1 ਤੋਂ 10 ਜੁਲਾਈ ਤੱਕ ਕੀਤੇ ਜਾਣਗੇ ਮੰਤਰੀਆਂ ਦੇ ਘਿਰਾਓ ਅਤੇ 24 ਜੂਨ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਦਿੱਤੇ ਜਾਣਗੇ ਧਰਨੇ
ਚੰਡੀਗੜ੍ਹ, 21 ਜੂਨ ,ਬੋਲੇ ਪੰਜਾਬ ਬਿਊਰੋ;
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ, ਪੰਜਾਬ ਵੱਲੋਂ ਅੱਜ ਇਥੇ ਪੈਨਸ਼ਨਰ ਭਵਨ, ਲੁਧਿਆਣਾ ਵਿਖੇ ਪੰਜਾਬ ਭਰ ਦੀਆਂ ਸਮੂਹ ਮੁਲਾਜ਼ਮ ਅਤੇ ਪੈਨਸ਼ਨਰਜ਼ ਫੈਡਰੇਸ਼ਨਾ,ਐਸੋਸੀਏਸ਼ਨਾਂ, ਜਥੇਬੰਦੀਆਂ, ਆਊਟਸੋਰਸ, ਕੱਚੇ ਮੁਲਾਜ਼ਮ, ਠੇਕਾ ਮੁਲਾਜ਼ਮ, ਮਾਣ ਭੱਤਾ/ ਇਨਸੈਂਟਿਵ ਮੁਲਾਜ਼ਮ, ਐਨਪੀਐਸ ਮੁਲਾਜ਼ਮ ਅਤੇ ਹੋਰ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਸ਼ਾਮਿਲ ਹੋਏ।
ਇਸ ਮੀਟਿੰਗ ਦੌਰਾਨ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੀਆਂ ਇਕੱਤਰ ਹੋਈਆਂ ਜਥੇਬੰਦੀਆਂ ਵੱਲੋਂ ਮੀਟਿੰਗ ਕਰਕੇ ਭਵਿੱਖ ਵਿੱਚ ਸਰਕਾਰ ਵਿਰੁੱਧ ਸੰਘਰਸ਼ ਕਰਨ ਲਈ ਸਾਂਝੀ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਸਾਂਝੀ ਕੋਆਰਡੀਨੇਸ਼ਨ ਕਮੇਟੀ ਦੀ ਅਗਵਾਈ ਵਿੱਚ ਅਗਲੇ ਸੰਘਰਸ਼ਾਂ ਦਾ ਐਲਾਨ ਕਰਦਿਆਂ ਆਗੂਆਂ ਨੇ ਆਖਿਆ ਕਿ 24 ਜੂਨ 2026 ਨੂੰ ਆਪਣੇ-ਆਪਣੇ ਜ਼ਿਲ੍ਹਿਆਂ ਦੇ ਹੈੱਡਕੁਆਰਟਰਾਂ ’ਤੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਰੋਸ ਧਰਨੇ ਦਿੱਤੇ ਜਾਣਗੇ ਅਤੇ ਰੋਸ ਧਰਨਿਆ ਦੌਰਾਨ ਕੋਆਰਡੀਨੇਸ਼ਨ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ । ਅੱਜ ਦੀ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ 01 ਜੁਲਾਈ ਤੋਂ 10 ਜੁਲਾਈ ਦਰਮਿਆਨ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। 24 ਜੂਨ ਨੂੰ ਜਿਲਾ ਪੱਧਰੀ ਧਰਨਿਆਂ ਦੌਰਾਨ ਮੰਤਰੀਆਂ ਦੇ ਘਰਾਂ ਦੇ ਕਰਾਓ ਦੀਆਂ ਤਰੀਕਾਂ ਦਾ ਐਲਾਨ ਵੀ ਕੀਤਾ ਜਾਵੇਗਾ । ਆਗੂਆਂ ਆਖਿਆ ਕਿ ਮੰਤਰੀਆਂ ਦੇ ਘਰਾਂ ਦੇ ਘਿਰਾਓ ਦੌਰਾਨ ਚੇਤਾਵਨੀ ਪੱਤਰ ਦਿੱਤੇ ਜਾਣਗੇ ,ਇਹ ਚੇਤਾਵਨੀ ਪੱਤਰ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ 17 ਜੁਲਾਈ ਨੂੰ ਮੋਹਾਲੀ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਦੇ ਸੰਦਰਭ ਵਿੱਚ ਹੋਣਗੇ। ਆਗੂਆਂ ਨੇ ਕਿਹਾ ਕਿ ਇਹ ਰੈਲੀ 18% ਮਹਿੰਗਾਈ ਭੱਤਾ ਜਾਰੀ ਕਰਾਉਣ, ਪੈਨਸ਼ਨਰਾਂ ਤੇ 2.59 ਗੁਣਾਂਕ ਲਾਗੂ ਕਰਾਉਣ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਾਉਣ ਅਤੇ ਮਾਣ ਭੱਤਾ/ ਇਨਸੈਂਟਿਵ ਮੁਲਾਜ਼ਮਾ ਤੇ ਘੱਟੋ ਘੱਟ ਤਨਖਾਹ ਸਕੇਲ ਲਾਗੂ ਕਰਾਉਣ, ਪ੍ਰੋਬੇਸ਼ਨਲ ਪੀਰੀਅਡ ਪੂਰੀ ਤਨਖਾਹ ਸਮੇਤ ਇਕ ਸਾਲ ਕਰਵਾਉਣ, ਕੇਂਦਰੀ ਤਨਖਾਹ ਸਕੇਲ ਰੱਦ ਕਰਕੇ ਪੰਜਾਬ ਸਕੇਲ ਲਾਗੂ ਕਰਵਾਉਣ, ਬੰਦ ਕੀਤੇ ਭੱਤੇ ਸੋਧ ਕੇ ਬਹਾਲ ਕਰਾਉਣ, ਅਤੇ 200 ਰੁਪਏ ਜਜ਼ੀਆ ਟੈਕਸ ਖਤਮ ਕਰਵਾਉਣ ਲਈ ਕੀਤੀ ਜਾ ਰਹੀ ਹੈ।
ਅੱਜ ਦੀ ਮੀਟਿੰਗ ਦੌਰਾਨ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਸਰਕਾਰ ਵੱਲੋਂ ਮਿਤੀ 17 ਜੁਲਾਈ ਦੀ ਮਹਾਂ ਰੈਲੀ ਤੱਕ ਕੋਈ ਸਬਕ ਨਾ ਸਿੱਖਿਆ ਤਾਂ ਇਸੇ ਰੈਲੀ ਦੌਰਾਨ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਜਾਵੇਗਾ। ਅੱਜ ਦੀ ਇਹ ਮੀਟਿੰਗ ਜੋ ਕਨਵੈਂਸ਼ਨ ਦਾ ਰੂਪ ਧਾਰਨ ਕਰ ਗਈ, ਇਸ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੇ ਪ੍ਰਮੁੱਖ ਆਗੂਆਂ ਨੇ ਸੰਬੋਧਨ ਕੀਤਾ।












