿੰਤਾ ਅਤੇ ਰੋਸ ਪੈਦਾ ਕਰ ਦਿੱਤਾ ਹੈ। ਪੰਥਕ ਧਿਰਾਂ ਦਾ ਸਾਫ਼ ਮੰਨਣਾ ਹੈ ਕਿ ਜੇ ਮਹੱਤਵਪੂਰਨ ਸਬੂਤ ਲੋਕਾਂ ਤੋਂ ਲੁਕਾਏ ਜਾਂਦੇ ਹਨ ਤਾਂ ਇਹ ਨਿਆਂ ਪ੍ਰਕਿਰਿਆ ਦੀ ਪਾਰਦਰਸ਼ਤਾ ‘ਤੇ ਸਿੱਧਾ ਸਵਾਲ ਖੜ੍ਹਾ ਕਰਦਾ ਹੈ। ਸੱਚ ਨੂੰ ਦਬਾਉਣ ਜਾਂ ਜਾਂਚ ਨੂੰ ਗੁਪਤ ਰੱਖਣ ਦੀ ਹਰ ਕੋਸ਼ਿਸ਼ ਨਾਲ ਲੋਕਾਂ ਦਾ ਭਰੋਸਾ ਕਮਜ਼ੋਰ ਹੁੰਦਾ ਹੈ ਅਤੇ ਸਿੱਖ ਕੌਮ ਵਿੱਚ ਅਣਵਿਸ਼ਵਾਸ ਹੋਰ ਵਧਦਾ ਹੈ। ਭਾਈ ਨਰਿੰਦਰ ਸਿੰਘ ਰੰਧਾਵਾ ਅਤੇ ਭਾਈ ਗੁਰਮੀਤ ਸਿੰਘ ਤੂਰ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਇੱਕ ਵਿਅਕਤੀ ਦੇ ਕਤਲ ਦਾ ਨਹੀਂ, ਸਗੋਂ ਸਿੱਖ ਕੌਮ ਦੀ ਅਸਮੀਤਾ ਅਤੇ ਨਿਆਂ ਨਾਲ ਜੁੜਿਆ ਮਾਮਲਾ ਹੈ। ਇਸ ਲਈ ਜਾਂਚ ਪੂਰੀ ਤਰ੍ਹਾਂ ਖੁੱਲ੍ਹੀ, ਨਿਰਪੱਖ ਅਤੇ ਪਾਰਦਰਸ਼ੀ ਹੋਣੀ ਚਾਹੀਦੀ ਹੈ ਤਾਂ ਜੋ ਸੱਚਾਈ ਲੋਕਾਂ ਸਾਹਮਣੇ ਆ ਸਕੇ। ਉਨ੍ਹਾਂ ਦਸਿਆ ਕਿ ਭਾਰਤੀ ਅੰਬੈਸੀ ਮੂਹਰੇ 18 ਮਈ ਨੂੰ ਹੋਣ ਵਾਲੇ ਰੋਸ ਪ੍ਰਦਰਸ਼ਨਾਂ ਵਿੱਚ ਇਸ ਮਸਲੇ ਨੂੰ ਮੁੱਖ ਤੌਰ ‘ਤੇ ਉਠਾਇਆ ਜਾਵੇਗਾ ਅਤੇ ਸਿੱਖ ਜਥੇਬੰਦੀਆਂ ਵੱਲੋਂ ਵੱਡੇ ਪੱਧਰ ‘ਤੇ ਇਕੱਠ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਭਾਈ ਨਰਿੰਦਰ ਸਿੰਘ ਰੰਧਾਵਾ ਅਤੇ ਭਾਈ ਗੁਰਮੀਤ ਸਿੰਘ ਤੂਰ ਨੇ ਦਸਿਆ ਕਿ ਭਾਈ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਦੀ ਅਗਲੀ ਸੁਣਵਾਈ 8 ਜੂਨ ਤੋਂ 30 ਜੂਨ ਤਕ ਚਲੇਗੀ, ਜਿਸ ਦੌਰਾਨ ਅਦਾਲਤ ਵਿੱਚ ਕਈ ਮਹੱਤਵਪੂਰਨ ਪੱਖਾਂ ਅਤੇ ਸਬੂਤਾਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਪੰਥਕ ਧਿਰਾਂ ਦਾ ਕਹਿਣਾ ਹੈ ਕਿ ਕੌਮ ਦੀ ਨਿਗਾਹ ਹੁਣ ਇਸ ਸੁਣਵਾਈ ‘ਤੇ ਟਿਕੀ ਹੋਈ ਹੈ ਅਤੇ ਉਹ ਨਿਆਂ ਦੀ ਪੂਰੀ ਉਮੀਦ ਕਰਦੇ ਹਨ। ਇਸ ਦੌਰਾਨ ਭਾਈ ਨਰਿੰਦਰ ਸਿੰਘ ਰੰਧਾਵਾ ਅਤੇ ਭਾਈ ਗੁਰਮੀਤ ਸਿੰਘ ਤੂਰ ਨੇ ਦਲਜੀਤ ਦੁਸਾਂਝ ਦੇ ਕੈਲੀਫੋਰਨੀਆ ਪ੍ਰੋਗਰਾਮ ਦੌਰਾਨ ਖਾਲਿਸਤਾਨੀ ਝੰਡੇ ਲਹਿਰਾਏ ਜਾਣ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਲਜੀਤ ਦੁਸਾਂਝ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਆਦਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਦਲਜੀਤ ਦੁਸਾਂਝ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਅਮਿਤਾਭ ਬੱਚਨ ਦੇ ਪੈਰ ਛੂਹਣ ਵਾਲੀ ਘਟਨਾ ਲਈ ਖੁੱਲ੍ਹੇ ਤੌਰ ‘ਤੇ ਖੇਦ ਪ੍ਰਗਟ ਨਹੀਂ ਕਰਦੇ, ਜਿਸਨੂੰ ਸਿੱਖ 1984 ਸਿੱਖ ਕਤਲੇਆਮ ਨਾਲ ਜੁੜੀਆਂ ਯਾਦਾਂ ਅਤੇ ਭਾਵਨਾਵਾਂ ਨਾਲ ਜੋੜਦੇ ਹਨ, ਤਦ ਤੱਕ ਉਨ੍ਹਾਂ ਦੇ ਆਉਣ ਵਾਲੇ ਪ੍ਰੋਗਰਾਮਾਂ ਦਾ ਵਿਰੋਧ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਹ ਮਸਲਾ ਕਿਸੇ ਵਿਅਕਤੀ ਵਿਰੋਧ ਦਾ ਨਹੀਂ, ਸਗੋਂ ਸਿੱਖ ਕੌਮ ਦੀ ਇਤਿਹਾਸਕ ਪੀੜਾ, ਸਨਮਾਨ ਅਤੇ ਸਿਧਾਂਤਾਂ ਨਾਲ ਜੁੜਿਆ ਮਾਮਲਾ ਹੈ, ਜਿਸ ‘ਤੇ ਕੌਮ ਕਿਸੇ ਵੀ ਤਰ੍ਹਾਂ ਦੀ ਚੁੱਪ ਬਰਦਾਸ਼ਤ ਨਹੀਂ ਕਰੇਗੀ।












