ਚੰਡੀਗੜ੍ਹ, 8 ਜੂਨ ,ਬੋਲੇ ਪੰਜਾਬ ਬਿਊਰੋ;
ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦਾ ਇੱਕ ਵਫਦ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਡੀ.ਐੱਸ.ਈ (ਸੈਕੰਡਰੀ) ਨੂੰ ਮਿਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਵਿੱਚ ਪ੍ਰੋਮੋਟ ਹੋਣ ਲਈ ਆਈਆਂ ਲਿਸਟਾਂ ਵਿੱਚ ਵੱਡੀ ਗੜਬੜੀ ਹੋਈ ਹੈ।
ਅਨੇਕਾਂ ਸੀਨੀਅਰ ਅਧਿਆਪਕਾਂ ਨੂੰ ਲਿਸਟਾਂ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। 25-25 ਸਾਲ ਤੋਂ ਪ੍ਰੋਮੋਸ਼ਨਾਂ ਦੀ ਉਡੀਕ ਕਰ ਰਹੇ ਅਧਿਆਪਕ ਇੱਕ ਵਾਰ ਫੇਰ ਪ੍ਰੋਮੋਸ਼ਨ ਤੋਂ ਵਾਂਝੇ ਹੋ ਗਏ। ਆਗੂਆਂ ਨੇ ਕਿਹਾ ਕਿ ਜਥੇਬੰਦੀ ਨੇ ਡੀ.ਐੱਸ.ਈ (ਸੈਕੰਡਰੀ) ਨੂੰ ਜ਼ੋਰ ਦੇ ਕੇ ਕਿਹਾ ਕਿ ਪ੍ਰੋਮੋਸ਼ਨ ਲਿਸਟਾਂ ‘ਚੋਂ ਰਹਿ ਗਏ ਸੀਨੀਅਰ ਅਧਿਆਪਕਾਂ ਨੂੰ ਲਿਸਟਾਂ ਵਿੱਚ ਸ਼ਾਮਿਲ ਕੀਤਾ ਜਾਵੇ।
ਜਥੇਬੰਦੀ ਦੇ ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ, ਪ੍ਰੈਸ ਸਕੱਤਰ ਲਖਵੀਰ ਹਰੀਕੇ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਦੱਸਿਆ ਕਿ 2024 ਵਿੱਚ ਪ੍ਰੋਮੋਟ ਹੋਏ ਲੈਕਚਰਾਰਾਂ ਨੂੰ ਬਦਲੀ ਦਾ ਵਿਸ਼ੇਸ਼ ਮੌਕਾ ਦੇਣ, ਬਦਲੀਆਂ ਦਾ ਡਾਟਾ ਦਰੁਸਤ ਕਰਵਾਉਣ ਦਾ ਸਮਾਂ ਦੇਣ, ਐੱਨ.ਐੱਸ.ਕਿਉ.ਐੱਫ. ਅਤੇ ਕੱਚੇ ਅਧਿਆਪਕਾਂ ਦੀਆਂ ਬਦਲੀਆਂ ਦਾ ਮੌਕਾ ਦੇਣ, ਈਡੀਐੱਸ 83/84 ਦੀ ਗ੍ਰਾਂਟ ਦੀ ਰਕਮ ਜ਼ਾਰੀ ਕਰਨ, ਸਮਗਰਾ ਗ੍ਰਾਂਟ ਜ਼ਾਰੀ ਕਰਨ, ਅਤੇ ਚਾਈਲਡ ਕੇਅਰ ਤੇ ਵਿਦੇਸ਼ ਛੁੱਟੀ ਦੇ ਕੇਸ ਕਲੀਅਰ ਕਰਨ,ਐਸ.ਐਸ.ਏ. /ਰਮਸਾ ਤੋਂ ਵਿਭਾਗ ‘ਚ ਆਏ ਅਧਿਆਪਕਾਂ ਦੀਆਂ ਅਚਨਚੇਤ ਛੁੱਟੀਆਂ ਸਰਵਿਸ ਅਨੁਸਾਰ ਦੇਣ, ਵਰਦੀਆਂ ਦੀ ਗ੍ਰਾਂਟ ਵਿੱਚ ਵਾਧਾ ਕਰਨ, ਪੜਾਈ ਨੂੰ ਮੁੱਖ ਰੱਖਦਿਆਂ ਜਨ ਗਣਨਾ, ਐੱਸ.ਆਈ.ਆਰ. ਅਤੇ ਡਰੱਗ ਸਰਵੇ ਨੂੰ ਕੱਟਣ, ਅਤੇ 3582 ਅਧਿਆਪਕਾਂ ਦੀ ਨੋਸ਼ਨਲ ਜੋਇਨਿੰਗ ਦਾ ਪੱਤਰ ਜ਼ਾਰੀ ਕਰਨ ਦੀ ਮੰਗ ਕੀਤੀ।
ਉਪਰੋਕਤ ਮਸਲਿਆਂ ‘ਤੇ ਸਹਿਮਤੀ ਪ੍ਰਗਟਾਉਂਦਿਆਂ ਡੀ.ਐੱਸ.ਈ ਨੇ ਇਹਨਾਂ ਮਸਲਿਆਂ ਨੂੰ ਵਿਚਾਰਨ ਦਾ ਭਰੋਸਾ ਦਿੱਤਾ। ਇਸ ਮੌਕੇ ਬਲਜਿੰਦਰ ਬਠਿੰਡਾ, ਹਰਜੀਤ ਜੀਦਾ, ਸਵਰਨ ਦਾਸ, ਗੁਰਪ੍ਰੀਤ ਸਿੰਘ ਮਾਨਸਾ, ਕੁਲਦੀਪ ਸਿੰਘ ਅੱਕਾਵਾਲੀ, ਜਸਵਿੰਦਰ ਸਿੰਘ ਮਾਨਸਾ, ਸੁਰਿੰਦਰ ਸੇਤੀਆ, ਲਵਕਰਨ ਸਿੰਘ, ਨਵਕਿਰਨ ਸਿੰਘ, ਅਤੇ ਡਾ: ਅਵਤਾਰ ਦੀਪ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਹਾਜ਼ਰ ਸਨ।












