ਮੋਹਾਲੀ, 31 ਮਈ ,ਬੋਲੇ ਪੰਜਾਬ ਬਿਊਰੋ;
ਨਗਰ ਨਿਗਮ ਚੋਣ ਵਿੱਚ ਵਾਰਡ ਨੰਬਰ 41 ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਪ੍ਰੀਤ ਸਿਟੀ ਸੈਕਟਰ-86 ਵਿਖੇ ਕਰਵਾਏ ਗਏ ਵਿਜੇ ਉਤਸਵ ਸਮਾਗਮ ਦੌਰਾਨ ਕੌਂਸਲਰ ਗੁਰਪ੍ਰੀਤ ਕੌਰ ਉੱਭਾ ਅਤੇ ਉਨ੍ਹਾਂ ਦੇ ਪਤੀ ਹਰਦੇਵ ਸਿੰਘ ਉੱਭਾ, ਸੂਬਾਈ ਪ੍ਰੈੱਸ ਸਕੱਤਰ ਭਾਜਪਾ ਪੰਜਾਬ ਨੇ ਇਲਾਕਾ ਨਿਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਗੁਰਪ੍ਰੀਤ ਕੌਰ ਉੱਭਾ ਨੇ ਕਿਹਾ ਕਿ ਪ੍ਰੀਤ ਸਿਟੀ ਸੈਕਟਰ-86 ਦੇ ਨਿਵਾਸੀਆਂ ਨੇ ਉਨ੍ਹਾਂ ‘ਤੇ ਜੋ ਵਿਸ਼ਵਾਸ ਜਤਾਇਆ ਹੈ, ਉਹ ਉਸ ਵਿਸ਼ਵਾਸ ‘ਤੇ ਪੂਰੀ ਤਰ੍ਹਾਂ ਖਰਾ ਉਤਰਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਸੈਕਟਰ ਦੇ ਲੋਕਾਂ ਨੂੰ ਦਰਪੇਸ਼ ਹਰ ਸਮੱਸਿਆ ਦੇ ਹੱਲ ਲਈ ਉਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਪ੍ਰੀਤ ਸਿਟੀ ਸੈਕਟਰ-86 ਦੇ ਨਿਵਾਸੀਆਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਅਤੇ ਗੁਰਪ੍ਰੀਤ ਕੌਰ ਉੱਭਾ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਉਹ ਵਿਧਾਇਕ, ਸੰਸਦ ਮੈਂਬਰ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮੁੱਖ ਮੰਤਰੀ ਤੱਕ ਹਰ ਦਰਵਾਜ਼ੇ ‘ਤੇ ਜਾ ਕੇ ਇਲਾਕਾ ਵਾਸੀਆਂ ਦੀ ਆਵਾਜ਼ ਬੁਲੰਦ ਕਰਨਗੇ।
ਉਨ੍ਹਾਂ ਕਿਹਾ ਕਿ ਪ੍ਰੀਤ ਸਿਟੀ ਸੈਕਟਰ-86 ਦੇ ਅਣ-ਅਪ੍ਰੂਵਡ ਪਲਾਟਾਂ, ਬੁਨਿਆਦੀ ਸਹੂਲਤਾਂ, ਸੜਕਾਂ, ਸੀਵਰੇਜ, ਪੀਣ ਵਾਲੇ ਪਾਣੀ ਅਤੇ ਹੋਰ ਜਨਤਕ ਮੁੱਦਿਆਂ ਦੇ ਹੱਲ ਲਈ ਤਰਜੀਹੀ ਆਧਾਰ ‘ਤੇ ਕੰਮ ਕੀਤਾ ਜਾਵੇਗਾ।
ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਨਿਵਾਸੀਆਂ ਨੇ ਹਾਜ਼ਰੀ ਭਰੀ ਅਤੇ ਨਵ-ਚੁਣੀ ਕੌਂਸਲਰ ਗੁਰਪ੍ਰੀਤ ਕੌਰ ਉੱਭਾ ਨੂੰ ਵਧਾਈ ਦਿੰਦਿਆਂ ਆਪਣੇ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ।












