ਨਵੀਂ ਦਿੱਲੀ 17 ਮਈ ,ਬੋਲੇ ਪੰਜਾਬ ਬਿਊਰੋ;
ਕੇਂਦਰੀ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ ਸੀ ਬੀ) ਨੇ ਕੈਪਟਾਗਨ ਦੀ ਤਸਕਰੀ ਵਿੱਚ ਸ਼ਾਮਲ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਲਗਪਗ 227.7 ਕਿਲੋ ਜਹਾਦੀ ਡਰੱਗ ਜ਼ਬਤ ਕੀਤੀ ਹੈ, ਜਿਸ ਦੀ ਕੀਮਤ 182 ਕਰੋੜ ਰੁਪਏ ਹੈ। ਇਸ ਸਫਲਤਾ ਦਾ ਐਲਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ‘ਐਕਸ’ ’ਤੇ ਕੀਤਾ। ਉਨ੍ਹਾਂ ਕੈਪਟਾਗਨ ਦੀ ਦੇਸ਼ ਵਿੱਚ ਹੁਣ ਤੱਕ ਦੀ ਪਹਿਲੀ ਖੇਪ ਜ਼ਬਤ ਕਰਨ ਲਈ ਐੱਨ ਸੀ ਬੀ ਦੀ ਸ਼ਲਾਘਾ ਕੀਤੀ।
ਸੂਤਰਾਂ ਅਨੁਸਾਰ, ਕੈਪਟਾਗਨ ਅਸਲ ਵਿੱਚ ਫੈਨੇਥਾਈਲਾਈਨ ਦਾ ਸਥਾਨਕ ਨਾਮ ਹੈ। ਇਹ ਸਿੰਥੈਟਿਕ ਉਤੇਜਕ ਹੈ ਜੋ 1960 ਦੇ ਦਹਾਕੇ ਵਿੱਚ ਵਿਕਸਤ ਕੀਤਾ ਗਿਆ ਸੀ। ਇਸ ਨੂੰ ਜਹਾਦੀ ਡਰੱਗ ਦਾ ਨਾਮ ਇਸ ਲਈ ਮਿਲਿਆ, ਕਿਉਂਕਿ ਕਈ ਖ਼ੁਫ਼ੀਆ ਰਿਪੋਰਟਾਂ ਅਤੇ ਦਾਅਵਿਆਂ ਮੁਤਾਬਕ ਪੱਛਮੀ ਏਸ਼ੀਆ ਦੇ ਕੁਝ ਹਿੱਸਿਆਂ ਵਿੱਚ ਸਰਗਰਮ ਕੱਟੜਪੰਥੀ ਅਤੇ ਜੰਗੀ ਖੇਤਰਾਂ ਦੇ ਨੈੱਟਵਰਕ ਇਸ ਦੀ ਵਰਤੋਂ ਅਤੇ ਤਸਕਰੀ ਨਾਲ ਜੁੜੇ ਹੋਏ ਹਨ। ਇਹ ਨਾਮ ਇਸ ਲਈ ਪ੍ਰਚਲਿਤ ਹੋਇਆ, ਕਿਉਂਕਿ ਇਸ ਨਸ਼ੇ ਦੇ ਅਸਰ ਕਾਰਨ ਇਸ ਦਾ ਸੇਵਨ ਕਰਨ ਵਾਲੇ ਲੋਕ ਲੰਮੇ ਸਮੇਂ ਤੱਕ ਜਾਗਦੇ ਰਹਿ ਸਕਦੇ ਹਨ ਅਤੇ ਉਹ ਡਰ ਤੇ ਥਕਾਵਟ ਭੁੱਲ ਜਾਂਦੇ ਹਨ। ਉਨ੍ਹਾਂ ਵਿੱਚ ਹਮਲਾਵਰ ਪ੍ਰਵਿਰਤੀ ਅਤੇ ਖ਼ਤਰਾ ਮੁੱਲ ਲੈਣ ਦਾ ਰੁਝਾਨ ਵਧ ਜਾਂਦਾ ਹੈ। ਤਣਾਅ ਵਾਲੇ ਹਾਲਾਤ ਵਿੱਚ ਵੀ ਉਹ ਲੰਮੇ ਸਮੇਂ ਤੱਕ ਲੜਾਈ ਵਰਗੀਆਂ ਗਤੀਵਿਧੀਆਂ ਜਾਰੀ ਰੱਖ ਸਕਦੇ ਹਨ।ਗ੍ਰਹਿ ਮੰਤਰੀ ਨੇ ‘ਐਕਸ’ ਉੱਤੇ ਪਾਈ ਪੋਸਟ ਵਿੱਚ ਸਖ਼ਤ ਲਹਿਜੇ ਵਿੱਚ ਕਿਹਾ, ‘‘ਮੈਂ ਦੁਹਰਾਉਂਦਾ ਹਾਂ ਕਿ ਅਸੀਂ ਭਾਰਤ ਵਿੱਚ ਦਾਖ਼ਲ ਹੋਣ ਵਾਲੇ ਜਾਂ ਸਾਡੀ ਧਰਤੀ ਨੂੰ ਟਰਾਂਜ਼ਿਟ ਰੂਟ ਵਜੋਂ ਵਰਤ ਕੇ ਦੇਸ਼ ਤੋਂ ਬਾਹਰ ਜਾਣ ਵਾਲੇ ਨਸ਼ੇ ਦੇ ਇੱਕ-ਇੱਕ ਗ੍ਰਾਮ ’ਤੇ ਸ਼ਿਕੰਜਾ ਕੱਸਾਂਗੇ। ਐੱਨ ਸੀ ਬੀ ਦੇ ਬਹਾਦਰ ਅਤੇ ਚੌਕਸ ਯੋਧਿਆਂ ਨੂੰ ਵਧਾਈ।’’












