ਚੰਡੀਗੜ੍ਹ, 17 ਮਈ ,ਬੋਲੇ ਪੰਜਾਬ ਬਿਊਰੋ;
ਗੈਂਗਸਟਰ ਜੱਗੂ ਭਗਵਾਨਪੁਰੀਆ (ਜਗਦੀਪ ਸਿੰਘ) ਨੂੰ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਕਤਲ ਕੇਸ ਵਿੱਚੋਂ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਅੰਮ੍ਰਿਤਸਰ ਦੇ ਐਡੀਸ਼ਨਲ ਸੈਸ਼ਨ ਜੱਜ ਸੰਜੀਵ ਕੁੰਡੀ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ। ਅਦਾਲਤ ਨੇ ਜੱਗੂ ਭਗਵਾਨਪੁਰੀਆ ਸਮੇਤ ਕੁੱਲ ਪੰਜ ਲੋਕਾਂ ਨੂੰ ਬਰੀ ਕੀਤਾ ਹੈ, ਜਦੋਂ ਕਿ ਤਿੰਨ ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਬਰੀ ਕੀਤੇ ਗਏ ਪੰਜ ਮੁਲਜ਼ਮਾਂ ਵਿੱਚ ਜੱਗੂ ਭਗਵਾਨਪੁਰੀਆ, ਬੌਬੀ ਮਲਹੋਤਰਾ, ਭੁਪਿੰਦਰ ਸਿੰਘ ਉਰਫ਼ ਸੋਨੀ ਕੰਗਲਾ, ਕਾਰਤਿਕ ਉਰਫ਼ ਘੋੜਾ ਅਤੇ ਵਰਿੰਦਰ ਸਿੰਘ ਉਰਫ਼ ਸੰਨੀ ਸ਼ਾਮਲ ਹਨ। ਜਦੋਂ ਕਿ ਇਸ ਕਤਲ ਮਾਮਲੇ ‘ਚ ਅਦਾਲਤ ਨੇ ਤਿੰਨ ਮੁਲਜ਼ਮਾਂ ਅਰੁਣ ਕੁਮਾਰ ਉਰਫ਼ ਛੂਰੀਮਾਰ, ਅੰਗਰੇਜ਼ ਸਿੰਘ ਅਤੇ ਅਮਨਪ੍ਰੀਤ ਸਿੰਘ ਉਰਫ਼ ਰਿੰਕਾ ਨੂੰ ਦੋਸ਼ੀ ਠਹਿਰਾਇਆ ਹੈ। ਗੁਰਦੀਪ ਪਹਿਲਵਾਨ ਕਤਲ ਕੇਸ ‘ਚ ਅੰਮ੍ਰਿਤਸਰ ਦੀ ਅਦਾਲਤ ਨੇ 8 ਸਾਲਾਂ ਬਾਅਦ ਫੈਸਲਾ ਸੁਣਾਇਆ ਹੈ। ਅਸਲ ‘ਚ ਗੁਰਦੀਪ ਪਹਿਲਵਾਨ ਦੀ 2 ਜੂਨ, 2018 ਨੂੰ ਰੇਲਵੇ ਰੋਡ ‘ਤੇ ਗੋਲ ਬਾਗ ਅਖਾੜੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਪਰਿਵਾਰ ਨੇ ਇਨਸਾਫ ਲਈ ਹਾਈ ਕੋਰਟ ਵਿੱਚ ਅਪੀਲ ਕਰਨ ਦੀ ਗੱਲ ਕਹੀ ਹੈ। ਦੱਸ ਦਈਏ ਕਿ 2015 ਤੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਵਿਰੁੱਧ ਕਤਲ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਸਮੇਤ 128 ਤੋਂ ਵੱਧ ਮਾਮਲੇ ਦਰਜ ਹਨ।












