ਵੈਨਕੂਵਰ ‘ਚ ਕੈਨੇਡੀਅਨ ਸਿੱਖਾਂ ਵਲੋਂ ਭਾਰਤੀ ਕੌਂਸਲੇਟ ਦਾ ਘਿਰਾਓ, ਨਿੱਝਰ ਮਾਮਲੇ ‘ਚ ਕੈਨੇਡਾ ਸਰਕਾਰ ‘ਤੇ ਵੀ ਉਠਾਏ ਗਏ ਤਿੱਖੇ ਸਵਾਲ

ਨੈਸ਼ਨਲ ਪੰਜਾਬ

“ਜੇ ਕਾਤਲ ਬੇਨਕਾਬ ਹਨ ਤਾਂ ਗ੍ਰਿਫ਼ਤਾਰੀਆਂ ਕਿਉਂ ਨਹੀਂ?” — ਵੈਨਕੂਵਰ ਪ੍ਰਦਰਸ਼ਨ ‘ਚ ਗੂੰਜੇ ਸਵਾਲ

ਨਵੀਂ ਦਿੱਲੀ, 19 ਮਈ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਸ਼ਹੀਦੀ ਦਿਵਸ ਨੂੰ ਤਿੰਨ ਸਾਲ ਪੂਰੇ ਹੋਣ ਤੋਂ ਪਹਿਲਾਂ ਵੈਨਕੂਵਰ ਵਿੱਚ ਖਾਲਿਸਤਾਨ ਰੈਫਰੈਂਡਮ ਸਮਰਥਕਾਂ ਵੱਲੋਂ ਭਾਰਤੀ ਕੌਂਸਲੇਟ ਦਾ ਘਿਰਾਓ ਕਰਦੇ ਹੋਏ ਵੱਡਾ ਅਤੇ ਤਿੱਖਾ ਪ੍ਰਦਰਸ਼ਨ ਕੀਤਾ ਗਿਆ। “ਖਾਲਿਸਤਾਨ ਜ਼ਿੰਦਾਬਾਦ” ਅਤੇ “ਨਿੱਝਰ ਨੂੰ ਇਨਸਾਫ਼ ਦਿਓ” ਦੇ ਗੂੰਜਦੇ ਨਾਅਰਿਆਂ ਨਾਲ ਪੂਰਾ ਇਲਾਕਾ ਗੂੰਜ ਉੱਠਿਆ। ਭਾਈ ਰੰਧਾਵਾ ਜੋ ਕਿ ਖੁਦ ਨਿਸ਼ਾਨੇਵਤੇ ਹਨ, ਨੇ ਦੋਸ਼ ਲਗਾਇਆ ਕਿ ਭਾਰਤ ਸਰਕਾਰ ਵਿਦੇਸ਼ਾਂ ਵਿੱਚ ਰਹਿੰਦੇ ਖਾਲਿਸਤਾਨ ਸਮਰਥਕ ਸਿੱਖਾਂ ਖ਼ਿਲਾਫ਼ ਟ੍ਰਾਂਸਨੈਸ਼ਨਲ ਦਬਾਅ, ਧਮਕੀਆਂ ਅਤੇ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਸਵਾਲ ਕੀਤਾ ਕਿ ਜੇਕਰ ਕੈਨੇਡਾ ਸਰਕਾਰ ਕੋਲ ਨਿੱਝਰ ਕਤਲ ਮਾਮਲੇ ਨਾਲ ਜੁੜੇ ਸਬੂਤ ਹਨ ਤਾਂ ਫਿਰ ਮੁੱਖ ਦੋਸ਼ੀਆਂ ਖ਼ਿਲਾਫ਼ ਸਖ਼ਤ ਅਤੇ ਤੇਜ਼ ਕਾਰਵਾਈ ਕਿਉਂ ਨਹੀਂ ਹੋ ਰਹੀ? ਓਥੇ ਮੌਜੂਦ ਕਾਰਕੁਨਾਂ ਨੇ ਪੁੱਛਿਆ ਕੀ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਸਿਰਫ਼ ਬਿਆਨਾਂ ਤੱਕ ਸੀਮਿਤ ਰਹੇਗੀ.? ਨਿੱਝਰ ਕਤਲ ਮਾਮਲੇ ਦੀ ਪੂਰੀ ਸੱਚਾਈ ਦੁਨੀਆ ਸਾਹਮਣੇ ਕਦੋਂ ਆਵੇਗੀ.? ਕੀ ਕੈਨੇਡਾ ਸਰਕਾਰ ਵਿਦੇਸ਼ੀ ਦਖ਼ਲਅੰਦਾਜ਼ੀ ਖ਼ਿਲਾਫ਼ ਹੋਰ ਸਖ਼ਤ ਕਦਮ ਚੁੱਕੇਗੀ.? ਜੇਕਰ ਦੋਸ਼ ਗੰਭੀਰ ਹਨ ਤਾਂ ਅਜੇ ਤੱਕ ਪੂਰੀ ਜ਼ਿੰਮੇਵਾਰੀ ਕਿਉਂ ਤੈਅ ਨਹੀਂ ਹੋਈ.? ਭਾਈ ਨਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਸਿੱਖ ਕੌਮ ਲਈ ਇੱਕ ਵੱਡੀ ਪ੍ਰੇਰਣਾ ਬਣ ਚੁੱਕੀ ਹੈ ਅਤੇ ਖਾਲਿਸਤਾਨ ਰੈਫਰੈਂਡਮ ਦੀ ਲਹਿਰ ਹੁਣ ਦੁਨੀਆ ਭਰ ਵਿੱਚ ਹੋਰ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਕਿਹਾ “ਸਿੱਖ ਕੌਮ ਨਾ ਡਰੀ ਹੈ ਤੇ ਨਾ ਹੀ ਆਪਣੀ ਆਵਾਜ਼ ਦਬਣ ਦੇਵੇਗੀ। ਨਿੱਝਰ ਦੀ ਸ਼ਹਾਦਤ ਦਾ ਇਨਸਾਫ਼ ਲੈ ਕੇ ਰਹਾਂਗੇ।” ਪ੍ਰਦਰਸ਼ਨ ਦੌਰਾਨ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਗਈ ਕਿ ਨਿੱਝਰ ਕਤਲ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇ ਅਤੇ ਵਿਦੇਸ਼ਾਂ ਵਿੱਚ ਸਿੱਖ ਕਾਰਕੁਨਾਂ ਖ਼ਿਲਾਫ਼ ਹੋ ਰਹੇ ਦਬਾਅ ਨੂੰ ਰੋਕਣ ਲਈ ਪੱਕੀ ਨੀਤੀ ਬਣਾਈ ਜਾਵੇ। ਇਸ ਮੌਕੇ ਭਾਈ ਰੰਧਾਵਾ ਨੇ ਦਸਿਆ ਕਿ ਖਾਲਿਸਤਾਨ ਰੈਫਰੈਂਡਮ ਦੀਆਂ ਅਗਲੀਆਂ ਵੋਟਾਂ 16 ਅਗਸਤ 2026 ਨੂੰ ਇੰਡੀਆਨਾ (ਅਮਰੀਕਾ) ਅਤੇ 18 ਅਕਤੂਬਰ 2026 ਨੂੰ ਐਡਮਿੰਟਨ (ਕੈਨੇਡਾ) ਵਿੱਚ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 16 ਮਈ ਨੂੰ ਐਡਮਿੰਟਨ ਵਿੱਚ ਇੱਕ ਵਿਸ਼ਾਲ ਰੈਲੀ ਵੀ ਕੀਤੀ ਗਈ ਸੀ। ਇਸ ਵੱਡੇ ਇਕੱਠ ਵਿੱਚ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਮਨਜਿੰਦਰ ਸਿੰਘ ਖਾਲਸਾ, ਭਾਈ ਰਜਿੰਦਰ ਸਿੰਘ ਨੱਤ, ਭਾਈ ਜੈਗ ਸਿੱਧੂ, ਭਾਈ ਚਰਨਜੀਤ ਸਿੰਘ, ਭਾਈ ਦਲਜੀਤ ਸਿੰਘ ਅਤੇ ਹੋਰ ਕਈ ਸਿੱਖ ਆਗੂ ਵਿਸ਼ੇਸ਼ ਤੌਰ ‘ਤੇ ਮੌਜੂਦ ਹਾਜਿਰ ਸਨ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।