ਲੰਬੀ 17 ਮਈ ,ਬੋਲੇ ਪੰਜਾਬ ਬਿਊਰੋ;
ਲੰਬੀ ਦੀਆਂ ਸਰਕਾਰੀ ਤੇ ਪ੍ਰਾਈਵੇਟ ਬੈਂਕ ਸ਼ਾਖਾਵਾਂ ਦੇ ਕਈ ਏ ਟੀ ਐੱਮ ਬੰਦ ਪਏ ਹਨ ਜਦਕਿ ਕੁਝ ਥਾਵਾਂ ’ਤੇ ਮਸ਼ੀਨਾਂ ਅੱਗੇ ‘ਕੈਸ਼ ਖ਼ਤਮ ਹੈ’ ਦੇ ਨੋਟਿਸ ਲੱਗੇ ਹੋਏ ਹਨ। ਬੈਂਕ ਏ ਟੀ ਐੱਮ ਵਿੱਚ 10 ਘੰਟਿਆਂ ਤੋਂ ਵੱਧ ਸਮੇਂ ਤੱਕ ਨਕਦੀ ਨਾ ਹੋਣ ’ਤੇ ਆਰ ਬੀ ਆਈ ਵੱਲੋਂ ਸਬੰਧਤ ਬੈਂਕ ’ਤੇ ਪ੍ਰਤੀ ਏ ਟੀ ਐੱਮ 10 ਹਜ਼ਾਰ ਰੁਪਏ ਤੱਕ ਜੁਰਮਾਨਾ ਮੜ੍ਹ ਦਿੱਤਾ ਜਾਂਦਾ ਹੈ। ਮਈ ਦੀ ਸ਼ੁਰੂਆਤ ਤੋਂ ਨਕਦੀ ਸੰਕਟ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਦੇ ਵੱਡੀ ਗਿਣਤੀ ਏ ਟੀ ਐੱਮ ਬੰਦ ਪਏ ਹਨ। ਪੇਂਡੂ ਖੇਤਰਾਂ ਵਿੱਚ ਨਕਦੀ ’ਤੇ ਨਿਰਭਰ ਲੋਕ ਇਸ ਕਿੱਲਤ ਕਾਰਨ ਕਾਫ਼ੀ ਪ੍ਰੇਸ਼ਾਨ ਹਨ। ਬੈਂਕਿੰਗ ਤੰਤਰ ਦਾ ਕਹਿਣਾ ਹੈ ਕਿ ਇਸ ਕਿੱਲਤ ਪਿੱਛੇ ਪੰਜਾਬ, ਹਰਿਆਣਾ ਤੇ ਉੱਤਰੀ ਰਾਜਾਂ ਵਿੱਚ ਕਣਕ ਖ਼ਰੀਦ ਸੀਜ਼ਨ ਵੀ ਵੱਡਾ ਕਾਰਨ ਹੈ। ਇਸ ਦੌਰਾਨ ਪਹਿਲੀ ਮਈ ਤੋਂ ਕਿਸਾਨਾਂ ਦੇ ਖਾਤਿਆਂ ਵਿੱਚ ਫ਼ਸਲ ਦੀ ਵੱਡੀ ਰਕਮ ਪੁੱਜੀ ਹੈ, ਜਿਸ ਨੂੰ ਜ਼ਿਆਦਾਤਰ ਖਾਤਾਧਾਰਕਾਂ ਨੇ ਤੁਰੰਤ ਨਕਦੀ ਵਜੋਂ ਕਢਵਾ ਲਿਆ। ਇਸ ਇੱਕਪਾਸੜ ਨਿਕਾਸੀ ਕਾਰਨ ਸ਼ਾਖਾਵਾਂ ਦੀ ਨਕਦੀ ਸਮਰੱਥਾ ਤੇਜ਼ੀ ਨਾਲ ਘਟ ਗਈ ਹੈ। ਪੰਜਾਬ ਐਂਡ ਸਿੰਧ ਬੈਂਕ ਦੀ ਬਾਦਲ ਸ਼ਾਖਾ ਦੇ ਪ੍ਰਬੰਧਕ ਰਵਿੰਦਰ ਕੁਮਾਰ ਨੇ ਦੱਸਿਆ ਕਿ ਪਹਿਲੀ ਮਈ ਤੋਂ ਨਕਦੀ ਕਿੱਲਤ ਦੀ ਸਮੱਸਿਆ ਵਧੀ ਹੈ।












