ਦਿੱਲੀ ਕਮੇਟੀ ਦੀਆਂ ਚੋਣਾਂ ਰੁਕਵਾਣ ਲਈ ਅਦਾਲਤ ਅੰਦਰ ਕਮੇਟੀ ਦੀ ਪੱਖਦਾਰੀ ਲਈ ਦੇਸ਼ ਦੇ ਐਡਿਸ਼ਨਲ ਸੋਲਿਸਟਰ ਜਨਰਲ ਚੇਤਨ ਸ਼ਰਮਾ ਦੀ ਪੇਸ਼ੀ ਕਿਉਂ ਹੋਈ: ਸੰਤ ਮੀਤ ਸਿੰਘ

ਨੈਸ਼ਨਲ ਪੰਜਾਬ

ਦਿੱਲੀ ਕਮੇਟੀ ਚੋਣਾਂ ਤੋਂ ਭੱਜ ਰਹੇ ਮੌਜੂਦਾ ਪ੍ਰਬੰਧਕ, ਹਾਈ ਕੋਰਟ ਦੀ ਆੜ ‘ਚ ਕੁਰਸੀ ਬਚਾਉਣ ਦੀ ਕੋਸ਼ਿਸ਼..?

ਨਵੀਂ ਦਿੱਲੀ 29 ਮਈ (ਮਨਪ੍ਰੀਤ ਸਿੰਘ ਖਾਲਸਾ):-

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲਗਾਤਾਰ ਟਾਲਣ ਲਈ ਮੁੜ ਹਾਈ ਕੋਰਟ ਦਾ ਰੁੱਖ ਕਰਨਾ ਹੁਣ ਸਿੱਖ ਸੰਗਤ ਵਿੱਚ ਗੰਭੀਰ ਸ਼ੱਕ ਅਤੇ ਗੁੱਸੇ ਦਾ ਕਾਰਨ ਬਣ ਗਿਆ ਹੈ। ਸਵਾਲ ਇਹ ਖੜਾ ਹੋ ਰਿਹਾ ਹੈ ਕਿ ਆਖਿਰ ਮੌਜੂਦਾ ਪ੍ਰਬੰਧਕ ਚੋਣਾਂ ਤੋਂ ਇੰਨੇ ਡਰੇ ਹੋਏ ਕਿਉਂ ਹਨ? ਇੰਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦਿੱਲੀ ਕਮੇਟੀ ਚੋਣਾਂ ਦੇ ਵਾਰਡ ਨੰਬਰ 32 ਤੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਉਮੀਦੁਆਰ ਭਾਈ ਸੰਤ ਮੀਤ ਸਿੰਘ ਨੇ ਕਿਹਾ ਜੇਕਰ ਪਿਛਲੇ ਸਾਲਾਂ ਦੌਰਾਨ ਮੌਜੂਦਾ ਪ੍ਰਬੰਧਕਾਂ ਵਲੋਂ ਕਮੇਟੀ ਪ੍ਰਬੰਧ ਪਾਰਦਰਸ਼ੀ, ਇਮਾਨਦਾਰ ਅਤੇ ਸੰਗਤ ਦੀ ਸੇਵਾ ਵਾਲਾ ਰਿਹਾ ਹੈ ਤਾਂ ਫਿਰ ਉਨ੍ਹਾਂ ਨੂੰ ਲੋਕਤੰਤਰਿਕ ਪ੍ਰਕਿਰਿਆ ਤੋਂ ਭੱਜਣ ਦੀ ਲੋੜ ਕਿਉਂ ਪੈ ਰਹੀ ਹੈ? ਉਨ੍ਹਾਂ ਕਿਹਾ ਸੰਗਤ ਵਿੱਚ ਚਰਚਾ ਹੈ ਕਿ ਕਮੇਟੀ ਦੇ ਮੌਜੂਦਾ ਪ੍ਰਬੰਧ ਹੇਠ ਹੋਈਆਂ ਕਥਿਤ ਆਰਥਿਕ ਅਤੇ ਪ੍ਰਸ਼ਾਸਕੀ ਬੇਨਿਯਮੀਆਂ ਹੁਣ ਉਨ੍ਹਾਂ ਦੇ ਗਲੇ ਦੀ ਫਾਂਸ ਬਣ ਚੁੱਕੀਆਂ ਹਨ। ਇਸੇ ਲਈ ਚੋਣਾਂ ਨੂੰ ਕਾਨੂੰਨੀ ਪੇਚਾਂ ਵਿੱਚ ਫਸਾ ਕੇ ਕੁਰਸੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਰੋਧੀ ਧਿਰਾਂ ਸਾਫ਼ ਕਹਿ ਰਹੀਆਂ ਹਨ ਕਿ ਜੇ ਚੋਣਾਂ ਹੋਈਆਂ ਤਾਂ ਸੰਗਤ ਹਰ ਇਕ ਪੈਸੇ ਅਤੇ ਹਰ ਇਕ ਫੈਸਲੇ ਦਾ ਹਿਸਾਬ ਮੰਗੇਗੀ। ਉਨ੍ਹਾਂ ਕਿਹਾ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਅਦਾਲਤ ਵਿੱਚ ਕਮੇਟੀ ਦੀ ਪੱਖਦਾਰੀ ਲਈ ਦੇਸ਼ ਦੇ ਐਡਿਸ਼ਨਲ ਸੋਲਿਸਟਰ ਜਨਰਲ ਚੇਤਨ ਸ਼ਰਮਾ ਦੀ ਪੇਸ਼ੀ ਕਿਉਂ ਹੋਈ? ਉਨ੍ਹਾਂ ਕਿਹਾ ਕਿ ਇੱਕ ਧਾਰਮਿਕ ਸੰਸਥਾ ਦੀਆਂ ਚੋਣਾਂ ਟਾਲਣ ਲਈ ਕੇਂਦਰ ਦੇ ਇੰਨੇ ਵੱਡੇ ਕਾਨੂੰਨੀ ਅਧਿਕਾਰੀ ਦੀ ਲੋੜ ਕਿਵੇਂ ਪੈ ਗਈ..? ਜਦਕਿ ਅਦਾਲਤ ਅੰਦਰ ਚਲ ਰਹੇ ਮਾਮਲੇ ‘ਚ ਓਹ ਕੌਈ ਧਿਰ ਹੀ ਨਹੀਂ ਹਨ। ਕੀ ਇਹ ਸਿਰਫ ਕਾਨੂੰਨੀ ਮਾਮਲਾ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਵੱਡੀ ਸਿਆਸੀ ਛਤਰੀ ਕੰਮ ਕਰ ਰਹੀ ਹੈ? ਸੰਤ ਮੀਤ ਸਿੰਘ ਨੇ ਕਿਹਾ ਕਿ ਪੰਥਕ ਹਲਕਿਆਂ ਵਿੱਚ ਇਹ ਚਰਚਾ ਤੇਜ਼ ਹੈ ਕਿ ਕੀ ਸਰਕਾਰੀ ਮਸ਼ੀਨਰੀ ਨੂੰ ਇੱਕ ਧਾਰਮਿਕ ਸੰਸਥਾ ਦੇ ਅੰਦਰੂਨੀ ਚੋਣੀ ਮਾਮਲੇ ਵਿੱਚ ਇਸ ਤਰ੍ਹਾਂ ਵਰਤਣਾ ਠੀਕ ਹੈ..? ਜਦੋਂ ਆਮ ਸੰਗਤ ਆਪਣੇ ਹੱਕਾਂ ਲਈ ਦਰ-ਦਰ ਦੀਆਂ ਠੋਕਰਾਂ ਖਾਂਦੀ ਹੈ, ਤਾਂ ਫਿਰ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਨੂੰ ਇੰਨਾ ਵੱਡਾ ਕਾਨੂੰਨੀ ਸਹਾਰਾ ਕਿਵੇਂ ਅਤੇ ਕਿਉਂ ਮਿਲ ਰਿਹਾ ਹੈ? ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਦਾ ਮਕਸਦ ਹੁਣ ਗੁਰੂ ਘਰ ਦੀ ਸੇਵਾ ਨਹੀਂ, ਸਗੋਂ ਕੁਰਸੀ ਨਾਲ ਚਿਮੜੇ ਰਹਿਣਾ ਬਣ ਗਿਆ ਹੈ। ਚੋਣਾਂ ਤੋਂ ਲਗਾਤਾਰ ਭੱਜਣਾ ਇਸ ਗੱਲ ਦਾ ਸੰਕੇਤ ਹੈ ਕਿ ਪ੍ਰਬੰਧਕਾਂ ਨੂੰ ਸੰਗਤ ਦੀ ਅਦਾਲਤ ‘ਤੇ ਭਰੋਸਾ ਨਹੀਂ ਰਿਹਾ। ਜੇਕਰ ਸਭ ਕੁਝ ਠੀਕ ਹੈ ਤਾਂ ਫਿਰ ਸੰਗਤ ਦੇ ਸਾਹਮਣੇ ਜਾਣ ਤੋਂ ਡਰ ਕਿਉਂ? ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਅਦਾਲਤ ਕੋਲੋਂ ਮੰਗ ਕੀਤੀ ਕਿ ਦਿੱਲੀ ਕਮੇਟੀ ਚੋਣਾਂ ਤੁਰੰਤ ਕਰਵਾਈਆਂ ਜਾਣ ਅਤੇ ਪਿਛਲੇ ਕਾਰਜਕਾਲ ਦੌਰਾਨ ਹੋਏ ਸਾਰੇ ਆਰਥਿਕ ਅਤੇ ਪ੍ਰਸ਼ਾਸਕੀ ਫੈਸਲਿਆਂ ਦਾ ਵਾਈਟ ਪੇਪਰ ਵੀ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਸੰਗਤ ਦਾ ਮੰਨਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਕਮੇਟੀ ਦੇ ਪ੍ਰਬੰਧਕ ਅਦਾਲਤਾਂ ਦੇ ਪਿੱਛੇ ਲੁਕਣ ਦੀ ਬਜਾਏ ਸਿੱਧਾ ਸੰਗਤ ਦੇ ਦਰਬਾਰ ਵਿੱਚ ਆ ਕੇ ਆਪਣੇ ਕੰਮਾਂ ਦਾ ਹਿਸਾਬ ਦੇਣ। ਅੰਤ ਵਿਚ ਸੰਤ ਮੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਇਹ ਜਾਣਨਾ ਚਾਹੁੰਦੀ ਹੈ ਕਿ ਆਖਿਰ ਚੋਣਾਂ ਤੋਂ ਇੰਨੀ ਘਬਰਾਹਟ ਕਿਉਂ ਹੈ, ਕੁਰਸੀ ਖਿਸਕਣ ਦਾ ਡਰ ਹੈ ਜਾਂ ਫਿਰ ਸੱਚ ਸਾਹਮਣੇ ਆਉਣ ਦਾ.?

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।