ਵਿਕਾਸ ਦੇ ਨਾਂਅ ਹੇਠ ਉਜੜਦੀ ਮਨੁੱਖਤਾ!

ਸਾਹਿਤ ਪੰਜਾਬ

ਵਿਕਾਸ ਦੇ ਨਾਂਅ ਹੇਠ ਉਜੜਦੀ ਮਨੁੱਖਤਾ!

ਅੱਜ ਦਾ ਸਮਾਂ ਇੱਕ ਅਜੀਬ ਵਿਡੰਬਨਾ ਦਾ ਸਮਾਂ ਹੈ। ਚਹੁੰ ਪਾਸੇ ਵਿਕਾਸ ਦੇ ਨਾਅਰੇ ਗੂੰਜ ਰਹੇ ਹਨ, ਪਰ ਮਨੁੱਖ ਦੀ ਜ਼ਿੰਦਗੀ ਅੰਦਰੋਂ ਖੰਡਰ ਬਣਦੀ ਜਾ ਰਹੀ ਹੈ। ਉੱਚੀਆਂ ਇਮਾਰਤਾਂ, ਚਮਕਦਾਰ ਸੜਕਾਂ, ਵੱਡੇ ਮਾਲ, ਮੈਟਰੋ ਰੇਲਾਂ ਅਤੇ ਡਿਜ਼ੀਟਲ ਇਨਕਲਾਬ ਨੂੰ ਤਰੱਕੀ ਦਾ ਨਾਂ ਦਿੱਤਾ ਜਾ ਰਿਹਾ ਹੈ, ਪਰ ਇਸ ਚਮਕ ਦੇ ਪਿੱਛੇ ਮਨੁੱਖਤਾ ਦੀ ਚੀਖ ਦੱਬੀ ਪਈ ਹੈ।ਦੱਬੀ ਹੋਈ ਚੀਕ ਦੀ ਕਿਸੇ ਨੂੰ ਵੀ ਆਵਾਜ਼ ਨਹੀਂ ਸੁਣਦੀ। ਉਹ ਖ਼ੁਦ ਹੀ ਹਾਦਸਾ ਬਣ ਕੇ ਰਹਿ ਜਾਂਦੀ ਹੈ। ਹਾਦਸਿਆਂ ਦੇ ਪਿੱਛੇ ਸਾਜ਼ਿਸ਼ਾਂ ਗ਼ਾਇਬ ਹੋ ਜਾਂਦੀਆਂ ਹਨ। ਹਰ ਹਾਦਸਾ ਰਹੱਸ ਬਣ ਕੇ ਰਹਿ ਜਾਂਦਾ ਹੈ। ਮਨੁੱਖ ਰੱਬ ਦਾ ਭਾਣਾ ਮੰਨ ਕੇ ਬਹਿ ਜਾਂਦਾ ਹੈ। ਇਸ ਨੂੰ ਵਿਕਾਸ ਆਖਿਆ ਜਾਂਦਾ ਹੈ।
ਅੱਜ ਵਿਕਾਸ ਦਾ ਅਰਥ ਮਨੁੱਖ ਦੀ ਖੁਸ਼ਹਾਲੀ ਨਹੀਂ, ਸਗੋਂ ਬਾਜ਼ਾਰ ਦੀ ਖੁਸ਼ਹਾਲੀ ਬਣ ਗਿਆ ਹੈ। ਜਿਹੜੇ ਹੱਥ ਕਿਰਤ ਕਰਦੇ ਸਨ, ਉਹ ਬੇਰੁਜ਼ਗਾਰੀ ਦੀਆਂ ਕਤਾਰਾਂ ਵਿੱਚ ਖੜੇ ਹਨ। ਜਿਹੜੇ ਖੇਤ ਰੋਟੀ ਪੈਦਾ ਕਰਦੇ ਸਨ, ਉਹ ਕਾਰਪੋਰੇਟ ਘਰਾਣਿਆਂ ਅਤੇ ਉਦਯੋਗਾਂ ਦੀ ਭੇਟ ਚੜ੍ਹ ਰਹੇ ਹਨ। ਜਿਹੜੇ ਜੰਗਲ ਮਨੁੱਖ ਨੂੰ ਸਾਹ ਦਿੰਦੇ ਸਨ, ਉਹ ਕੱਟੇ ਜਾ ਰਹੇ ਹਨ। ਦਰਿਆ ਜ਼ਹਿਰੀਲੇ ਹੋ ਗਏ ਹਨ। ਹਵਾ ਵਿੱਚ ਜ਼ਹਿਰ ਘੁਲ ਗਿਆ ਹੈ। ਮਨੁੱਖ ਨੇ ਕੁਦਰਤ ਨੂੰ ਜਿੱਤਣ ਦੀ ਹੰਕਾਰ ਵਿੱਚ ਆਪਣੇ ਹੀ ਜੀਵਨ ਦੇ ਅਧਾਰ ਤਬਾਹ ਕਰਨੇ ਸ਼ੁਰੂ ਕਰ ਦਿੱਤੇ ਹਨ।
ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਮਨੁੱਖ ਘਰਾਂ ਵਿੱਚ ਵਸਤੂਆਂ ਇਕੱਠੀਆਂ ਕਰਦਾ ਕਰਦਾ ਆਪਣੇ ਅੰਦਰ ਦੀ ਮਨੁੱਖਤਾ ਗਵਾ ਬੈਠਾ ਹੈ। ਘਰ ਹੁਣ ਘਰ ਨਹੀਂ ਰਹੇ, ਸਟੋਰ ਬਣ ਗਏ ਹਨ। ਕਮਰਿਆਂ ਵਿੱਚ ਸਾਮਾਨ ਹੈ, ਪਰ ਰਿਸ਼ਤੇ ਨਹੀਂ। ਚਿਹਰਿਆਂ ਉੱਤੇ ਮੁਸਕਰਾਹਟਾਂ ਹਨ, ਪਰ ਅੰਦਰ ਡੂੰਘੀ ਉਦਾਸੀ ਵੱਸਦੀ ਹੈ। ਮਨੁੱਖ ਮਸ਼ੀਨ ਬਣ ਗਿਆ ਹੈ। ਸਵੇਰੇ ਤੋਂ ਸ਼ਾਮ ਤੱਕ ਦੌੜਦਾ, ਥੱਕਦਾ, ਟੁੱਟਦਾ ਅਤੇ ਫਿਰ ਵੀ ਆਪਣੇ ਆਪ ਨੂੰ ਕਾਮਯਾਬ ਸਮਝਣ ਦਾ ਭਰਮ ਪਾਲਦਾ। ਉਸ ਦੀ ਕਾਮਯਾਬੀ ਐਨੀ ਕੁ ਹੁੰਦੀ ਹੈ ਕਿ ਉਸਨੂੰ ਢਿੱਡ ਭਰਨ ਲਈ ਭੋਜਨ ਮਿਲਦਾ ਹੈ। ਉਹ ਸਮਝਦਾ ਹੈ ਕਿ ਉਹ ਖੁਸ਼ ਹੈ। ਇਹ ਉਸਦੀ ਖੁਸ਼ਫਹਿਮੀ ਹੈ। ਇਸੇ ਕਰਕੇ ਉਸ ਦੀ ਸੰਵੇਦਨਾ ਮਰ ਗਈ ਹੈ। ਮਰ ਗਈ ਸੰਵੇਦਨਾ ਦਾ ਸੰਤਾਪ ਉਹ ਖ਼ੁਦ ਵੀ ਤੇ ਉਸ ਦੇ ਆਪਣੇ ਵੀ ਭੁਗਤ ਦੇ ਹਨ।
ਵਿਕਾਸ ਦੇ ਇਸ ਮਾਡਲ ਨੇ ਮਨੁੱਖ ਨੂੰ ਸੰਵੇਦਨਹੀਣ ਕਰ ਦਿੱਤਾ ਹੈ। ਇੱਕ ਪਾਸੇ ਕੁਝ ਲੋਕਾਂ ਦੀ ਦੌਲਤ ਅਸਮਾਨ ਛੂਹ ਰਹੀ ਹੈ, ਦੂਜੇ ਪਾਸੇ ਕਰੋੜਾਂ ਲੋਕ ਦੋ ਵਕਤ ਦੀ ਰੋਟੀ ਲਈ ਤਰਸ ਰਹੇ ਹਨ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਮਜ਼ਦੂਰ ਸੜਕਾਂ ਉੱਤੇ ਰੁਲ ਰਹੇ ਹਨ, ਨੌਜਵਾਨ ਡਿਗਰੀਆਂ ਹੱਥ ਵਿੱਚ ਫੜ ਕੇ ਬੇਰੁਜ਼ਗਾਰੀ ਦੇ ਹਨੇਰੇ ਵਿੱਚ ਧੱਕੇ ਖਾ ਰਹੇ ਹਨ। ਪਰ ਸੱਤਾ ਦੇ ਮਹਿਲਾਂ ਵਿੱਚ ਬੈਠੇ ਲੋਕ ਇਸਨੂੰ ਵੀ “ਵਿਕਾਸ” ਆਖ ਕੇ ਜਸ਼ਨ ਮਨਾ ਰਹੇ ਹਨ।
ਅੱਜ ਲੋਕਾਂ ਦੇ ਹੱਥਾਂ ਵਿੱਚ ਕਿਰਤ ਦੀ ਥਾਂ ਕਾਰਡ ਫੜਾ ਦਿੱਤੇ ਗਏ ਹਨ। ਹੱਕਾਂ ਦੀ ਥਾਂ ਖੈਰਾਤ ਦਿੱਤੀ ਜਾ ਰਹੀ ਹੈ। ਮਨੁੱਖ ਨੂੰ ਖੁਦਮੁਖਤਿਆਰ ਬਣਾਉਣ ਦੀ ਬਜਾਏ ਉਸਨੂੰ ਮੁਫ਼ਤ ਸਹੂਲਤਾਂ ਦਾ ਆਦੀ ਬਣਾਇਆ ਜਾ ਰਿਹਾ ਹੈ। ਇਹ ਉਹ ਸਿਆਸਤ ਹੈ ਜੋ ਭੁੱਖੇ ਮਨੁੱਖ ਨੂੰ ਰੋਟੀ ਨਹੀਂ, ਸਗੋਂ ਵਾਅਦਿਆਂ ਦਾ ਨਸ਼ਾ ਦਿੰਦੀ ਹੈ।
ਇਸ ਵਿਕਾਸ ਨੇ ਮਨੁੱਖ ਦੇ ਅੰਦਰ ਡਰ, ਗੁੱਸਾ, ਨਫ਼ਰਤ ਅਤੇ ਇਕੱਲਾਪਣ ਭਰ ਦਿੱਤਾ ਹੈ। ਅਸੀਂ ਤਕਨਾਲੋਜੀ ਵਿੱਚ ਅੱਗੇ ਵਧੇ ਹਾਂ, ਪਰ ਮਨੁੱਖੀ ਰਿਸ਼ਤਿਆਂ ਵਿੱਚ ਪਿੱਛੇ ਰਹਿ ਗਏ ਹਾਂ। ਮੋਬਾਈਲਾਂ ਨੇ ਦੁਨੀਆਂ ਨੂੰ ਨੇੜੇ ਕਰ ਦਿੱਤਾ, ਪਰ ਦਿਲਾਂ ਦੇ ਵਿਚਕਾਰ ਦੂਰੀਆਂ ਹੋਰ ਵਧ ਗਈਆਂ।
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਮਨੁੱਖ ਹੀ ਸੁਰੱਖਿਅਤ ਨਹੀਂ, ਤਾਂ ਫਿਰ ਇਹ ਵਿਕਾਸ ਕਿਸ ਲਈ ਹੈ? ਜੇ ਕਿਸਾਨ ਦੀ ਧਰਤੀ ਖੋਹ ਲਈ ਜਾਵੇ, ਮਜ਼ਦੂਰ ਦੀ ਕਿਰਤ ਲੁੱਟ ਲਈ ਜਾਵੇ, ਨੌਜਵਾਨ ਦਾ ਭਵਿੱਖ ਹਨੇਰੇ ਵਿੱਚ ਧੱਕ ਦਿੱਤਾ ਜਾਵੇ ਅਤੇ ਕੁਦਰਤ ਨੂੰ ਮਾਰ ਦਿੱਤਾ ਜਾਵੇ, ਤਾਂ ਇਹ ਤਰੱਕੀ ਨਹੀਂ।ਇਹ ਮਨੁੱਖਤਾ ਦੀ ਬਰਬਾਦੀ ਹੈ।
ਅੱਜ ਲੋੜ ਹੈ ਉਸ ਵਿਕਾਸ ਦੀ ਜੋ ਮਨੁੱਖ ਨੂੰ ਮਨੁੱਖ ਨਾਲ ਜੋੜੇ, ਜੋ ਕੁਦਰਤ ਨੂੰ ਬਚਾਏ, ਜੋ ਕਿਰਤ ਦਾ ਸਨਮਾਨ ਕਰੇ ਅਤੇ ਜੋ ਸਮਾਜ ਵਿੱਚ ਬਰਾਬਰੀ ਤੇ ਇਨਸਾਫ਼ ਪੈਦਾ ਕਰੇ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਚਮਕਦਾਰ ਸ਼ਹਿਰਾਂ ਦੇ ਵਿਚਕਾਰ ਖੜਾ ਮਨੁੱਖ ਅੰਦਰੋਂ ਸੁੱਕੇ ਰੁੱਖ ਵਾਂਗ ਖੜਾ ਹੋਵੇਗਾ—ਬੇਜਾਨ, ਬੇਹਿਸ ਅਤੇ ਪਿਆਸਾ।
ਵਿਕਾਸ ਦਾ ਅਸਲ ਮਾਪਦੰਡ ਇਮਾਰਤਾਂ ਦੀ ਉਚਾਈ ਨਹੀਂ, ਮਨੁੱਖ ਦੀ ਉਚਾਈ ਹੁੰਦੀ ਹੈ। ਜਦੋਂ ਮਨੁੱਖਤਾ ਹੀ ਉਜੜ ਜਾਵੇ, ਤਾਂ ਕੋਈ ਵੀ ਵਿਕਾਸ ਸਿਰਫ਼ ਇੱਕ ਵੱਡਾ ਧੋਖਾ ਬਣ ਕੇ ਰਹਿ ਜਾਂਦਾ ਹੈ।
ਸਰਮਾਏਦਾਰੀ ਹਮੇਸ਼ਾ ਨੌਜਵਾਨ ਪੀੜ੍ਹੀ ਨੂੰ ਭਰਮਾਉਣ ਲਈ ਸਰਗਰਮ ਰਹਿੰਦੀ ਹੈ। ਜਦੋਂ ਦਾ ਡਿਜ਼ੀਟਲ ਮੀਡੀਆ ਤੇ ਸੋਸ਼ਲ ਮੀਡੀਆ ਆਇਆ ਹੈ, ਉਦੋਂ ਤੋਂ ਨੌਜਵਾਨ ਪੀੜ੍ਹੀ ਆਪਣੇ ਦਿਮਾਗ਼ ਦੀ ਤਾਕਤ ਨੂੰ ਵਰਤਣ ਦੀ ਵਜਾਏ ਉਹ ਮੀਡੀਆ ਦੀਆਂ ਸੁਰਖੀਆਂ ਨੂੰ ਆਪਣਾ ਆਦਰਸ਼ ਮੰਨ ਕੇ ਗੁੰਮਰਾਹ ਹੁੰਦੀ ਹੈ। ਉਹ ਨਹੀਂ ਜਾਣਦੇ ਕਿ ਉਹਨਾਂ ਦੀਆਂ ਭਾਵਨਾਵਾਂ ਨੂੰ ਵਰਤਿਆ ਜਾ ਰਿਹਾ ਹੈ।
ਡਿਜ਼ੀਟਲ ਵਿਕਾਸ ਦਾ ਇਹ ਮਾਡਲ ਨੌਜਵਾਨ ਪੀੜ੍ਹੀ ਦੀ ਸੋਚ ਨੂੰ ਤਿੱਖਾ ਕਰਨ ਦੀ ਵਜਾਏ ਉਸ ਨੂੰ ਖੂੰਡਾ ਕਰਦਾ ਹੈ। ਜਿਵੇਂ ਹੜ੍ਹ ਤੇ ਭੀੜ ਦੀ ਕੋਈ ਵਿਚਾਰਧਾਰਾ ਨਹੀਂ ਹੁੰਦੀ। ਉਹ ਜਿਧਰ ਮੂੰਹ ਕਰਦੀ ਹੈ ਤਬਾਹੀ ਲਿਆਉਂਦੀ ਹੈ। ਤਬਾਹੀ ਤੋਂ ਬਾਅਦ ਉਸ ਦੇ ਕਾਰਨਾਂ ਨੂੰ ਸਮਝਣ ਦੀ ਵਜਾਏ, ਕਿਸੇ ਨਵੇਂ ਖ਼ਿਆਲ ਦੀ ਉਡੀਕ ਵਿੱਚ ਵਕਤ ਗੁਆਇਆ ਜਾਂਦਾ ਹੈ।
ਵਿਕਾਸ ਦੇ ਨਾਂਅ ਹੇਠ ਮਨੁੱਖੀ ਜੀਵਨ ਦੀ ਹੋਂਦ ਨੂੰ ਖਤਮ ਕਰਨ ਦੀ ਇਸ ਸਾਜ਼ਿਸ਼ ਨੂੰ ਸਮਝਣਾ ਇਹਨਾਂ ਸਮਿਆਂ ਵਿੱਚ ਔਖਾ ਹੈ। ਜਦੋਂ ਤੱਕ ਅਸੀਂ ਆਪਣੇ ਦਿਮਾਗ਼ ਦੀ ਤਾਕਤ ਨੂੰ ਸੰਗਠਿਤ ਨਹੀਂ ਕਰਦੇ, ਉਦੋਂ ਤੱਕ ਉਬਾਲਿਆਂ ਨਾਲ ਆਪਣੇ ਕੰਢੇ ਸਾੜਦੇ ਰਹਾਂਗੇ। ਅਸੀਂ ਆਪਣੇ ਦਿਮਾਗ਼ ਦੀ ਵਰਤੋਂ ਕਦੋਂ ਕਰਨ ਲੱਗਾਂਗੇ, ਇਹ ਸਵਾਲ ਅੱਜ ਹਰ ਨੌਜਵਾਨ ਦੇ ਸਾਹਮਣੇ ਹੈ।
++
ਬੁੱਧ ਸਿੰਘ ਨੀਲੋਂ
9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।