ਓਧਰੋਂ ਰੁਮਾਲ ਹਿੱਲਿਆ,
ਮੇਰੀ ਇਧਰੋਂ ਉਡੀ ਫੁਲਕਾਰੀ !
ਜਦੋਂ ਇਹ ਬੋਲੀ ਬਣੀ ਸੀ ਉਦੋਂ ਪਿਆਰ ਦੇ ਇਹੋ ਹੀ ਸੰਚਾਰ ਸਾਧਨ ਹੁੰਦੇ ਸਨ। ਇਨ੍ਹਾਂ ਸੰਚਾਰ ਸਾਧਨਾਂ ਤੋਂ ਅੱਗੇ ਦੀ ਗੱਲ ਹੋਰ ਵੀ ਹੁੰਦੀ ਸੀ । ਜਿਸਨੂੰ ਵਾਰਿਸ ਸ਼ਾਹ ਆਪਣੀ ਜਗਤ ਪ੍ਰਸਿੱਧ ਹੀਰ ਵਿੱਚ ਲਿਖਦਾ ਹੈ !
ਜੀਹਨੂੰ ਯਾਦ ਕਰੀਏ ਉਹ ਯਾਦ ਕਰਦਾ
ਵਾਰਿਸ ਦਿਲਾਂ ਨੂੰ ਦਿਲਾਂ ਵਿੱਚ ਰਾਹ ਹੁੰਦੇ !
ਹੁਣ ਤਾਂ ਜਿਵੇਂ ਕੈਨੇਡਾ ਤੇ ਯੂ ਕੇ ਦੇ ਵਿੱਚ ਤਿੰਨ ਡਬਲਿਊਜ਼ ਦੀ ਬਹੁਤ ਮਹੱਤਤਾ ਹੈ। ਇਹ ਤਿੰਨ ਸ਼ਬਦ( ਵੋਮੈਨ) ਔਰਤ, (ਵਰਕ) ਨੌਕਰੀ ਤੇ( ਵੈਦਰ) ਮੌਸਮ ਹਨ। ਇਹਨਾਂ ਦਾ ਕੋਈ ਵੀ ਵਿਸਵਾਸ਼ ਨਹੀਂ ਕਿ ਤੁਹਾਨੂੰ ਕਿਸਨੇ ਧੋਖਾ ਦੇ ਜਾਣਾ ਹੈ ਪਰ ਫੇਰ ਵੀ ਉਥੇ ਜ਼ਿੰਦਗੀ ਚੱਲੀ ਜਾ ਰਹੀ ਹੈ। ਇਥੇ ਇਹ ਗੱਲ ਨਹੀਂ ਜੋ ਪੰਜਾਬ ਦੇ ਵਿੱਚ ਹੈ, ਇੰਗਲੈਂਡ ਦਾ ਗੁਲਾਮ ਰਿਹਾ ਹੈ। ਗੁਲਾਮੀ ਦਾ ਅਹਿਸਾਸ ਸਾਡੇ ਖੂਨ ਵਿੱਚ ਹੈ। ਪੰਜਾਬ ਦੇ ਜਦ ਗਦਰੀ ਬਾਬਿਆਂ ਨੇ ਅੰਗਰੇਜ਼ਾਂ ਦੇ ਖਿਲਾਫ਼ ਜੰਗ ਸ਼ੁਰੂ ਕੀਤੀ ਤਾਂ ਸਦੀਆਂ ਤੋਂ ਹਾਕਮਾਂ ਦੇ ਸੇਵਕ ਰਹੇ ਜਗੀਰਦਾਰ ਤੇ ਚੌਧਰੀ ਗਦਰੀ ਬਾਬਿਆਂ ਦੇ ਮੁਖਬਰ ਬਣ ਅੰਗਰੇਜ਼ਾਂ ਤੋਂ ਜ਼ਮੀਨਾਂ ਦੇ ਮੁਰੱਬੇ ਹਾਸਲ ਕਰਨ ਲੱਗੇ । ਦੇਸ਼ ਭਗਤਾਂ ਨਾਲੋਂ ਗਦਾਰਾਂ ਦੀ ਗਿਣਤੀ ਵੱਧ ਸੀ। ਚੋਰ ਚੋਰੀ ਕਰਨੋ ਹਟ ਸਕਦਾ ਪਰ ਹੇਰਾਫੇਰੀ ਤੋਂ ਨਹੀਂ ਹਟ ਸਕਦਾ। ਗਦਾਰੀ ਤੇ ਚੋਰੀ ਖਾਨਦਾਨੀ ਬਣ ਜਾਂਦੀ ਹੈ ਜਿਵੇਂ ਕੋਈ ਬੀਮਾਰੀ ਸੱਤ ਪੀੜ੍ਹੀਆਂ ਨਹੀਂ ਜਾਂਦੀ ਇਹੋ ਹਾਲ ਗਦਾਰ ਦਾ ਹੁੰਦਾ ਹੈ। ਗੱਲ ਸਮਝਣ ਲਈ ਆ ਰਾਜਸਥਾਨ ਦੀ ਲੋਕ ਕਥਾ ਸੁਣ ਲਵੋ ਜਿਹੜੀ ਡਾ.ਕੁਲਦੀਪ ਸਿੰਘ ਦੀਪ ਦੀ ਵਾਲ ਚੱਕੀ ਹੈ ।
ਨਾਨਕਿਆਂ ਦੀ ਨਸਲ
ਰਾਜਸਥਾਨ ਦੀ ਮਸ਼ਹੂਰ ਦੰਦ ਕਥਾ
ਰਾਜਸਥਾਨ ਦੀ ਇਕ ਮਸ਼ਹੂਰ ਕਥਾ ਹੈ ..ਕਿ ਰਾਜਸਥਾਨ ਵਿਚ ਇਕ ਡਾਕੂ ਬੜਾ ਮਕਬੂਲ ਸੀ। ਉਨ੍ਹਾਂ ਦਿਨਾਂ ਵਿੱਚ ਰਾਜਸਥਾਨ ਵਿੱਚ ਡਾਕੂ ਬੋਤਿਆਂ ਦੇ ਉੱਪਰ ਡਾਕੇ ਮਾਰਨ ਦੀਆਂ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ।ਕਿਉਂਕਿ ਡਾਕਾ ਮਾਰ ਕੇ ਬੋਤਿਆਂ ‘ਤੇ ਭੱਜਣਾ ਆਸਾਨ ਹੁੰਦਾ ਸੀ।ਉਸੇ ਹੀ ਇਲਾਕੇ ਵਿੱਚ ਬੋਤਿਆਂ ਦਾ ਇਕ ਮਸ਼ਹੂਰ ਵਪਾਰੀ ਸੀ।ਲੋਕ ਦੂਰੋਂ ਦੂਰੋਂ ਉਸ ਕੋਲੋਂ ਬੋਤੇ ਖ਼ਰੀਦਣ ਲਈ ਆਉਂਦੇ। ਡਾਕੂ ਵੀ ਉਸ ਕੋਲੋਂ ਬੋਤੇ ਖਰੀਦਣ ਲਈ ਚਲਾ ਗਿਆ। ਦੇਖਦੇ ਦਿਖਾਉਂਦੇ ਡਾਕੂ ਨੂੰ ਇਕ ਤੇਜ਼ ਤਰਾਰ ਬੋਤੀ ਪਸੰਦ ਆ ਗਈ ਪਰ ਵਪਾਰੀ ਨੇ ਉਹ ਬੋਤੀ ਡਾਕੂ ਨੂੰ ਨਾ ਖਰੀਦਣ ਦੀ ਸਲਾਹ ਦਿੱਤੀ :
ਵਪਾਰੀ : ਮੇਰੀ ਸਲਾਹ ਮੰਨ ਤੂੰ ਇਹ ਬੋਤੀ ਨਾ ਖ਼ਰੀਦ।
ਡਾਕੂ : ਕਿਉਂ ?
ਵਪਾਰੀ : ਕਿਉਂਕਿ ਇਸ ਦੀ ਨਾਨੀ ਪਾਣੀ ਵਿੱਚ ਬੈਠਦੀ ਸੀ
ਡਾਕੂ : ਕੀ ਕਦੇ ਇਸ ਦੀ ਮਾਂ ਪਾਣੀ ਵਿਚ ਬੈਠੀ ?
ਵਪਾਰੀ : ਨਹੀਂ
ਡਾਕੂ : ਕੀ ਕਦੇ ਇਹ ਆਪ ਪਾਣੀ ਵਿਚ ਬੈਠੀ ?
ਵਪਾਰੀ : ਨਹੀਂ
ਡਾਕੂ : ਫੇਰ ਕੋਈ ਗੱਲ ਨਹੀਂ, ਇਹ ਆਪ ਕਦੇ ਪਾਣੀ ਵਿਚ ਨਹੀਂ ਬੈਠੀ ਇਸ ਦੀ ਮਾਂ ਕਦੇ ਪਾਣੀ ਵਿਚ ਨਹੀਂ ਬੈਠੀ… ਨਾਨਕਿਆਂ ਦੀ ਗੱਲ ਤਾਂ ਹੁਣ ਬਹੁਤ ਦੂਰ ਜਾ ਰਹੀ…ਮੈਂ ਇਹੀ ਬੋਤੀ ਖਰੀਦਾਂਗਾ।
ਆਖ਼ਰ ਡਾਕੂ ਨੇ ਵਪਾਰੀ ਕੋਲੋਂ ਉਹ ਬੋਤੀ ਖ਼ਰੀਦ ਲਈ।
ਕੁੱਝ ਸਮੇਂ ਬਾਅਦ ਇਕ ਦਿਨ ਡਾਕਾ ਮਾਰ ਕੇ ਭੱਜੇ ਹੋਏ ਡਾਕੂਆਂ ਦੇ ਪਿੱਛੇ ਪੁਲਸ ਪੈ ਗਈ। ਨਵੀਂ ਖਰੀਦੀ ਹੋਈ ਤੇਜ਼ ਤਰਾਰ ਬੋਤੀ ਧੂੜ ਉਡਾਉਂਦੀ ਮਾਰੂਥਲਾਂ ਨੂੰ ਚੀਰਦੀ ਜਾਵੇ। ਡਾਕੂ ਬੜਾ ਖ਼ੁਸ਼ ! ਲੰਮਾ ਪੈਂਡਾ ਤੈਅ ਕਰਨ ਪਿੱਛੋਂ ਬੋਤੀ ਨੂੰ ਰੇਗਿਸਤਾਨ ਵਿਚ ਪਾਣੀ ਦਿਖ ਗਿਆ… ਬੋਤੀ ਨੇ ਪਾਣੀ ਦੇਖਦਿਆਂ ਸਾਰ ਜ਼ਰਾ ਵੀ ਦੇਰ ਨਾ ਲਾਈ ਝੱਟ ਪਾਣੀ ਵਿੱਚ ਬੈਠ ਗਈ … ਡਾਕੂ ਨੇ ਬੋਤੀ ਨੂੰ ਬੜਾ ਉਠਾਇਆ, ਬੜਾ ਕੁੱਟਿਆ ਪਰ ਬੋਤੀ ਟੱਸ ਤੋਂ ਮੱਸ ਨਾ ਹੋਈ ….ਉਧਰ ਪੁਲਸ ਡਾਕੂ ਵੱਲ ਵਧਦੀ ਆ ਰਹੀ ਸੀ….ਆਖ਼ਰ ਪੁਲਸ ਨੇ ਆ ਕੇ ਡਾਕੂ ਦੇ ਸਿਰ ਤੇ ਰਫਲਾਂ ਤਾਣ ਲਈਆਂ … ਹੁਣ ਡਾਕੂ ਕਦੇ ਬੋਤੀ ਵੱਲ ਦੇਖਦਾ…ਕਦੇ ਵਪਾਰੀ ਦੀ ਗੱਲ ਯਾਦ ਕਰਦਾ…. ਸਾਲੀ ਨਾਨਕਿਆਂ ‘ਤੇ ਈ ਨਿੱਕਲੀ…
ਨਸਲ, ਨਸਲ ਹੀ ਹੁੰਦੀ ਐ…।
##
ਹਿੰਦੂਆਂ ਦੀ ਇਹ ਵੀ ਨੀਤੀ ਸੀ ਕਿ ਪਾੜੋ ਤੇ ਰਾਜ ਕਰੋ। ਉਨ੍ਹਾਂ ਭਾਰਤੀਆਂ ਨੂੰ ਜਾਤਾਂ ਤੇ ਫਿਰਕਿਆਂ ਵਿੱਚ ਪਾੜ ਕੇ ਰਾਜ ਕੀਤਾ ਤੇ ਗਦਾਰ ਗਦਾਰੀ ਕਰਦੇ ਰਹੇ। ਇਹੀ ਨੀਤੀ ਅੰਗਰੇਜ਼ ਹਕੂਮਤ ਨੇ ਅਪਣਾਈ,ਦੇਸ਼ ਵੰਡਿਆ ਗਿਆ। ਪੰਜਾਬ ਦੇ ਦੋ ਟੋਟੇ ਕਰ ਦਿੱਤੇ। ਅਖੌਤੀ ਆਜ਼ਾਦੀ ਆ ਗਈ। ਭਾਰਤ ਸਰਕਾਰ ਨੇ ਗਦਾਰਾਂ ਨੂੰ ਰੁਤਬੇ ਬਖ਼ਸ਼ੇ। ਦੇਸ਼ ਜੰਗ ਲੜਨ ਵਾਲੇ ਗਰੀਬ ਹੋ ਗਏ ਤੇ ਗਦਾਰ ਹਾਕਮ ਬਣ ਗਏ। ਭਾਰਤੀ ਸਟੇਟ ਦੀਆਂ ਅੱਖਾਂ ਵਿੱਚ ਪੰਜਾਬ ਤੇ ਪੰਜਾਬੀ ਰੜਕਦੇ ਹਨ। ਉਹ ਇਹਨਾਂ ਨੂੰ ਖਤਮ ਕਰਨ ਲਈ ਸਦਾ ਇਹਨਾਂ ਦੇ ਰਾਹੀ ਚਾਲਾਂ ਚੱਲਦੇ ਤੇ ਛਲਦੇ ਹਨ। ਹੁਣ ਜਿਹੜਾ ਕੰਮ ਏਜੰਸੀਆਂ ਨੇ ਕਰਨਾ ਹੁੰਦਾ ਹੈ। ਉਹ ਆਪਣੇ ਮੁਖਬਰਾਂ ਰਾਹੀ ਕਰਵਾ ਲੈਂਦੀ ਹੈ। ਹੁਣ ਫੇਰ ਦੇਸ਼ ਵਿੱਚ ਫਿਰਕੂ ਸ਼ਕਤੀਆਂ ਸਰਗਰਮ ਹਨ। ਉਹਨਾਂ ਨੇ ਆਪਣੀ ਹਕੂਮਤ ਬਰਕਰਾਰ ਰੱਖਣ ਲਈ ਦੇਸ਼ ਦੇ ਲੋਕਾਂ ਦੀਆਂ ਵੋਟਾਂ ਕੱਟ ਕੇ ਉਹਨਾਂ ਨੂੰ ਵਿਦੇਸ਼ੀ ਘੋਸ਼ਿਤ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਦੀ ਬਾਰੀ ਹੈ। ਪੰਜਾਬ ਦੇ ਲੋਕਾਂ ਧਰਮ ਦੀ ਰਾਜਨੀਤੀ ਵਿੱਚ ਉਲਝਾਇਆ ਗਿਆ ਹੈ। ਸੱਤਾਧਾਰੀ ਧਿਰ ਤੇ ਅਕਾਲੀ ਦਲ ਨੇ ਇਹ ਨਵੀਂ ਖੇਡ ਸ਼ੁਰੂ ਕਰ ਦਿੱਤੀ ਹੈ। ਬਾਦਲਕਿਆਂ ਨੇ ਸ੍ਰੀ ਆਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਸ ਸਾਜ਼ਿਸ਼ ਵਿੱਚ ਸ਼ਾਮਲ ਕਰ ਲਿਆ ਹੈ। ਸ੍ਰੀ ਆਕਾਲ ਤਖ਼ਤ ਸਾਹਿਬ ਤੋਂ ਨਵਾਂ ਹੁਕਮਨਾਮਾ ਜਾਰੀ ਕਰਵਾ ਕੇ ਮੁੱਖ ਮੰਤਰੀ ਨੂੰ ਕੌਮ ਦਾ ਦੋਖੀ ਬਣਾ ਦਿੱਤਾ ਹੈ। ਸਮੁੱਚੀ ਕੈਬਨਿਟ ਤੇ ਵਿਧਾਇਕਾਂ ਨੂੰ ਸ੍ਰੀ ਆਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਗਿਆ ਹੈ। ਇਹ ਨਵੀਂ ਰਵਾਇਤ ਸ਼ੁਰੂ ਕਰ ਦਿੱਤੀ ਗਈ ਹੈ। ਧਰਮ ਦਾ ਰਾਜਨੀਤੀ ਵਿੱਚ ਦਖ਼ਲ ਪੰਜਾਬ ਦੇ ਲੋਕਾਂ ਨੂੰ ਮਹਿੰਗਾ ਪਵੇਗਾ। ਪੰਜਾਬ ਪਹਿਲਾਂ ਹੀ ਧਰਮ ਦੀ ਰਾਜਨੀਤੀ ਵਿੱਚ ਬਹੁਤ ਕੁੱਝ ਗਵਾ ਚੁੱਕਿਆ ਹੈ।
ਸਿੱਖ ਸੰਘਰਸ਼ ਦੇ ਬਹੁਗਿਣਤੀ ਸਰਕਾਰ ਦੇ ਪਾਲੇ ਸਖਸ਼ ਅੱਜ ਵੀ ਜਿਉਦੇ ਹਨ। ਦੂਜੇ ਪਾਸੇ ਜਿਹਨਾਂ ਨੇ ਭਾਵੁਕਤਾ ਵਸ ਸੰਘਰਸ਼ ਕੀਤਾ ਉਹ ਸਭ ਮਾਰੇ ਗਏ। ਚੌਧਰੀ ਕਰੋੜ ਪਤੀ ਬਣ ਗਏ ਹਨ ਤੇ ਐਸ਼ ਕਰਦੇ ਹਨ ਤੇ ਸੱਤਾ ਦਾ ਸੁਖ ਮਾਣਦੇ ਹਨ।
ਹੁਣ ਭਾਰਤੀ ਹਾਕਮ ਅੰਗਰੇਜ਼ਾਂ ਦੀ ਨੀਤੀ ਵਰਤਦੇ ਹਨ। ਜਿਹੜਾ ਕੰਮ ਉਨ੍ਹਾਂ ਨੇ ਕਰਨਾ ਹੁੰਦਾ ਹੈ। ਸਾਡੇ ਆਪਣੇ ਕਰੀ ਜਾਂਦੇ ਹਨ। ਸੋਚਣ ਵਾਲਾ ਖਾਨਾ ਸਾਡਾ ਬੰਦ ਹੈ। ਅਸੀਂ ਪਿੱਛ ਲੱਗ ਬਹੁਗਿਣਤੀ ਵਿੱਚ ਭਾਵਨਾਵਾਂ ਵਿੱਚ ਭੜਕਣ ਵਾਲੇ ਹਾਂ ਤੇ ਪਰਵਾਨੇ ਬਣ ਸ਼ਮਾਂ ਉਤੇ ਨੱਚ ਕੇ ਮੱਚਦੇ ਹਾਂ। ਹਾਕਮ ਆਪਣੇ ਸੂਤਰਾਂ ਰਾਹੀ ਰੁਮਾਲ ਹਿਲਾ ਦੇਦਾ ਹੈ ਤੇ ਇਧਰੋ ਫੁਲਕਾਰੀ ਹਿੱਲਦੀ ਹੈ। ਹੱਕ ਤੇ ਵਿਰੋਧ ਵਿੱਚ ਜੰਗ ਸ਼ੁਰੂ ਹੁੰਦੀ ਹੈ। ਹੁਣ ਵੀ ਉਹੀ ਕੁੱਝ ਹੋ ਰਿਹਾ ਹੈ। ਦਿਮਾਗੋਂ ਪੈਦਲ ਭਾਵਨਾਵਾਂ ਦੇ ਵਸ ਜਨਤਾ ਕੁਰਬਾਨੀਆਂ ਦੇਣ ਲਈ ਪੱਬਾਂ ਭਾਰ ਹੋ ਜਾਂਦੀ ਹੈ। ਹਾਕਮ ਹੱਸਦਾ ਹੈ। ਅਸੀਂ ਆਪ ਹੀ ਆਪਣਿਆਂ ਦੇ ਸਿਰ ਪਾੜਨ ਤੇ ਉਨ੍ਹਾਂ ਦੇ ਮੁੱਲ ਰੱਖਣ ਲੱਗਦੇ ਹਾਂ।
ਪਿਆਰ, ਜੰਗ ਤੇ ਸਿਆਸਤ ਵਿੱਚ ਕੋਈ ਕਿਸੇ ਦਾ ਪੱਕਾ ਦੁਸ਼ਮਣ ਨਹੀਂ ਹੁੰਦਾ। ਮੌਕਾਪ੍ਰਸਤੀ ਭਾਰੂ ਹੁੰਦੀ ਹੈ। ਇਹਨਾਂ ਦੇ ਵਿੱਚ ਦੂਜੇ ਤੇ ਤੀਜੇ ਬਦਲ ਮਿਲ ਜਾਣ ਨਾਲ ਜਾਨ ਵਾਰਨ ਮਹਿਬੂਬ ਸੈਦੇ ਦੀ ਡੋਲੀ ਚੜ੍ਹ ਜਾਂਦੀ ਹੈ। ਆਸ਼ਕ ਰਾਝਾਂ ਚਾਰਦਾ ਰਹਿ ਜਾਂਦਾ। ਸਿਆਸੀ ਲੋਕ ਵੀ ਪੱਗ ਤੇ ਪਾਰਟੀ ਬਦਲਣ ਲੱਗਿਆ ਵਰਕਰਾਂ ਦੀਆਂ ਨਹੀਂ ਆਪਣੀਆਂ ਸੁਖ ਸਹੂਲਤਾਂ ਵੇਖਦੇ ਹਨ। ਹੁਣ ਪੰਜਾਬ ਦੇ ਵਿੱਚ ਬਹੁਗਿਣਤੀ ਦਲ ਬਦਲੂ ਆਗੂਆਂ ਦੀ ਹੈ। ਕਿਸੇ ਨੂੰ ਰਾਜ ਤੇ ਕੌਮ ਦਾ ਫਿਕਰ ਨਹੀਂ।
ਹੁਣ ਸਿਆਸੀ ਆਗੂ ਜਿਹੜੇ ਪੱਕੇ ਚੋਰ ਹਨ, ਉਹ ਗੰਗਾ ਵਿੱਚ ਨਹਾ ਕੇ ਹਾਕਮਾਂ ਦੀ ਖੁਰਲੀ ਉਤੇ ਜਾ ਰਹੇ ਹਨ। ਜਿਹੜੇ ਖਾਨਦਾਨੀ ਗਦਾਰ ਹਨ ਉਹ ਧਰਮ ਦਾ ਲਿਬਾਸ ਪਾ ਕੇ ਪੂਰਨ ਆਜ਼ਾਦੀ ਦਾ ਨਾਹਰਾ ਲਾ ਕੇ ਭਾਵਨਾਵਾਂ ਨੂੰ ਵਰਤਦੇ ਹਨ ।
ਹੁਣ ਫੇਰ ਲੋਕ ਆਪਣੇ ਆਪ ਨੂੰ ਠੱਗੇ ਗਏ ਮਹਿਸੂਸ ਦੇ ਹਨ। ਹਾਕਮ ਚਾਲਾਂ ਚੱਲ ਰਹੇ ਹਨ। ਆਪਣੇ ਬੰਦੇ ਫਿਟ ਕਰ ਰਹੇ ਹਨ ਤੇ ਅਸੀਂ ਸੇਵਾ ਭਾਵਨਾ ਦੇ ਵਿੱਚ ਸਵਰਗ ਜਾਣ ਲਈ ਕਦੇ ਢਿੱਡ ਦੇ ਭੁੱਖਿਆਂ ਦੇ ਲਈ ਤੇ ਕਦੇ ਸੱਤਾ ਦੇ ਭੁੱਖਿਆਂ ਲਈ ਲੰਗਰ ਲਗਾ ਰਹੇ ਹਾਂ। ਹਾਕਮ ਰਾਜ ਕਰੀ ਜਾ ਰਹੇ ਹਨ ਤੇ ਅਸੀਂ ਖੁਦ ਭੁੱਖ ਦੇ ਨਾਲ ਮਰੀ ਜਾ ਰਹੇ ਹਾਂ ਤੇ ਸਾਡੀ ਸੋਚਣ ਵਾਲੀ ਸੁੱਚ ਬੰਦ ਹੈ।
ਹਾਕਮ ਨੇ ਰੁਮਾਲ ਹਿਲਾਇਆ ਤੇ ਇਧਰ ਫੁਲਕਾਰੀਆਂ ਹਿੱਲਣ ਤੇ ਕਿੱਲਣ ਲੱਗੀਆਂ। ਗਾਇਕਾ ਬੀਬੀ ਰਣਜੀਤ ਕੌਰ ਦੇ ਬੋਲ ਹਵਾ ਵਿੱਚ ਗੂੰਜਣ ਲੱਗੇ ; ” ਨੀ ਉਧਰੋਂ ਰੁਮਾਲ ਹਿੱਲਿਆ ਤੇ ਮੇਰੀ ਇਧਰੋਂ ਉਡੀ ਫੁਲਕਾਰੀ !” ਗੱਲ ਸਮਝਣ ਦੀ ਹੈ ਕਿ ਕੌਣ ਰੁਮਾਲ ਹਿਲਾ ਰਿਹਾ ਹੈ ਤੇ ਕਦੋਂ ਤੱਕ ਇਹ ਰੁਮਾਲ ਹਿਲਦੇ ਰਹਿਣਗੇ ਤੇ ਅਸੀਂ ਕਠਪੁਤਲੀਆਂ ਵਾਂਗੂੰ ਤਾਂਡਵ ਨਾਚ ਨੱਚਦੇ ਰਹਾਂਗੇ ? ਪੰਜਾਬ ਦੇ ਵਿੱਚ ਲੰਗਰ ਲੱਗਦੇ ਹਨ, ਹੁਣ ਛਬੀਲਾਂ ਲਗਾਈਆਂ ਜਾ ਰਹੀਆਂ ਹਨ। ਪੰਜਾਬ ਦੇ ਵਿੱਚੋਂ ਲੋਕ ਵਿਦੇਸ਼ਾਂ ਨੂੰ ਜਾਂਦੇ ਰਹੇ ਹਨ। ਹੁਣ ਕਹਿੰਦੇ ਕੈਨੇਡਾ ਤੋਂ ਅੱਸੀ ਹਜ਼ਾਰ ਭਾਰਤੀ ਵਾਪਸ ਭੇਜਣ ਦੀਆਂ ਖ਼ਬਰਾਂ ਹਨ। ਕੀ ਬਣੇਗਾ ਉਹਨਾਂ ਦਾ ਜਿਹੜੇ ਜ਼ਮੀਨ ਤੇ ਜਾਇਦਾਦਾਂ ਵੇਚ ਕੇ ਕੈਨੇਡਾ ਪੁੱਜੇ ਸਨ, ਹੁਣ ਉਹਨਾਂ ਨੂੰ ਕੌਣ ਸੰਭਾਲੇਗਾ?
#
ਬਾਬਾ ਇਲਤੀ
94643 70823











