ਗੁਰਬਾਣੀ ਕੀਰਤਨ ਨੇ ਬਦਲੇ ਜੀਵਨ, ਗੁਰਸ਼ਬਦ ਯਾਤਰਾ ਬਣੀ ਸਿੱਖੀ ਪ੍ਰਚਾਰ ਦਾ ਵੱਡਾ ਸਾਧਨ : ਭਾਈ ਗੁਰਦੇਵ ਸਿੰਘ ਕੋਹਾੜਕਾ

ਨੈਸ਼ਨਲ ਪੰਜਾਬ

ਗੁਰਸ਼ਬਦ ਯਾਤਰਾ ਦਾ ਸੰਦੇਸ਼: “ਬਾਣੀ ਅਤੇ ਬਾਣੇ ਨਾਲ ਜੁੜੋ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ”

ਨਵੀਂ ਦਿੱਲੀ 21 ਮਈ (ਮਨਪ੍ਰੀਤ ਸਿੰਘ ਖਾਲਸਾ):-

ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਗੁਰਦੇਵ ਸਿੰਘ ਕੋਹਾੜਕਾ ਵੱਲੋਂ ਗੁਰਬਾਣੀ ਦੇ ਪ੍ਰਚਾਰ ਅਤੇ ਸਿੱਖੀ ਦੇ ਪ੍ਰਸਾਰ ਲਈ ਆਰੰਭ ਕੀਤੀ ਗਈ “ਗੁਰਸ਼ਬਦ ਪ੍ਰਚਾਰ ਯਾਤਰਾ” ਸੰਗਤਾਂ ਵਿਚ ਭਾਰੀ ਉਤਸ਼ਾਹ ਦਾ ਕਾਰਨ ਬਣ ਰਹੀ ਹੈ। 10 ਮਈ ਨੂੰ ਕਰਨਾਲ ਤੋਂ ਸ਼ੁਰੂ ਹੋਈ ਇਹ ਯਾਤਰਾ ਕਰਨਾਲ, ਦਿੱਲੀ, ਆਗਰਾ, ਸ਼ਿਵਪੁਰੀ, ਗੁੰਨਾ, ਭੋਪਾਲ, ਇਟਾਰਸੀ, ਬੇਤੁਲ, ਅਮਰਾਵਤੀ ਅਤੇ ਵਾਸਿਮ ਵਿਚ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੀ ਹੋਈ ਬੀਤੇ ਦਿਨ ਤਖਤ ਸ਼੍ਰੀ ਹਰਿਮੰਦਰ ਸਾਹਿਬ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਈ। ਭਾਈ ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਬਹੁਤ ਸਾਰੇ ਪ੍ਰੇਮੀਆਂ ਨੇ ਗੁਰੂ ਘਰ ਨਾਲ ਜੁੜਨ ਦਾ ਪ੍ਰਣ ਕੀਤਾ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਦੱਸਿਆ ਕਿ ਦਿੱਲੀ ਤੋਂ ਉਨ੍ਹਾਂ ਨਾਲ ਚੱਲ ਰਹੇ ਡਰਾਈਵਰ ਪਰਮਜੀਤ ਸਿੰਘ, ਜੋ ਪਤਿਤ ਜੀਵਨ ਜੀ ਰਹੇ ਸਨ, ਹਰ ਦੀਵਾਨ ਵਿਚ ਹਾਜ਼ਰੀ ਭਰਦੇ ਰਹੇ। ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਉਨ੍ਹਾਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕਰਦਿਆਂ ਵਚਨ ਕੀਤਾ ਕਿ ਹੁਣ ਤੋਂ ਗੁਰਸਿੱਖੀ ਜੀਵਨ ਅਪਣਾਉਣਗੇ ਅਤੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਅੰਮ੍ਰਿਤਧਾਰੀ ਸਿੰਘ ਬਣਣਗੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰਸ਼ਬਦ ਪ੍ਰਚਾਰ ਯਾਤਰਾ ਰਾਹੀਂ ਅਨੇਕਾਂ ਸੰਗਤਾਂ ਗੁਰਬਾਣੀ ਨਾਲ ਜੁੜ ਰਹੀਆਂ ਹਨ ਅਤੇ ਆਪਣਾ ਜੀਵਨ ਗੁਰੂ ਵਾਲਾ ਬਣਾਉਣ ਦਾ ਸੰਕਲਪ ਲੈ ਰਹੀਆਂ ਹਨ। ਭਾਈ ਗੁਰਦੇਵ ਸਿੰਘ ਨੇ ਸੰਗਤਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਹਰ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰਸਿੱਖੀ ਜੀਵਨ ਅਪਣਾਉਣਾ ਚਾਹੀਦਾ ਹੈ। ਅੰਮ੍ਰਿਤ ਛੱਕਣ ਨਾਲ ਮਨੁੱਖ ਦਾ ਜੀਵਨ ਪਵਿੱਤਰ ਹੁੰਦਾ ਹੈ, ਬਾਣੀ ਅਤੇ ਬਾਣੇ ਨਾਲ ਪ੍ਰੇਮ ਪੈਦਾ ਹੁੰਦਾ ਹੈ ਅਤੇ ਗੁਰੂ ਨਾਲ ਅਟੁੱਟ ਜੋੜ ਬਣਦਾ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਪਰਿਵਾਰਾਂ ਸਮੇਤ ਗੁਰੂ ਘਰ ਨਾਲ ਜੁੜ ਕੇ ਨਿਤਨੇਮ, ਕੀਰਤਨ ਅਤੇ ਸੇਵਾ ਵਾਲਾ ਜੀਵਨ ਅਪਣਾਇਆ ਜਾਵੇ ਤਾਂ ਜੋ ਆਉਣ ਵਾਲੀਆਂ ਪੀੜੀਆਂ ਵੀ ਸਿੱਖੀ ਸਰੂਪ ਨਾਲ ਜੁੜ ਸਕਣ। ਭਾਈ ਗੁਰਦੇਵ ਸਿੰਘ ਨੇ ਦੱਸਿਆ ਕਿ ਯਾਤਰਾ ਦੇ ਅਗਲੇ ਪੜਾਅ ਸਾਂਭਾਜੀਨਗਰ, ਸ੍ਰੀਰਾਮਪੁਰ, ਵਡੋਦਰਾ, ਅਹਿਮਦਾਬਾਦ, ਉਦੈਪੁਰ, ਅਜਮੇਰ, ਜੈਪੁਰ, ਗੁੜਗਾਉਂ, ਫਰੀਦਾਬਾਦ, ਦਿੱਲੀ ਅਤੇ ਗਾਜੀਆਬਾਦ ਹੁੰਦੇ ਹੋਏ ਰੋਹਤਕ ਵਿਖੇ ਸਮਾਪਤ ਹੋਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।