ਜਥੇਦਾਰ ਜਾਂ ਪੰਜ ਪਿਆਰਿਆਂ ਕੋਲ ਕੀਤੀ ਆਤਮ- ਸਵੀਕਾਰੋਕਤੀ ਅਦਾਲਤਾਂ ਤੱਕ ਪਹੁੰਚੇਗੀ ਤਾਂ ਕਿਵੇਂ ਬਚੇਗੀ ਪੰਥਕ ਮਰਿਆਦਾ ?: ਰਤਿੰਦਰ ਸਿੰਘ ਇੰਦੌਰ

ਨੈਸ਼ਨਲ ਪੰਜਾਬ

ਗਿਆਨੀ ਰਘਵੀਰ ਸਿੰਘ ਧਰਮ ਧ੍ਰੋਹ ਦੇ ਦੋਖੀ, ਪੰਥਕ ਮਰਿਆਦਾ ਤਹਿਤ ਸਖ਼ਤ ਸਜ਼ਾ ਦੇ ਹਕ਼ਦਾਰ

ਨਵੀਂ ਦਿੱਲੀ, 12 ਜੂਨ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):–

ਸਿੱਖ ਪੰਥ ਵਿੱਚ ਆਤਮ-ਸਵੀਕਾਰੋਕਤੀ ਅਤੇ ਧਾਰਮਿਕ ਗੁਪਤਤਾ ਦੀ ਪਰੰਪਰਾ ਸਦੀਆਂ ਤੋਂ ਕਾਇਮ ਰਹੀ ਹੈ। ਇਸ ਸਬੰਧੀ ਸਮਾਜਿਕ ਚਿੰਤਕ ਅਤੇ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਬੁਲਾਰੇ ਭਾਈ ਰਤਿੰਦਰ ਸਿੰਘ ਇੰਦੌਰ ਨੇ ਕਿਹਾ ਕਿ ਜਿਵੇਂ ਇਸਾਈ ਧਰਮ ਵਿੱਚ ਪਾਦਰੀ ਅੱਗੇ ਕੀਤੀ ਗਈ ਸਵੀਕਾਰੋਕਤੀ ਨੂੰ ਕਦੇ ਵੀ ਸੰਸਾਰੀ ਅਦਾਲਤਾਂ ਵਿੱਚ ਵਿਅਕਤੀ ਦੇ ਖ਼ਿਲਾਫ਼ ਨਹੀਂ ਵਰਤਿਆ ਗਿਆ, ਉਸੇ ਤਰ੍ਹਾਂ ਸਿੱਖ ਧਰਮ ਵਿੱਚ ਵੀ ਪੰਜ ਪਿਆਰਿਆਂ ਜਾਂ ਤਖ਼ਤਾਂ ਦੇ ਜਥੇਦਾਰਾਂ ਅੱਗੇ ਕੀਤੀ ਗਈ ਭੁੱਲ ਦੀ ਸਵੀਕਾਰੋਕਤੀ ਹਮੇਸ਼ਾ ਗੁਪਤ ਅਤੇ ਮਰਿਆਦਿਤ ਮੰਨੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਾਨੂੰਨ ਵਿੱਚ ਵੀ ਪੁਲਿਸ ਅੱਗੇ ਧਾਰਾ 161 ਤਹਿਤ ਦਿੱਤੇ ਬਿਆਨ ਨੂੰ ਅਦਾਲਤ ਵਿੱਚ ਸਬੂਤ ਵਜੋਂ ਸਵੀਕਾਰ ਨਹੀਂ ਕੀਤਾ ਜਾਂਦਾ। ਧਾਰਾ 164 ਤਹਿਤ ਮੈਜਿਸਟ੍ਰੇਟ ਅੱਗੇ ਦਰਜ ਬਿਆਨ ਵੀ ਤਦ ਹੀ ਮੰਨਿਆ ਜਾਂਦਾ ਹੈ ਜਦੋਂ ਇਹ ਸਾਬਤ ਹੋ ਜਾਵੇ ਕਿ ਉਹ ਕਿਸੇ ਦਬਾਅ, ਲਾਲਚ ਜਾਂ ਸਾਜ਼ਿਸ਼ ਦੇ ਅਧੀਨ ਨਹੀਂ ਦਿੱਤਾ ਗਿਆ। ਭਾਈ ਰਤਿੰਦਰ ਸਿੰਘ ਇੰਦੌਰ ਨੇ ਕਿਹਾ ਕਿ ਟਾਡਾ, ਪੋਟਾ ਅਤੇ ਯੂਏਪੀਏ ਵਰਗੇ ਕਾਨੂੰਨਾਂ ਦੀ ਆਲੋਚਨਾ ਇਸੇ ਕਾਰਨ ਹੁੰਦੀ ਰਹੀ ਹੈ ਕਿਉਂਕਿ ਇਨ੍ਹਾਂ ਵਿੱਚ ਪੁਲਿਸ ਅਧਿਕਾਰੀਆਂ ਅੱਗੇ ਦਿੱਤੇ ਬਿਆਨਾਂ ਨੂੰ ਵੀ ਸਬੂਤ ਵਜੋਂ ਮੰਨਿਆ ਜਾ ਸਕਦਾ ਹੈ। ਉਨ੍ਹਾਂ ਨੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਮਾਮਲੇ ਵਿੱਚ ਸਜ਼ਾ ਦਾ ਇੱਕ ਵੱਡਾ ਆਧਾਰ ਪੁਲਿਸ ਅਧਿਕਾਰੀ ਅੱਗੇ ਦਿੱਤਾ ਗਿਆ ਬਿਆਨ ਬਣਿਆ ਸੀ। ਉਨ੍ਹਾਂ ਕਿਹਾ ਕਿ ਜਿਵੇਂ ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਵਿਅਕਤੀ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕਦੇ ਹਨ, ਉਸੇ ਤਰ੍ਹਾਂ ਤਖ਼ਤਾਂ ਦੇ ਜਥੇਦਾਰ ਸਿੱਖ ਪੰਥ ਦੇ ਸਰਵੋਚ ਧਾਰਮਿਕ ਅਹੁਦਿਆਂ ‘ਤੇ ਬਿਰਾਜਮਾਨ ਹੁੰਦੇ ਹਨ। ਉਨ੍ਹਾਂ ਅੱਗੇ ਕੀਤੀ ਗਈ ਆਤਮ-ਸਵੀਕਾਰੋਕਤੀ ਜਾਂ ਮਾਫ਼ੀਨਾਮੇ ਨੂੰ ਸੰਸਾਰੀ ਅਦਾਲਤਾਂ ਵਿੱਚ ਵਰਤਣਾ ਉਸ ਅਹੁਦੇ ਦੀ ਮਰਿਆਦਾ ਅਤੇ ਗੁਪਤਤਾ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਦੋਸਤ ਜਾਂ ਪਰਿਵਾਰਕ ਮੈਂਬਰ ਕੋਲ ਕੋਈ ਗੱਲ ਭਰੋਸੇ ਨਾਲ ਸਾਂਝੀ ਕਰੇ ਅਤੇ ਉਹ ਵਿਅਕਤੀ ਬਾਅਦ ਵਿੱਚ ਅਦਾਲਤ ਵਿੱਚ ਜਾ ਕੇ ਉਸੇ ਗੱਲ ਨੂੰ ਉਸਦੇ ਖ਼ਿਲਾਫ਼ ਵਰਤੇ, ਤਾਂ ਸਮਾਜ ਇਸਨੂੰ ਨੈਤਿਕਤਾ ਨਹੀਂ ਮੰਨੇਗਾ। ਇਸ ਲਈ ਪੰਥ ਨੂੰ ਇਸ ਨਵੇਂ ਰੁਝਾਨ ਬਾਰੇ ਗੰਭੀਰ ਆਤਮ-ਚਿੰਤਨ ਕਰਨ ਦੀ ਲੋੜ ਹੈ। ਭਾਈ ਰਤਿੰਦਰ ਸਿੰਘ ਇੰਦੌਰ ਨੇ ਕਿਹਾ ਕਿ ਬੀਤੇ ਦਿਨੀਂ ਗਿਆਨੀ ਰਘਬੀਰ ਸਿੰਘ ਵੱਲੋਂ ਐਸਆਈਟੀ ਨੂੰ ਦਿੱਤਾ ਗਿਆ ਬਿਆਨ ਸਮੂਹ ਸਿੱਖ ਪੰਥ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੇ ਅਨੁਸਾਰ, ਸਾਬਕਾ ਜਥੇਦਾਰ ਨੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਕੋਲ ਲਿਖਤੀ ਮਾਫ਼ੀਨਾਮਾ ਪੇਸ਼ ਕੀਤਾ ਸੀ, ਜਿਸ ਨੂੰ ਉਨ੍ਹਾਂ ਨੇ ਅੱਗੇ ਅਕਾਲ ਤਖ਼ਤ ਦੇ ਜਥੇਦਾਰ ਕੋਲ ਭੇਜ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇ ਲੋੜ ਪਈ ਤਾਂ ਉਹ ਇਸ ਮਾਮਲੇ ਵਿੱਚ ਸੰਸਾਰੀ ਅਦਾਲਤ ਵਿੱਚ ਗਵਾਹੀ ਦੇਣ ਲਈ ਵੀ ਤਿਆਰ ਹਨ। ਭਾਈ ਰਤਿੰਦਰ ਸਿੰਘ ਇੰਦੌਰ ਨੇ ਕਿਹਾ ਕਿ ਇਸ ਬਿਆਨ ਨੇ ਪੰਥ ਦੇ ਸਚੇਤ ਅਤੇ ਜਾਗਰੂਕ ਵਰਗ ਨੂੰ ਗੰਭੀਰ ਤੌਰ ‘ਤੇ ਝੰਜੋੜਿਆ ਹੈ। ਉਨ੍ਹਾਂ ਦੇ ਅਨੁਸਾਰ, ਕਿਸੇ ਤਖ਼ਤ ਦੇ ਜਥੇਦਾਰ ਵੱਲੋਂ ਆਪਣੇ ਕੋਲ ਪੇਸ਼ ਕੀਤੇ ਗਏ ਮਾਫ਼ੀਨਾਮੇ ਜਾਂ ਆਤਮ-ਸਵੀਕਾਰੋਕਤੀ ਦੇ ਆਧਾਰ ‘ਤੇ ਸੰਸਾਰੀ ਅਦਾਲਤ ਵਿੱਚ ਗਵਾਹੀ ਦੇਣ ਦੀ ਇੱਛਾ ਪ੍ਰਗਟ ਕਰਨਾ ਬੇਮਿਸਾਲ ਅਤੇ ਚਿੰਤਾਜਨਕ ਘਟਨਾ ਹੈ। ਅੰਤ ਵਿੱਚ ਉਨ੍ਹਾਂ ਨੇ ਸਿੱਖ ਪੰਥ ਨੂੰ ਇਸ ਮਾਮਲੇ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।